ਚੰਡੀਗੜ੍ਹ ,ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਐਲਾਨ ਕੀਤਾ ਕਿ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਭਾਵ ਕੌਮੀ ਅਰਜੁਨਾ ਐਵਾਰਡ, ਪਦਮਸ਼੍ਰੀ, ਮੇਜਰ ਧਿਆਨ ਚੰਦ, ਦਰੋਣਾਚਾਰਿਆ ਐਵਾਰਡ ਨਾਲ ਨਿਵਾਜੇ ਗਏ ਕੌਮਾਂਤਰੀ ਖਿਡਾਰੀ ਆਪਣੇ ਆਪ ਪੰਜਾਬ ਦੇ ਇਕੋ-ਇਕ ਵੱਕਾਰੀ 'ਮਹਾਰਾਜਾ ਰਣਜੀਤ ਸਿੰਘ ਪੁਰਸਕਾਰ' ਲਈ ਯੋਗ ਹੋਣਗੇ। ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਇਹ ਐਲਾਨ ਅੱਜ ਇੱਥੇ ਆਪਣੀ ਸਰਕਾਰੀ ਨਿਵਾਸ 'ਤੇ ਅਰਜੁਨਾ ਐਵਾਰਡ, ਮੇਜਰ ਧਿਆਨ ਚੰਦ ਤੇ ਤੇਨਜ਼ਿੰਗ ਨੋਰਗੇ ਐਵਾਰਡ ਜੇਤੂਆਂ ਦਾ ਸਨਮਾਨ ਕਰਦਿਆਂ ਕੀਤਾ।
ਇਸ ਮੌਕੇ ਖੇਡ ਮੰਤਰੀ ਰਾਣਾ ਸੋਢੀ ਨੇ ਜਿੱਥੇ ਇਹ ਨੈਸ਼ਨਲ ਵਕਾਰੀ ਐਵਾਰਡ ਜਿੱਤਣ ਵਾਲਿਆਂ ਦੀ ਰੱਜਵੀਂ ਸ਼ਲਾਘਾ ਕੀਤੀ ਉੱਥੇ ਨਾਲ ਹੀ ਕਿਹਾ ਕਿ ਖੇਡ ਖੇਤਰ 'ਚ ਇਨ੍ਹਾਂ ਸਾਬਕਾ ਓਲੰਪੀਅਨ ਤੇ ਕੌਮਾਂਤਰੀ ਖਿਡਾਰੀਆਂ ਵਲੋਂ ਦਰਜ ਕੀਤੀਆਂ ਬੇਮਿਸਾਲ ਪ੍ਰਰਾਪਤੀਆਂ ਰਾਜ ਦੇ ਨੌਜਵਾਨਾਂ ਖ਼ਾਸ ਕਰ ਕੇ ਗਰਾਸ ਰੂਟ 'ਤੇ ਉੱਭਰਦੇ ਯੂਥ ਖਿਡਾਰੀਆਂ ਨੂੰ ਵੀ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਤਗਮੇ ਜਿੱਤਣ ਲਈ ਰਾਹ ਦਸੇਰਾ ਸਾਬਤ ਹੋਣਗੀਆਂ।
ਇਸ ਵਿਸ਼ੇਸ਼ ਸਮਾਗਮ 'ਚ ਜਿਨ੍ਹਾਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ, ਉਨ੍ਹਾਂ 'ਚ ਕੌਮੀ ਹਾਕੀ ਟੀਮ ਦੇ ਸਟਰਾਈਕਰ ਆਕਾਸ਼ਦੀਪ ਸਿੰਘ (ਅਰਜੁਨ ਐਵਾਰਡ ਜੇਤੂ) ਤੇ ਥਰੋਅਰ ਕੁਲਦੀਪ ਸਿੰਘ ਭੁੱਲਰ, ਹਾਕੀ ਓਲੰਪੀਅਨ ਅਜੀਤ ਸਿੰਘ, ਏਸ਼ੀਆ ਸੋਨ ਤਗਮਾ ਜੇਤੂ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਾਨਾ, ਰੋਇੰਗ ਖਿਡਾਰੀ ਮਨਜੀਤ ਸਿੰਘ, ਫੁੱਟਬਾਲ ਖਿਡਾਰੀ ਤੇ ਕੌਮੀ ਟੀਮ ਦੇ ਟਰੇਨਰ ਸੁਖਵਿੰਦਰ ਸਿੰਘ ਤੇ ਓਲੰਪੀਅਨ ਮੁੱਕੇਬਾਜ਼ ਲੱਖਾ ਸਿੰਘ (ਸਾਰੇ ਮੇਜਰ ਧਿਆਨ ਚੰਦ ਐਵਾਰਡ ਜੇਤੂ) ਤੇ ਤੇਨਜ਼ਿੰਗ ਨੋਰਗੇ ਕੌਮੀ ਐਵਾਰਡ ਜੇਤੂ ਕਰਨਲ ਸਰਫ਼ਰਾਜ਼ ਸਿੰਘ ਪੁੱਤਰ (ਸਾਬਕਾ ਹਾਕੀ ਓਲੰਪੀਅਨ ਕਰਨਲ ਬਲਬੀਰ ਸਿੰਘ ਕੁਲਾਰ) ਸ਼ਾਮਲ ਹਨ। ਰਾਣਾ ਸੋਢੀ ਨੇ ਕੌਮੀ ਐਵਾਰਡ ਨਾਲ ਨਿਵਾਜੇ ਗਏ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਆਖਿਆ ਇਹ ਸਾਰੇ ਪੰਜਾਬ 'ਚ ਕੌਮੀ ਤੇ ਕੌਮਾਂਤਰੀ ਖਿਡਾਰੀ ਤਿਆਰ ਕਰਨ 'ਚ ਨੈਸ਼ਨਲ ਕੋਚਿੰਗ ਕੈਂਪਾਂ ਨਾਲ ਸਹਿਯੋਗ ਕਰਨ।
ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਲ-2018 'ਚ ਬਣਾਈ ਨਵੀਂ ਖੇਡ ਨੀਤੀ ਅਨੁਸਾਰ ਕੌਮੀ ਖੇਡ ਐਵਾਰਡ ਜੇਤੂ ਪੰਜਾਬ ਦੇ ਖਿਡਾਰੀ ਆਪਣੇ ਆਪ 'ਮਹਾਰਾਜਾ ਰਣਜੀਤ ਸਿੰਘ ਐਵਾਰਡ' ਹਾਸਲ ਕਰਨ ਦੇ ਹੱਕਦਾਰ ਹੋ ਜਾਣਗੇ। ਖੇਡ ਮੰਤਰੀ ਸ੍ਰੀ ਰਾਣਾ ਸੋਢੀ ਨੇ ਡਾਇਰੈਕਟਰ, ਸਪੋਰਟਸ ਪੰਜਾਬ ਨੂੰ ਕਿਹਾ ਕਿ ਉਹ ਖੇਡ ਨੀਤੀ 'ਚ ਜਲਦੀ ਲੋੜੀਂਦੀ ਤਬਦੀਲੀ ਯਕੀਨੀ ਬਣਾਉਣ ਲਈ ਤੁਰੰਤ ਠੋਸ ਕਦਮ ਚੁੱਕਣ। ਇਸ ਦੇ ਨਾਲ ਖੇਡ ਮੰਤਰੀ ਨੇ ਸਾਰੇ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੇ ਜ਼ਿਲਿ੍ਹਆਂ ਨਾਲ ਸਬੰਧਤ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਯੋਗ ਖਿਡਾਰੀਆਂ ਦੇ ਫ਼ਾਰਮ ਭਰਵਾ ਕੇ ਹੈੱਡਕੁਆਰਟਰ ਵਿਖੇ ਭੇਜਣ ਤਾਂ ਕਿ ਕੋਈ ਵੀ ਯੋਗ ਖਿਡਾਰੀ ਵਾਂਝਾ ਨਾ ਰਹੇ।
ਖੇਡ ਮੰਤਰੀ ਨੇ ਐਲਾਨ ਕੀਤਾ ਕਿ ਬਜ਼ੁਰਗ ਖਿਡਾਰੀਆਂ ਨੂੰ ਦਿੱਤੀ ਜਾਂਦੀ ਪੈਨਸ਼ਨ 'ਤੇ ਸਾਲਾਨਾ ਆਮਦਨ ਦੀ ਕੋਈ ਹੱਦ ਨਹੀਂ ਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੁਰਾਣੇ ਖਿਡਾਰੀ ਦੀ ਕਿੰਨੀ ਵੀ ਸਾਲਾਨਾ ਆਮਦਨ ਹੋਵੇ, ਉਹ ਪੈਨਸ਼ਨ ਦਾ ਹੱਕਦਾਰ ਬਣਿਆ ਰਹੇਗਾ। ਖੇਡ ਮੰਤਰੀ ਨੇ ਹਾਲ ਹੀ 'ਚ ਧਿਆਨ ਚੰਦ ਐਵਾਰਡ ਹਾਸਲ ਕਰਨ ਵਾਲੇ ਏਸ਼ਿਆਈ ਖੇਡਾਂ ਦੇ ਤਮਗ਼ਾ ਜੇਤੂ ਤੇ ਓਲੰਪੀਅਨ ਬਾਕਸਰ ਲੱਖਾ ਸਿੰਘ ਨੂੰ ਖੇਡ ਵਿਭਾਗ'ਚ ਨੌਕਰੀ ਦਿੱਤੀ ਜਾਵੇਗੀ, ਜਿਸ ਲਈ ਉਨ੍ਹਾਂ ਖੇਡ ਵਿਭਾਗ ਦੇ ਡਾਇਰੈਕਟਰ ਨੂੰ ਇਸੇ ਮਹੀਨੇ ਮੁੱਕੇਬਾਜ਼ੀ ਕੋਚ ਵਜੋਂ ਨੌਕਰੀ ਦੇਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਮੁੱਖ ਸਕੱਤਰ ਪਰਵਾਸੀ ਭਾਰਤੀ ਮਾਮਲੇ ਕਿਰਪਾ ਸ਼ੰਕਰ ਸਰੋਜ ਅਤੇ ਡਾਇਰੈਕਟਰ, ਸਪੋਰਟਸ, ਪੰਜਾਬ ਡੀਪੀਐੱਸ ਖਰਬੰਦਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।