ਭਾਰਤ ਦੀ ਪਹਿਲੀ ਔਰਤ ਅਧਿਆਪਕਾ ਨੂੰ ਸਮਰਪਿਤ!
- ਅੱਜ ਦੇਸ਼ ਵਿੱਚ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ। ਮਨੂੰਵਾਦੀ / ਬ੍ਰਾਹਮਣਵਾਦੀ ਸੋਚ ਦਾ ਧਾਰਨੀ ਬੁੱਧੀਜੀਵੀ ਵਰਗ ਹਮੇਸ਼ਾ ਕ੍ਰਾਂਤੀਕਾਰੀ ਜਿਓਤੀ ਸਵਿੱਤਰੀ ਬਾਈ ਫੂਲੇ ਨੂੰ ਭਾਰਤ ਦੀ ਪਹਿਲੀ ਔਰਤ ਅਧਿਆਪਕਾ ਦੇ ਤੌਰ ਤੇ ਪੇਸ਼ ਕਰਨ ਦੀ ਬਜਾਏ ਇਸ ਕਰਕੇ ਜਾਣਬੁੱਝ ਕੇ ਅੱਖੋਂ-ਪਰੋਖੇ ਕਰ ਰਿਹਾ ਹੈ ਕਿਉਂਕਿ ਉਸ ਮਹਾਨ ਔਰਤ ਨੇ ਅੱਜ ਤੋਂ ਕੋਈ 172 ਸਾਲ ਪਹਿਲਾਂ ਮਨੂੰਵਾਦੀ / ਬ੍ਰਾਹਮਣਵਾਦੀ ਸੋਚ ਦੇ ਬਿਲਕੁਲ ਉਲਟ ਔਰਤਾਂ ਨੂੰ ਸਿੱਖਿਆ ਦੇਣ ਲਈ 1848 ਈਸਵੀ ਵਿਚ ਪੂਨੇ ਵਿਚ ਭਾਰਤ ਦਾ ਸਭ ਤੋਂ ਪਹਿਲਾ ਸਕੂਲ ਸਥਾਪਿਤ ਕੀਤਾ ਸੀ, ਜਦੋਂ ਕਿ ਕਈ ਸਦੀਆਂ ਤੋਂ ਮਨੂੰਵਾਦੀ ਕਾਨੂੰਨ ਦੀ ਵਿਵਸਥਾ ਭਾਰੂ ਹੋਣ ਕਰਕੇ ਸਮਾਜ ਵਲੋਂ ਔਰਤਾਂ ਦੀ ਸਿੱਖਿਆ ਉਪਰ ਬਿਲਕੁਲ ਪਾਬੰਦੀ ਸੀ। ਸਵਿਤਰੀ ਬਾਈ ਫੂਲੇ ਨੇ ਪਹਿਲਾਂ ਆਪਣੇ ਪਤੀ ਮਹਾਨ ਕ੍ਰਾਂਤੀਕਾਰੀ ਅਤੇ ਮਹਾਤਮਾ ਜੋਤੀਬਾ ਫੂਲੇ ਤੋਂ ਸਿਖਿਆ ਪ੍ਰਾਪਤ ਕੀਤੀ ਅਤੇ ਸਿਖਿਆ ਪ੍ਰਾਪਤ ਕਰਨ ਪਿੱਛੋਂ ਫਿਰ ਲੜਕੀਆਂ ਲਈ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਖੋਲ੍ਹਣ ਲਈ ਉਸ ਸਮੇਂ ਦੇ ਹਾਲਾਤਾਂ ਨਾਲ ਨਜਿੱਠਦਿਆਂ ਪਹਿਲੇ ਸਾਲ ਸਫਲਤਾਪੂਰਵਕ 5 ਸਕੂਲ ਖੋਲ੍ਹ ਕੇ ਦੇਸ਼ ਵਿੱਚ ਵਿਲੱਖਣ ਕਿਸਮ ਦੀ ਮਿਸਾਲ ਪੈਦਾ ਕੀਤੀ। ਉਨ੍ਹਾਂ ਨੇ ਆਪਣਾ ਸਕੂਲ ਵਿਚ ਪਹਿਲੇ ਸਾਲ 9 ਲੜਕੀਆਂ ਨੂੰ ਸਿੱਖਿਆ ਦਾ ਦਾਨ ਪ੍ਰਦਾਨ ਕੀਤਾ। ਸੱਚ ਤਾਂ ਇਹ ਹੈ ਕਿ ਉਹ ਭਾਰਤ ਦੀ ਪਹਿਲੀ ਮਹਾਨ ਔਰਤ ਅਧਿਆਪਕਾ ਸੀ, ਜਿਸ ਨੇ ਸਮਾਜ ਵਿਚ ਮਨੂੰਵਾਦੀ ਵਿਚਾਰਧਾਰਾ ਦੇ ਉਲਟ ਚੱਲਦਿਆਂ ਸਮਾਜ ਸੁਧਾਰ ਲਈ ਜਿਥੇ ਲੜਕੀਆਂ ਨੂੰ ਪੜਾਉਣ ਲਈ ਪਹਿਲ ਕਦਮੀ ਕੀਤੀ, ਉਥੇ ਸਮਾਜ ਵਿੱਚ ਫੈਲੇ ਜਾਤ ਪਾਤ ਦੇ ਕੋਹੜ ਸਮੇਤ ਅਨੇਕਾਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਆਪਣੇ ਪਤੀ ਨਾਲ ਮਿਲ ਕੇ ਸੰਘਰਸ਼ ਸ਼ੁਰੂ ਕੀਤਾ। ਇਥੇ ਹੀ ਬਸ ਨਹੀਂ ਉਨ੍ਹਾਂ ਨੇ ਆਪਣੇ ਪਤੀ ਨਾਲ ਮਿਲ ਕੇ ਭਾਰਤੀ ਲੋਕਾਂ ਨੂੰ ਸਿੱਖਿਅਤ ਕਰਨ ਲਈ ਅੰਗਰੇਜ਼ਾਂ ਉਪਰ ਦਬਾਅ ਵੀ ਬਣਾਇਆ। ਉਨ੍ਹਾਂ ਨੇ 1853 ਵਿਚ ਵੱਡੀ ਉਮਰ ਦੇ ਭਾਰਤੀ ਲੋਕਾਂ ਲਈ ਰਾਤ ਦੇ ਸਮੇਂ ਚੱਲਣ ਵਾਲੇ ਸਕੂਲਾਂ ਦੀ ਸਥਾਪਨਾ ਵੀ ਕੀਤੀ।ਸ਼ਾਇਦ ਭਾਰਤ ਵਿਚ ਬਹੁ-ਗਿਣਤੀ ਵਿਚ ਲੋਕ ਸਵਿਤਰੀ ਬਾਈ ਫੂਲੇ ਦਾ ਨਾਂ ਵੀ ਨਾ ਜਾਣਦੇ ਹੋਣ, ਕਿ ਉਹ ਕੌਣ ਸੀ? ਸਵਿਤਰੀ ਬਾਈ ਫੂਲੇ ਨੂੰ ਅੱਖੋਂ ਪਰੋਖੇ ਕਰਨ ਦਾ ਵੱਡਾ ਕਾਰਨ ਇਹ ਹੈ ਕਿ ਜਿਹੜੇ ਮਰਦ/ ਔਰਤਾਂ ਨੇ ਬ੍ਰਾਹਮਣਵਾਦੀ ਸੋਚ ਦੇ ਬਿਲਕੁਲ ਉਲਟ ਕੰਮ ਕਰਦਿਆਂ ਸਮਾਜਿਕ,ਧਾਰਮਿਕ, ਆਰਥਿਕ ਅਤੇ ਰਾਜਨੀਤਕ ਖੇਤਰ ਵਿੱਚ ਬਰਾਬਰਤਾ ਪੈਦਾ ਕਰਨ ਲਈ ਅਵਾਜ ਬੁਲੰਦ ਕੀਤੀ, ਉਸ ਨੂੰ ਦਬਾਉਣ ਲਈ ਹਰ ਹੱਥ ਕੰਡੇ ਵਰਤੇ, ਇਤਿਹਾਸ ਦੇ ਪੰਨਿਆਂ ਤੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਕਲਮ ਦੇ ਜੋਰ ਨਾਲ ਇਤਿਹਾਸ ਨੂੰ ਤਰੋੜ-ਮਰੋੜ ਕੇ ਜਾਂ ਫਿਰ ਇਤਿਹਾਸ ਨੂੰ ਮਿਥਿਹਾਸਿਕ ਰੂਪ ਦੇਣ ਲਈ ਵਿਉਂਤਬੰਦੀਆਂ ਪੈਦਾ ਕੀਤੀਆਂ। ਇਤਿਹਾਸ ਨੂੰ ਬਦਲਣਾ ਬਹੁਤ ਔਖਾ ਹੁੰਦਾ ਹੈ, ਕਿਉਂਕਿ ਸੱਚ ਤਾਂ ਸੱਚ ਰਹਿੰਦਾ ਹੈ। ਸੋ ਅੱਜ ਦੇ ਦਿਨ ਅਧਿਆਪਕ ਦਿਵਸ ਮੌਕੇ ਸਵਿਤਰੀ ਬਾਈ ਫੂਲੇ ਨੂੰ ਕੋਟਿਨ-ਕੋਟ ਪ੍ਰਣਾਮ! ਦੇਸ਼ ਦੀਆਂ ਔਰਤਾਂ ਅਤੇ ਦਲਿਤਾਂ ਜਿੰਨਾ ਲਈ ਸਿੱਖਿਅਤ ਬਣਨ ਲਈ ਪਾਬੰਦੀਆਂ ਲਗਾਈਆਂ ਗਈਆਂ ਸਨ, ਦੇ ਲਈ ਸਵਿੱਤਰੀ ਬਾਈ ਫੂਲੇ ਨੇ ਇੱਕ ਅਧਿਆਪਕਾ / ਸਕੂਲ ਮੁਖੀ ਬਣਕੇ ਸਿੱਖਿਆ ਦੇ ਦਰਵਾਜ਼ੇ ਖੋਲ੍ਹੇ ਦਾ, ਔਰਤ ਅਤੇ ਦਲਿਤ ਵਰਗ ਨੂੰ ਹਮੇਸ਼ਾ ਰਿਣੀ ਹੋਣਾ ਚਾਹੀਦਾ ਹੈ।
-ਸੁਖਦੇਵ ਸਲੇਮਪੁਰੀ
09780620233
5 ਸਤੰਬਰ, 2020.