ਲੁਧਿਆਣਾ,ਅਗਸਤ 2020--(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ) ਸਥਾਨਕ ਜ਼ਿਲ੍ਹੇ 'ਚ ਇਕ ਦਿਨ ਵਿਚ ਵੀਰਵਾਰ ਨੂੰ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਨਾਲ 13 ਮੌਤਾਂ ਹੋਈਆਂ ਹਨ, ਜਦਕਿ 186 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਜ਼ਿਲ੍ਹੇ ਵਿਚ 1710 ਸਰਗਰਮ ਮਰੀਜ਼ ਹਨ। ਜ਼ਿਲ੍ਹੇ 'ਚ ਕੁੱਲ 4028 ਮਰੀਜ਼ਾਂ ਨੂੰ ਪੂਰੀ ਤਰ੍ਹਾਂ ਠੀਕ ਐਲਾਨਿਆ ਗਿਆ ਹੈ। ਲੁਧਿਆਣਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦਿਨ-ਬ-ਦਿਨ ਪੈਰ ਪਸਾਰਦੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕੋਰੋਨਾ ਸਬੰਧੀ ਜਾਰੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਘਰਾਂ ਦੇ ਅੰਦਰ ਹੀ ਰਹਿਣ। ਬਿਨਾਂ ਕੰਮ ਤੋਂ ਬਾਜ਼ਾਰਾਂ ਵਿਚ ਜਾਂ ਇੱਧਰ-ਉੱਧਰ ਨਾ ਘੁੰਮਣ, ਕਿਉਂਕਿ ਇੱਧਰ-ਉੱਧਰ ਘੁੰਮਣ ਨਾਲ ਕੋਰੋਨਾ ਵਾਇਰਸ ਜਿਹੀ ਮਹਾਮਾਰੀ ਇਕ-ਦੂਜੇ ਤੋਂ ਅੱਗੇ ਤਕ ਫੈਲ ਸਕਦੀ ਹੈ, ਇਸ ਲਈ ਇਸ ਮਹਾਮਾਰੀ ਨੂੰ ਠੱਲ੍ਹ ਪਾਉਣਾ ਬਹੁਤ ਜ਼ਰੂਰੀ ਹੈ।
ਹੁਣ ਤਕ ਕੁੱਲ 77,409 ਨਮੂਨੇ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 75,162 ਨਮੂਨਿਆਂ ਦੀ ਰਿਪੋਰਟ ਪ੍ਰਰਾਪਤ ਹੋਈ ਹੈ। 68,550 ਨਮੂਨਿਆਂ ਵਿੱਚੋਂ ਨਕਾਰਾਤਮਕ ਹੈ ਅਤੇ 2247 ਨਮੂਨਿਆਂ ਦੀ ਰਿਪੋਰਟ ਵਿਚਾਰ ਅਧੀਨ ਹੈ। ਇਨ੍ਹਾਂ ਵਿੱਚ ਲੁਧਿਆਣਾ ਨਾਲ ਸਬੰਧਿਤ ਮਰੀਜ਼ਾਂ ਦੀ ਗਿਣਤੀ 5948 ਹੈ, ਜਦੋਂ ਕਿ 664 ਮਰੀਜ਼ ਹੋਰ ਜ਼ਿਲਿ੍ਹਆਂ/ਸੂਬਿਆਂ ਨਾਲ ਸਬੰਧਿਤ ਹਨ। ਹੁਣ ਤਕ ਜ਼ਿਲ੍ਹੇ 'ਚ 26972 ਵਿਅਕਤੀਆਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ ਤੇ ਇਸ ਸਮੇਂ ਅਜਿਹੇ ਵਿਅਕਤੀਆਂ ਦੀ ਗਿਣਤੀ 5282 ਹੈ। ਅੱਜ ਸ਼ੱਕੀ ਮਰੀਜ਼ਾਂ ਦੇ 2567 ਨਮੂਨੇ ਟੈਸਟ ਕਰਨ ਲਈ ਭੇਜੇ ਗਏ ਅਤੇ ਜਲਦ ਹੀ ਉਨ੍ਹਾਂ ਦੇ ਨਤੀਜਿਆਂ ਦੀ ਰਿਪੋਰਟ ਆਉਣ ਦੀ ਆਸ ਕੀਤੀ ਜਾਂਦੀ ਹੈ। ਮਰਨ ਵਾਲਿਆਂ ਵਿੱਚ ਨਿਊ ਗਗਨ ਨਗਰ ਦੀ ਰਹਿਣ ਵਾਲੀ 51 ਸਾਲਾ ਅੌਰਤ, ਨਿਊ ਉਪਕਾਰ ਨਗਰ ਨਿਵਾਸੀ 80 ਸਾਲਾ ਅੌਰਤ, ਬਸੰਤ ਸਿਟੀ ਨਿਵਾਸੀ 72 ਸਾਲ ਦਾ ਵਿਅਕਤੀ, ਫਤਿਹਗੜ੍ਹ ਮੁਹੱਲਾ ਨਿਵਾਸੀ 45 ਸਾਲਾ ਵਿਅਕਤੀ, ਦਸ਼ਮੇਸ਼ ਨਗਰ ਨਿਵਾਸੀ 26 ਸਾਲ ਦਾ ਨੌਜਵਾਨ, ਵਿਕਾਸ ਨਗਰ ਨਿਵਾਸੀ 65 ਸਾਲਾ ਵਿਅਕਤੀ, 67 ਸਾਲਾ ਅੌਰਤ, ਮੁੰਡੀਆ ਕਾਲਾ ਨਿਵਾਸੀ 54 ਸਾਲਾ ਵਿਅਕਤੀ, 57 ਸਾਲਾ ਅੌਰਤ, 68 ਸਾਲਾ ਮਰਦ, ਨੂਰਵਾਲਾ ਰੋਡ ਨਿਵਾਸੀ, 34 ਸਾਲਾ ਅੌਰਤ ਅਤੇ 54 ਸਾਲਾ ਵਿਅਕਤੀ ਅਤੇ 71 ਸਾਲ ਦੀ ਅੌਰਤ ਵੀ ਸ਼ਾਮਲ ਹਨ। ਜ਼ਿਲ੍ਹੇ 'ਚ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 209 ਹੋ ਗਈ ਹੈ।