You are here

ਲੋਕ ਇਨਸਾਫ ਪਾਰਟੀ ਆਗੂ ਗਿਆਸਪੁਰਾ ਤੇ ਹੋਰ ਵਰਕਰਾਂ 'ਤੇ ਮਾਮਲਾ ਦਰਜ 

ਪੁਲਿਸ ’ਤੇ ਹਮਲਾ ਤੇ ਸਰਕਾਰੀ ਡਿਊਟੀ ’ਚ ਵਿਘਨ ਪਾੳਣ ਦੇ ਦੋਸ਼

ਪਾਇਲ, ਸਤੰਬਰ 2020 -(ਸੱਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)- ਐਤਵਾਰ ਨੂੰ ਪਾਇਲ ਥਾਣੇ ’ਚ ਵਾਪਰੀ ਲਾਠੀਚਾਰਜ ਦੀ ਘਟਨਾ ਦੇ ਮਾਮਲੇ ’ਚ ਪੁਲਿਸ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਹਲਕਾ ਲੋਕ ਸਭਾ ਇੰਚਾਰਜ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ, ਹਲਕਾ ਖੰਨਾ ਦੇ ਪ੍ਰਧਾਨ ਸਰਬਜੀਤ ਸਿੰਘ ਕੰਗ ਤੇ ਹੋਰ ਵਰਕਰਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਕੋਵਿਡ-19 ਦੌਰਾਨ ਬਿਨਾਂ ਮਨਜ਼ੂਰੀ ਧਰਨਾ ਲਗਾਉਣ, ਪੁਲਿਸ ’ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰਨ, ਸਰਕਾਰੀ ਡਿਊਟੀ ’ਚ ਵਿਘਨ ਪਾਉਣ ਤੇ ਧਰਨਾਕਾਰੀਆਂ ਨੂੰ ਭੜਕਾ ਕੇ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਅਧੀਨ ਦਰਜ ਕੀਤਾ ਗਿਆ ਹੈ। ਥਾਣਾ ਮਲੌਦ ਦੇ ਐੱਸਐੱਚਓ ਕਰਨੈਲ ਸਿੰਘ ਨੇ ਦੱਸਿਆ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ 20 ਸਤੰਬਰ ਨੂੰ ਕਰੀਬ ਸ਼ਾਮ 6 ਵਜੇ ਥਾਣਾ ਪਾਇਲ ਹਾਜ਼ਰ ਹੋਇਆ ਤਾਂ ਲੋਕ ਇਨਸਾਫ ਪਾਰਟੀ ਵਲੋਂ ਥਾਣਾ ਪਾਇਲ ਦੇ ਮੇਨ ਗੇਟ ਅੰਦਰ ਮਨਵਿੰਦਰ ਸਿੰਘ ਗਿਆਸਪੁਰਾ, ਸਰਬਜੀਤ ਸਿੰਘ ਕੰਗ, ਦਰਸ਼ਨ ਸਿੰਘ, ਭੂਸ਼ਨ ਕੁਮਾਰ, ਜਗਤਾਰ ਸਿੰਘ ਵਾਸੀ ਪਾਇਲ, ਜੁਗਰਾਜ ਸਿੰਘ, ਹਰਜੀਤ ਸਿੰਘ, ਮਜੀਦਾ ਪਤਨੀ ਕੇਸਰ ਮੁਹੰਮਦ, ਬੱਬੂ ਵਾਸੀ ਮਕਸੂਦੜ੍ਹਾ, ਪਾਲ ਸਿੰਘ, ਬਲਵੀਰ ਸਿੰਘ ਤੇ ਬੱਗਾ ਸਿੰਘ ਵਾਸੀ ਬਿਲਾਸਪੁਰ ਤੋਂ ਇਲਾਵਾ 19, 20 ਵਿਅਕਤੀ ਧਰਨਾ ਲਾਈ ਬੈਠੇ ਸਨ। ਉਸੇ ਵਕਤ ਮਸਲੇ ਨੂੰ ਨਜਿੱਠਣ ਲਈ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਬੁਲਾ ਕੇ ਧਰਨੇ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਗੱਲ ਕਰਨ ਦੀ ਬਜਾਏ ਤਹਿਸ਼ ’ਚ ਆ ਕੇ ਥਾਣਾ ਮੁਖੀ ਪਾਇਲ ਨੂੰ ਧੱਕਾ ਮਾਰਿਆ ਤੇ ਮੇਜ਼ ’ਤੇ ਪਏ ਕਾਗਜ਼ ਖਿਲਾਰ ਦਿੱਤੇ, ਜਿਸ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਹ ਭੱਜਿਆ ਜਾਂਦਾ ਪਹਿਰੇ ’ਤੇ ਖੜ੍ਹੇ ਸੰਤਰੀ ’ਚ ਲੱਗਿਆ ਜਿਸ ਕਾਰਨ ਉਸ ਦੀ ਪੱਗ ਲੱਥ ਗਈ। ਉਨ੍ਹਾਂ ਦੱਸਿਆ ਕਿ ਭੱਜੇ ਜਾਂਦੇ ਗਿਆਸਪੁਰਾ ਨੇ ਧਰਨਾਕਾਰੀਆਂ ਨੂੰ ਭੜਕਾ ਦਿੱਤਾ ਜਿਸ ਕਾਰਨ ਸਰਬਜੀਤ ਸਿੰਘ ਕੰਗ, ਜੁਗਰਾਜ ਸਿੰਘ, ਹਰਜੀਤ ਸਿੰਘ, ਬੱਬੂ, ਦਰਸ਼ਨ ਸਿੰਘ, ਬਲਵੀਰ ਸਿੰਘ ਸਮੇਤ 20/25 ਵਿਅਕਤੀਆਂ ਨੇ ਪੁਲਿਸ ਮੁਲਾਜ਼ਮਾਂ ’ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਕਈ ਮੁਲਾਜ਼ਮ ਫੱਟੜ ਹੋ ਗਏ। ਬਿਆਨਕਰਤਾ ਕਰਨੈਲ ਸਿੰਘ ਨੇ ਕਿਹਾ ਜਦੋਂ ਪੁਲਿਸ ਮੁਲਾਜ਼ਮ ਥਾਣਾ ਪਾਇਲ ਦਾ ਗੇਟ ਬੰਦ ਕਰਨ ਲੱਗੀ ਤਾਂ ਸਰਬਜੀਤ ਸਿੰਘ ਕੰਗ ਤੇ ਜੁਗਰਾਜ ਸਿੰਘ ਨੇ ਹੱਥੋਪਾਈ ਕਰਦਿਆਂ ਉਸ ਦੇ ਕੱਪੜੇ ਪਾੜ ਦਿੱਤੇ। ਉਸ ਵਕਤ ਪੁਲਿਸ ਨੂੰ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਯੋਗ ਕਾਰਵਾਈ ਕਰਨੀ ਪਈ। ਬਲਵੀਰ ਸਿੰਘ ਨੂੰ ਪੁਲਿਸ ਨਾਲ ਹੱਥੋਪਾਈ ਕਰਨ ’ਤੇ ਮੁਲਾਜ਼ਮਾਂ ਨੇ ਕਾਬੂ ਕਰ ਲਿਆ। ਗਿਆਸਪੁਰਾ ਥਾਣੇ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ, ਮੁਲਾਜਮਾਂ ਨੂੰ ਗਾਲੀ ਗਲੋਚ ਕਰਦਾ ਹੋਇਆ ਸੱਟਾਂ ਮਾਰਕੇ ਧਰਨਾਂਕਾਰੀਆਂ ਨਾਲ ਭੱਜ ਗਿਆ। ਥਾਣਾ ਪਾਇਲ ਦੇ ਮੁੱਖ ਅਫਸਰ ਜਸਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਾਨੂੰਂਨ ਦੀ ਉਲੰਘਣਾ ਕਰਨ ਵਾਲੇ ਲੋਕ ਇਨਸਾਫ਼ ਪਾਰਟੀ ਦੇ ਵਿਅਕਤੀਆਂ ਵਿਰੁੱਧ ਥਾਣਾ ਪਾਇਲ ਅੰਦਰ ਧਾਰਾ 353, 188, 186, 332, 334, 506, 148, 149, 269, 51, 3 ਤਹਿਤ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।