ਹਰੇ-ਭਰੇ ਰੁੱਖਾਂ ਬਾਰੇ ਸ਼ਿਵ ਕੁਮਾਰ ਬਟਾਲਵੀ ਦੀਆਂ ਕਾਵਿ ਸਤਰਾਂ ''ਜੇ ਤੁਸਾਂ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿਚ ਗਾਵਾਂ, ਰੁੱਖ ਤਾਂ ਮੇਰੀ ਮਾਂ ਵਰਗੇ ਨੇ, ਜਿਊਣ ਰੁੱਖਾਂ ਦੀਆਂ ਛਾਵਾਂ'' ਹਰ ਇਨਸਾਨ ਨੂੰ ਹੱਲਾਸ਼ੇਰੀ ਦਿੰਦੀਆਂ ਹਨ। ਰੁੱਖਾਂ ਦੀ ਸੰਭਾਲ ਬਾਰੇ ਸਮਾਜ 'ਚ ਜਾਗਰੂਕਤਾ ਵਧੀ ਹੈ ਅਤੇ ਸਰਕਾਰੀ, ਗ਼ੈਰ ਸਰਕਾਰੀ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਰੁੱਖ ਲਗਾਉਣ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਬੂਟਿਆਂ ਦੀ ਸੰਭਾਲ ਲਈ ਮੁਹਿੰਮ
ਰੁੱਖ ਲਗਾਉਣ ਦੀਆਂ ਕਈ ਮੁਹਿੰਮਾਂ ਰੁੱਖ ਲਗਾ ਕੇ ਫੋਟੋ ਖਿਚਵਾਉਣ ਤਕ ਸੀਮਿਤ ਹੋ ਜਾਂਦੀਆਂ ਹਨ। ਅੱਜ ਇਕ ਹੋਰ ਮੁਹਿੰਮ ਜ਼ੋਰ ਫੜ ਰਹੀ ਹੈ, ਉਹ ਹੈ ਰੁੱਖ ਲਗਾਉਣ ਉਪਰੰਤ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ। ਰੁੱਖ ਲਗਾਉਣਾ ਜਿੰਨਾ ਸੌਖਾ ਹੈ, ਓਨਾਂ ਹੀ ਔਖਾ ਹੈ ਰੁੱਖ ਨੂੰ ਕਾਮਯਾਬੀ ਨਾਲ ਪ੍ਰਵਾਨ ਚੜ੍ਹਾਉਣਾ। ਲੋਕ ਆਪਣੇ ਜਨਮ ਦਿਨ ਜਾਂ ਖ਼ੁਸ਼ੀ ਦੇ ਹੋਰ ਮੌਕਿਆਂ 'ਤੇ ਰੁੱਖ ਲਗਾ ਰਹੇ ਹਨ, ਉਨ੍ਹਾਂ ਨੂੰ ਪਾਲਣ ਦਾ ਰੁਝਾਨ ਵੀ ਵੱਧ ਰਿਹਾ ਹੈ। ਜੰਗਲਾਤ ਵਿਭਾਗ ਵੱਲੋਂ ਹਰ ਸਾਲ ਲੱਖਾਂ ਬੂਟੇ ਤਿਆਰ ਕੀਤੇ ਜਾਂਦੇ ਹਨ। ਵਿਭਾਗ ਵੱਲੋਂ ਛੋਟੇ ਬੂਟਿਆਂ ਨੂੰ ਕਾਮਯਾਬੀ ਨਾਲ ਪ੍ਰਵਾਨ ਚੜ੍ਹਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜੰਗਲਾਤ ਵਿਭਾਗ ਵੱਲੋਂ ਰੁੱਖਾਂ ਦੀ ਪਰਵਰਿਸ਼ ਲਈ ਆਮ ਲੋਕਾਂ ਤਕ ਸੁਨੇਹਾ ਪਹੁੰਚਾਉਣ ਦਾ ਖ਼ਾਸ ਦੌਰ ਚਲਾਇਆ ਜਾਂਦਾ ਹੈ। ਵਿਭਾਗ ਦੀ ਰੁੱਖਾਂ ਨੂੰ ਬਚਾਉਣ ਦੀ ਖ਼ਾਸ ਸਕੀਮ ਅਧੀਨ 'ਵਣ ਮਿੱਤਰਾ' ਰਾਹੀਂ ਜਾਗਰੂਕਤਾ ਫ਼ੈਲਾਉਣ ਲਈ ਕਾਫ਼ੀ ਉਪਰਾਲੇ ਕੀਤੇ ਗਏ ਹਨ। ਕਈ ਵਾਰ ਤਕਨੀਕੀ ਢੰਗ ਨਾਲ ਬੂਟੇ ਨਾ ਲਗਾਏ ਜਾਣ ਕਾਰਨ ਵੀ ਇਹ ਰੁੱਖ ਬਣਨ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਇਸ ਦੇ ਲਈ ਕੁਝ ਅਹਿਮ ਨੁਕਤੇ ਧਿਆਨ 'ਚ ਰੱਖਣੇ ਦੀ ਲੋੜ ਹੈ।
ਪਾਣੀ ਦਾ ਪ੍ਰਬੰਧ
ਸਦਾਬਹਾਰ ਬੂਟਿਆਂ ਨੂੰ ਮੌਸਮ ਅਨੁਸਾਰ ਸ਼ੁਰੂਆਤੀ ਦਿਨਾਂ 'ਚ ਸ਼ਾਮ ਵੇਲੇ ਰੋਜ਼ਾਨਾ ਪਾਣੀ ਦੇਣਾ ਜ਼ਰੂਰੀ ਹੈ। ਜ਼ਿਆਦਾ ਗਰਮੀ ਹੋਵੇ ਤਾਂ ਦੋ ਵਾਰ ਪਾਣੀ ਦੇਵੋ। ਪਹਿਲੇ ਦੋ ਸਾਲ ਬੂਟੇ ਦੀ ਸਿੰਜਾਈ ਵੱਲ ਖ਼ਾਸ ਧਿਆਨ ਦੇਵੋ। ਬਾਅਦ ਵਿਚ ਜਦੋਂ ਬੂਟੇ ਦੀਆਂ ਜੜ੍ਹਾਂ ਵੱਧ ਜਾਂਦੀਆਂ ਹਨ ਤਾਂ ਬੂਟਿਆਂ ਦੀ ਪਾਣੀ ਦੀ ਜ਼ਰੂਰਤ ਕਾਫ਼ੀ ਘਟ ਜਾਂਦੀ ਹੈ। ਪੱਤਝੜੀ ਬੂਟੇ ਲਗਾਉਣ ਉਪਰੰਤ ਜਦੋਂ ਪੱਤੇ ਨਿਕਲਣੇ ਸ਼ੁਰੂ ਹੋਣ ਤਾਂ ਪਾਣੀ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ। ਜ਼ਿਆਦਾਤਰ ਲੋਕ ਸਮਝਦੇ ਹਨ ਕਿ ਬੂਟਾ ਲਗਾਉਣ ਤੋਂ ਬਾਅਦ ਉਸ ਦੀਆਂ ਜੜ੍ਹਾਂ ਹਮੇਸ਼ਾ ਪਾਣੀ ਨਾਲ ਗੱਚ ਰਹਿਣੀਆਂ ਚਾਹੀਦੀਆਂ ਹਨ ਪਰ ਇਸ ਨਾਲ ਜੜ੍ਹਾਂ ਨੂੰ ਲੋੜੀਂਦੀ ਆਕਸੀਜਨ ਨਹੀ ਮਿਲਦੀ ਤੇ ਬੂਟਾ ਮਰ ਜਾਂਦਾ ਹੈ। ਇਸ ਲਈ ਪਾਣੀ ਦੇਣ ਤੋਂ ਪਹਿਲਾਂ ਬੂਟੇ ਦਾ ਦੌਰ ਸੁੱਕਣ ਦੇਣਾ ਚਹੀਦਾ ਹੈ ਤੇ ਅਗਲਾ ਪਾਣੀ ਦੇਣਾ ਚਾਹੀਦਾ ਹੈ।
ਮਿੱਟੀ ਦਾ ਪ੍ਰਬੰਧ
ਬੂਟੇ ਦੇ ਦੁਆਲੇ ਦੌਰ ਬਣਾਉਂਦੇ ਹੋਏ ਧਿਆਨ ਰੱਖੋ ਕਿ ਕੋਈ ਨਦੀਨ ਜਾਂ ਘਾਹ ਫੂਸ ਉਸ ਦੌਰ ਵਿਚ ਨਾ ਉੱਗੇ। ਇਸ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ। ਬੂਟੇ ਦੇ ਦੁਆਲੇ ਜੇ ਪਰਾਲੀ ਜਾਂ ਘਾਹ-ਫੂਸ ਦੀ ਮਲਚਿੰਗ ਕਰ ਦਿੱਤੀ ਜਾਵੇ ਤਾਂ ਇਸ ਨਾਲ ਪਾਣੀ ਦੀ ਕਾਫ਼ੀ ਬੱਚਤ ਹੁੰਦੀ ਹੈ ਅਤੇ ਨਦੀਨਾਂ ਦਾ ਹਮਲਾ ਵੀ ਘੱਟ ਹੁੰਦਾ ਹੈ। ਕਈ ਵਾਰੀ ਮਲਚਿੰਗ ਕਾਰਨ ਚੂਹੇ ਵੱਧ ਜਾਂਦੇ ਹਨ ਇਸ ਲਈ ਬੂਟਾ ਲਗਾਉਣ ਤੋਂ ਇਕ ਮਹੀਨੇ ਬਾਅਦ ਹੀ ਮਲਚਿੰਗ ਕਰਨੀ ਲਾਹੇਵੰਦ ਸਿੱਧ ਹੁੰਦੀ ਹੈ। ਮਲਚਿੰਗ ਲਈ ਵਰਤੀ ਜਾਣ ਵਾਲੀ ਪਰਾਲੀ ਆਦਿ ਨੂੰ ਬੂਟੇ ਦੇ ਤਣੇ ਤੋਂ 1-2 ਇੰਚ ਦੂਰ ਰੱਖੋ।
ਮੌਸਮ ਦੀ ਵਾਧ-ਘਾਟ ਤੋਂ ਬਚਾਅ
ਬਹੁਤ ਜ਼ਿਆਦਾ ਗਰਮੀ ਅਤੇ ਕੜਾਕੇ ਦੀ ਠੰਢ ਛੋਟੇ ਬੂਟਿਆਂ ਲਈ ਘਾਤਕ ਸਿੱਧ ਹੁੰਦੀ ਹੈ। ਗਰਮੀ ਤੋਂ ਬਚਾਅ ਲਈ ਬੂਟੇ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਅਤੇ ਸਰਦੀ ਦੇ ਮੌਸਮ ਵਿਚ ਕੋਰ੍ਹੇ ਤੋਂ ਬਚਾਅ ਲਈ ਛੋਟੇ ਬੂਟਿਆਂ ਨੂੰ ਪਰਾਲੀ ਦਾ ਛੌਰਾ ਜ਼ਰੂਰ ਕਰੋ। ਭਰ ਸਰਦੀ ਵਿਚ ਬੂਟਿਆਂ ਨੂੰ ਹਲਕਾ ਪਾਣੀ ਲਗਾਉਣਾ ਵੀ ਫ਼ਾਇਦੇਮੰਦ ਹੁੰਦਾ ਹੈ।
ਕੀਟਾਂ ਤੇ ਬਿਮਾਰੀਆਂ ਤੋਂ ਬਚਾਅ
ਸ਼ੂਰੁਆਤੀ ਦੌਰ 'ਚ ਬੂਟਿਆਂ ਉੱਪਰ ਕੀੜਿਆਂ ਤੇ ਬਿਮਾਰੀਆਂ ਦਾ ਹਮਲਾ ਹੋ ਸਕਦਾ ਹੈ। ਇਸ ਲਈ ਲਗਾਤਾਰ ਬੂਟਿਆਂ ਦਾ ਨਰੀਖਣ ਕਰਦੇ ਰਹੋ। ਹਲਕੀਆਂ ਜ਼ਮੀਨਾਂ 'ਚ ਸਿਉਂਕ ਦੀ ਸਮੱਸਿਆ ਆ ਸਕਦੀ ਹੈ। ਇਸ ਤੋਂ ਬਾਚਾਅ ਲਈ ਬੂਟੇ ਦੇ 'ਦੌਰ' ਵਿਚ 5 ਮਿਲੀਲਿਟਰ ਕਲੋਰੋਪਾਈਰੀਫਾਸ ਦਵਾਈ ਨੂੰ ਦੋ ਕਿੱਲੋ ਰੇਤਾ ਜਾਂ ਮਿੱਟੀ 'ਚ ਮਿਲਾ ਕੇ ਪਾਓ ਅਤੇ ਉਪਰੰਤ ਪਾਣੀ ਲਗਾ ਦੇਵੋ।
ਨਵੇਂ ਲਗਾਏ ਬੂਟੇ ਦੀ ਸ਼ੁਰੂਆਤੀ ਸੰਭਾਲ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਅਸੀਂ ਇਸ ਵੱਲ ਕਿੰਨਾ ਧਿਆਨ ਦਿੰਦੇ ਹਾਂ। ਬੂਟਾ ਸਹੀ ਥਾਂ ਅਤੇ ਸਹੀ ਸਮੇਂ 'ਤੇ ਲਗਾਇਆ ਜਾਣਾ ਵੀ ਬੜਾ ਜ਼ਰੂਰੀ ਹੈ। ਅਵਾਰਾ ਪਸ਼ੂਆਂ ਤੋਂ ਬੂਟਿਆਂ ਦੇ ਬਚਾਅ ਲਈ ਉਪਰਾਲਾ ਕੀਤਾ ਜਾਣਾ ਵੀ ਬੇਹੱਦ ਜ਼ਰੂਰੀ ਹੈ। ਇਸ ਮਕਸਦ ਲਈ ਟ੍ਰੀ ਗਾਰਡ ਦੀ ਵਰਤੋਂ ਕੀਤੀ ਜਾ ਸਕਦੀ ਹੈ। ਲਗਾਏ ਹੋਏ ਰੁੱਖਾਂ ਦੀ ਸਾਂਭ-ਸੰਭਾਲ ਕਰਦਿਆਂ ਅਕਸਰ ਸ਼ਿਵ ਕੁਮਾਰ ਬਟਾਲਵੀ ਦੀਆਂ ਸਤਰਾਂ ਚੇਤੇ ਆ ਜਾਂਦੀਆਂ ਹਨ, 'ਸਾਵੀਂ ਬੋਲੀ ਸਭ ਰੁੱਖਾਂ ਦੀ,।ਦਿਲ ਕਰਦਾ ਲਿਖ ਜਾਵਾਂ। ਮੇਰਾ ਵੀ ਇਹ ਦਿਲ ਕਰਦਾ ਏ ਰੁੱਖ ਦੀ ਜੂਨੇ ਆਵਾਂ।''
ਬੂਟੇ ਨੂੰ ਜ਼ਮੀਨ 'ਚ ਲਗਾਉਣਾ
ਜ਼ਮੀਨ 'ਚ ਬੂਟਾ ਲਗਾਉਣ ਲਈ ਬੂਟੇ ਦੀ ਗਾਚੀ ਅਨੁਸਾਰ ਹੀ ਟੋਆ ਪੁੱਟਣਾ ਚਾਹੀਦਾ ਹੈ। ਬੂਟੇ ਦੀ ਗਾਚੀ ਤੋਂ 2-3 ਗੁਣਾ ਵੱਡਾ ਟੋਆ ਪੁੱਟ ਕੇ ਉਸ ਵਿਚ ਚੰਗੀ ਗਲੀ ਸੜੀ ਰੂੜੀ ਦੀ ਖਾਦ ਪਾਉ। ਉਪਰੰਤ ਗਾਚੀ ਦੁਆਲਿਓਂ ਪੋਲੀਥੀਨ ਦਾ ਲਿਫਾਫਾ ਜਾਂ ਕੰਟੇਨਰ ਵੱਖ ਕਰ ਕੇ ਬੂਟੇ ਨੂੰ ਜ਼ਮੀਨ ਵਿਚ ਸਿੱਧਾ ਗੱਡਣਾ ਚਾਹੀਦਾ ਹੈ। ਇਸ ਉਪਰੰਤ ਮਿੱਟੀ ਤੇ ਰੂੜੀ ਦਾ ਮਿਸ਼ਰਣ ਗਾਚੀ ਦੇ ਦੁਆਲੇ ਖ਼ਾਲੀ ਥਾਂ ਵਿਚ ਪਾਉ।।ਨਵੇਂ ਲਗਾਏ ਬੂਟਿਆਂ ਨੂੰ ਪਾਣੀ ਨਾਲ ਗੱਚ ਕਰਦੇ ਹੋਏ ਇਹ ਨਿਸ਼ਚਿਤ ਕਰੋ ਕਿ ਬੂਟਾ ਤੇਜ ਹਵਾ ਨਾਲ ਡਿੱਗੇ ਨਾ। ਇਸ ਮਕਸਦ ਲਈ ਬੂਟੇ ਨੂੰ ਕਿਸੇ ਡੰਡੇ ਦਾ ਆਸਰਾ ਦਿੱਤਾ ਜਾ ਸਕਦਾ ਹੈ। ਧਿਆਨ ਰੱਖੋ ਕਿ ਕੋਈ ਵੀ ਬੂਟਾ ਜਦੋਂ ਨਵੀਂ ਥਾਂ 'ਤੇ ਲਗਾਇਆ ਜਾਵੇ ਤਾਂ ਬੂਟੇ ਦਾ 'ਦੌਰ' ਬਣਾਉਣ ਬੇਹੱਦ ਲਾਜ਼ਮੀ ਹੈ, ਜੋ ਘੱਟ ਤੋਂ ਘੱਟ ਇਕ ਫੁੱਟ ਵਿਆਸ ਦਾ ਜ਼ਰੂਰ ਹੋਵੇ। ਇਹ ਦੌਰ ਬੂਟੇ ਨੂੰ ਪਾਣੀ ਤੋਂ ਇਲਾਵਾ ਨਦੀਨਾਂ, ਕੀੜਿਆਂ ਤੇ ਬਿਮਾਰੀ ਆਦਿ ਲਈ ਲੋੜੀਂਦੀ ਦਵਾਈ ਆਦਿ ਪਾਉਣ ਲਈ ਬਣਾਇਆ ਜਾਂਦਾ ਹੈ।
ਅਮਨਜੀਤ ਸਿੰਘ ਖਹਿਰਾ