You are here

ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਖੁੱਲ੍ਹਾ ਪੱਤਰ

 

ਅੰਮਿ੍ਤਸਰ, ਸਤੰਬਰ 2020 -(ਜਸਮੇਲ਼ ਗਾਲਿਬ/ਮਨਜਿੰਦਰ ਗਿੱਲ)- ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਖੁੱਲ੍ਹਾ ਪੱਤਰ ਲਿਖਿਆ ਹੈ। ਉਨ੍ਹਾਂ ਨੇ ਇਸ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਕਾਰਜਕਾਰਨੀ ਨੂੰ ਲਿਖਿਆ ਕਿ ਉਹ ਉਸ ਸੰਸਥਾ ਦੇ ਜ਼ਿੰਮੇਵਾਰ ਹਨ, ਜਿਸ ਦੀਆਂ ਜੜ੍ਹਾਂ ਅੰਦਰ ਉਨ੍ਹਾਂ ਕੌਮ ਪ੍ਰਸਤ ਗੁਰਸਿੱਖਾਂ ਦਾ ਖ਼ੂਨ ਹੈ, ਜੋ ਬ੍ਰਾਹਮਣਵਾਦੀ ਸੋਚ ਦੇ ਸਮੱਰਥਕ ਮਹੰਤਾਂ ਨੂੰ ਗੁਰੂ ਘਰ ਵਿਚੋਂ ਕੱਢਣ ਲਈ ਸ਼ਹਾਦਤਾਂ ਦਾ ਜਾਮ ਪੀ ਗਏ। ਸਭ ਜਾਣਦੇ ਹਨ ਕਿ ਸੰਨ 1920 ਤੋਂ ਕਿਹੜੇ ਹਾਲਾਤ 'ਚ ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਵਜੋਂ ਕੰਮ ਕੀਤਾ। ਸੰਨ 1984 ਤੋਂ ਬਾਅਦ ਅਖੌਤੀ ਸਰਬੱਤ ਖ਼ਾਲਸਾ ਜੋ ਸੰਪਰਦਾਈ ਸਰਪ੍ਰਸਤੀ ਹੇਠ ਹੁੰਦਾ ਹੈ, ਉਹ ਸ਼੍ਰੋਮਣੀ ਕਮੇਟੀ ਨੂੰ ਖ਼ਤਮ ਕਰਨ ਦਾ ਮਤਾ ਪਾਉਂਦਾ ਹੈ। 1984 ਤੋਂ ਬਾਅਦ ਸ਼੍ਰੋਮਣੀ ਕਮੇਟੀ ਆਪਣੀ ਕੌਮੀ ਹਸਤੀ ਨੂੰ ਸੰਭਾਲਣ ਤੋਂ ਪਿੱਛੇ ਹੱਟ ਕੇ ਆਗੂਆਂ ਦੀ ਧੜ੍ਹੇਬੰਦੀ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦੀ ਹੈ। ਅੱਗੇ ਜਾ ਕੇ ਕੀ-ਕੀ ਤੇ ਕਿਵੇਂ ਇਸ ਦੇ ਪ੍ਰਬੰਧਕੀ ਢਾਂਚੇ ਅੰਦਰ ਗਿਰਾਵਟ ਆਉਂਦੀ ਹੈ, ਇਸ ਬਾਰੇ ਪ੍ਰਧਾਨ ਤੇ ਕਾਰਜਕਾਰਨੀ ਕੋਲ ਵੱਧ ਜਾਣਕਾਰੀ ਹੈ। ਉਨ੍ਹਾਂ ਲਿਖਿਆ ਕਿ ਜਦੋਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਇਕ ਅਕਾਲੀ ਧੜ੍ਹਾ ਸਿਧਾਂਤ ਤੇ ਮਰਿਆਦਾ ਤੋਂ ਬੇਮੁੱਖ ਹੋ ਕੇ ਕਾਬਜ਼ ਹੋਇਆ ਹੈ, ਉਸ ਸਮੇਂ ਤੋਂ ਇਸ ਦਾ ਪ੍ਰਬੰਧਕੀ ਮਿਆਰ ਅਤੇ ਤਖ਼ਤ ਸਾਹਿਬਾਨ ਦਾ ਮਾਣ ਸਨਮਾਨ ਦਾਅ 'ਤੇ ਲੱਗਾ ਹੋਇਆ ਹੈ। ਸੰਤ ਸਮਾਜ ਦੀ ਭਾਈਵਾਲੀ ਨਾਲ ਹੋਂਦ ਵਿਚ ਆਈ ਮੌਜੂਦਾ ਨੁਮਾਇੰਦਾ ਜਮਾਤ ਮੌਕੇ ਤਾਂ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਨੂੰ ਚੁਣੌਤੀ ਦੇਣ ਦੀਆਂ ਘਟਨਾਵਾਂ ਦਾ ਹੜ੍ਹ ਹੀ ਆਇਆ ਹੋਇਆ ਹੈ। ਇਹ ਬੜਾ ਗੰਭੀਰ ਵਿਸ਼ਾ ਹੈ। ਦੁੱਖ ਇਹ ਹੈ ਕਿ ਗੌਰ ਕੌਣ ਕਰੇ? ਜਿਹੜੀ ਸੰਸਥਾ ਸਿੱਖ ਕੌਮ ਨੇ ਆਪਣੇ ਕੌਮੀ ਜਾਹੋ ਜਲਾਲ ਲਈ ਖੜ੍ਹੀ ਕੀਤੀ ਸੀ ਉਸ ਦੇ ਵਾਰਸ ਅੱਜ ਸੰਸਥਾ ਨੂੰ ਨਮੋਸ਼ੀ ਦੀ ਸਥਿਤੀ ਵਿਚ ਧੱਕ ਚੁੱਕੇ ਹਨ। ਉਨ੍ਹਾਂ ਪੁੱਛਿਆ ਕਿ ਸੰਸਥਾ ਦੇ ਸੇਵਾਦਾਰ ਜੀਓ! ਖ਼ੁਦ ਸੋਚੋ ਕਿਉਂ ਆਈ ਹੈ ਗਿਰਾਵਟ? ਕਿਉਂ ਹੋ ਗਈ ਇਸ ਸੰਸਥਾ ਦੀ ਬਦਨਾਮੀ? ਕੀ ਇਕੱਲੇ ਮੁਲਾਜ਼ਮ ਗੁਨਾਹਗਾਰ ਹਨ? ਕੀ ਉਨ੍ਹਾਂ ਦੇ ਗੁਨਾਹਾਂ ਦਾ ਅੱਜ ਹੀ ਪਤਾ ਲੱਗਾ ਹੈ? ਗੁਨਾਹਗਾਰਾਂ ਦੀ ਪੁਸ਼ਤਪਨਾਹੀ ਕਿਨ੍ਹਾਂ ਨੇ ਕੀਤੀ ਹੈ? ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਹਰ ਸਾਲ ਨਾਮਜ਼ਦ ਹੁੰਦੀ ਹੈ। ਕੀ ਇਹ ਕਾਰਜਕਾਰਨੀ ਸੁੱਤੀ ਰਹਿੰਦੀ ਹੈ? ਕੀ ਮੁਲਾਜ਼ਮਾਂ ਦੇ ਨਾਲ-ਨਾਲ ਕਾਰਜਕਾਰਨੀ ਗੁਨਾਹਗਾਰ ਨਹੀਂ, ਜਿਸ ਨੇ ਆਪਣੇ ਪ੍ਰਬੰਧ ਦੀਆਂ ਖ਼ਾਮੀਆਂ ਨੂੰ ਨਾ ਲੱਭਿਆ ਤੇ ਨਾ ਸੁਧਾਰਿਆ? ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਸਰੂਪ ਵਿਦੇਸ਼ ਭੇਜਣ, ਛਾਪਣ ਅਤੇ ਅੱਗੇ ਸਿੱਖ ਸੰਗਤ ਤਕ ਦੇਣ ਵਾਲੀ ਵਿਧੀ ਨੂੰ ਕੌਣ ਵਿਗਾੜ ਗਿਆ? ਕੌਣ ਦੱਸੇਗਾ? ਛਪਾਈ ਕਾਗਜ਼ ਕਿੰਨਾ ਆਇਆ ਤੇ ਕਿੰਨਾ ਹੇਰ-ਫੇਰ ਹੋ ਗਿਆ? ਸੰਸਥਾ ਸਿਰ ਕਰੋੜਾਂ ਦੇ ਭਾਰ, ਵੱਡੇ-ਵੱਡੇ ਸੀਏ ਦੱਸ ਨਾ ਸਕੇ ਕਿ ਕਿੱਥੇ ਗੜਬੜ ਹੈ। ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਸਰੂਪ ਬਿਜਲੀ ਜਾਂ ਕਿਸੇ ਵੀ ਕਾਰਨ ਨੁਕਸਾਨੇ ਜਾਂਦੇ ਹਨ ਤਾਂ ਕੌਮ ਤੋਂ ਓਹਲਾ ਕਿਉਂ ਰੱਖਿਆ ਗਿਆ? 328 ਸਰੂਪ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਬਾਰੇ ਆਈ ਪੜਤਾਲ ਉਪਰੰਤ 27 ਅਗਸਤ ਦੀ ਕਾਰਜਕਾਰਨੀ ਦਾ ਫ਼ੈਸਲਾ 5 ਸਤੰਬਰ ਨੂੰ ਰੱਦ ਕੀਤੇ ਜਾਣ ਨਾਲ ਜੋ ਨੁਕਸਾਨ ਸਿਰਮੌਰ ਸੰਸਥਾ ਦਾ ਹੋਇਆ ਹੈ, ਉਸ ਦੀ ਗੁਨਾਹਗਾਰ ਕਾਰਜਕਾਰਨੀ ਹੈ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਕਾਰਗੁਜ਼ਾਰੀ ਖ਼ਿਲਾਫ਼ ਰੋਸ ਮੁਜ਼ਾਹਰੇ ਹੋ ਰਹੇ ਹਨ। ਸੰਸਥਾ ਵੱਲੋਂ ਸਿੱਖ ਜਥੇਬੰਦੀਆਂ ਨਾਲ ਤਕਰਾਰ ਦਾ ਮਾਹੌਲ ਖੜ੍ਹਾ ਕਰ ਲਿਆ ਗਿਆ ਹੈ। ਸੰਸਾਰ ਭਰ ਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਜਾ ਰਹੇ ਹਨ।