You are here

ਪੰਜਾਬ ਅੰਦਰ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਚਰਨਜੀਤ ਸਿੰਘ ਚੰਨੀ -ਰਾਹੁਲ ਗਾਂਧੀ 

ਮੁੱਲਾਂਪੁਰ ਦਾਖਾ, 6 ਫਰਵਰੀ (ਸਤਵਿੰਦਰ ਸਿੰਘ ਗਿੱਲ) ਸ੍ਰੀ ਰਾਹੁਲ ਗਾਂਧੀ ਨੇ ਪੰਜਾਬ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਮੁੱਖ ਮੰਤਰੀ ਦੇ ਚੇਹਰੇ ਦੇ ਰੂਪ ਵਜੋਂ ਜਿਵੇਂ ਹੀ ਚਰਨਜੀਤ ਸਿੰਘ ਚੰਨੀ ਦੇ ਨਾਂ ਦਾ ਐਲਾਨ ਕੀਤਾ ਤਾਂ ਹਰਸ਼ਿਲਾ ਰਿਜ਼ੋਰਟ ਵਿਖੇ ਇਕੱਠੇ ਹੋਏ ਕਾਂਗਰਸੀ ਵਰਕਰਾਂ ਅਤੇ ਆਗੂਆਂ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਚੰਨੀ ਦੇ ਨਾਂ ਦਾ ਸਵਾਗਤ ਕੀਤਾ ਗਿਆ ਅਤੇ ਰਾਹੁਲ ਗਾਂਧੀ ਜਿੰਦਾਬਾਦ, ਚਰਨਜੀਤ ਸਿੰਘ ਚੰਨੀ ਜਿੰਦਾਬਾਦ ਅਤੇ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਦੇ ਨਾਅਰੇ ਲਾ ਕੇ ਆਸਮਾਨ ਗੁੰਜਾ ਦਿੱਤਾ। ਇਸ ਤੋਂ ਪਹਿਲਾਂ ਪਾਰਟੀ ਦੇ ਪੰਜਾਬ ਕੈਂਪੇਨ ਕਮੇਟੀ ਦੇ ਇੰਚਾਰਜ਼ ਸੁਨੀਲ ਜਾਖੜ ਨੇ ਭਾਜਪਾ, ਆਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ 700 ਕਿਸਾਨਾਂ ਦੀ ਸ਼ਹੀਦੀ ਦੇ ਜਿੰਮੇਵਾਰ ਕਹਿੰਦਿਆਂ ਅਤੇ ਲਖੀਮਪੁਰ ਖੀਰੀ ਦੇ ਦੇ ਕਿਸਾਨਾਂ ਦੇ ਕਾਤਲਾਂ ਦਾ ਹਿਸਾਬ ਲੈਣ ਲਈ ਅਗਾਮੀ ਚੋਣਾਂ ਵਿੱਚ ਉਨ੍ਹਾ ਨੂੰ ਸਬਕ ਸਿਖਾਉਣ ਲਈ ਵੰਗਾਰਿਆ। ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਆਪ ਨੂੰ ਪੰਜਾਬ ਅਤੇ ਪੰਜਾਬੀਅਤ ਦਾ ਆਸ਼ਿਕ ਦੱਸਦਿਆਂ ਕਿਹਾ ਕਿ ਉਹ ਸਰਕਾਰ ਆਉਣ ਤੋਂ ਬਾਅਦ ਪਾਰਟੀ ਦੇ ਵਰਕਰਾਂ ਨੂੰ ਸਾਰੀਆਂ ਚੇਅਰਮੈਨੀਆਂ ਨਾਲ ਨਿਵਾਜਣਗੇ। ਮੁੱਖ ਮੰਤਰੀ ਚੰਨੀ ਨੇ ਇਸ ਸਮੇਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਦਿੱਤੀ ਜ਼ਿੰਮੇਵਾਰੀ ਨੂੰ ਉਨ੍ਹਾਂ ਨੇ 111 ਦਿਨਾਂ ਦੇ ਕਾਰਜ ਕਾਲ ਵਿੱਚ ਪੂਰੀ ਤਨਦੇਹੀ ਨਾਲ ਨਿਭਾਉਣ ਦੇ ਨਾਲ ਸੂਬੇ ਦੇ ਲੋਕਾਂ ਲਈ ਵੱਡੀ ਪੱਧਰ ਤੇ ਵਿਕਾਸ ਕਾਰਜ ਅਤੇ ਲੋਕ ਲਾਭ ਹਿਤ ਸਕੀਮਾਂ ਲਾਗੂ ਕੀਤੀਆਂ। ਕਾਂਗਰਸ ਪਾਰਟੀ ਦੀ ਹਾਈ ਕਮਾਂਡ ਆਗੂ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨ ਤੋਂ ਪਹਿਲਾਂ ਸੂਬੇ ਦੇ ਪਾਰਟੀ ਆਗਆਂ ਨੂੰ ਹੀਰੇ ਕਹਿੰਦਿਆਂ ਕਿਹਾ ਕਿ ਉਨ੍ਹਾ ਆਪ ਇਹ ਫੈਸਲਾ ਨਹੀ ਕੀਤਾ ਕਿ ਸੂਬੇ ਵਿੱਚ ਅਗਾਮੀ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਹੋਵੇਗਾ ਬਲਕਿ ਇਹ ਪੰਜਾਬ ਦੇ ਲੋਕਾਂ ਨੇ ਅਤੇ ਪੰਜਾਬ ਦੀ ਸਾਰੀ ਕਾਂਗਰਸ ਪਾਰਟੀ ਨੇ ਕੀਤੀ ਮੰਗ ਹੈ ਕੇ ਚੰਨੀ  ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੀਤਾ ਜਾਵੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ, ਰਵਨੀਤ ਬਿੱਟੂ, ਕੈਪਟਨ ਸੰਦੀਪ ਸੰਧੂ, ਮੇਅਰ ਲੁਧਿਆਣਾ ਬਲਕਾਰ ਸਿੰਘ ਸੰਧੂ, ਭਾਰਤ ਭੂਸ਼ਨ ਆਸ਼ੂ, ਜਗਤਾਰ ਸਿੰਘ ਜੱਗਾ, ਲਖਵੀਰ ਸਿੰਘ ਲੱਖਾ, ਸੰਜੀਵ ਤਲਵਾਰ, ਕਰਮਜੀਤ ਸੋਨੀ ਗਾਲਿਬ, ਅਸ਼ਵਨੀ ਸ਼ਰਮਾ ਆਦਿ ਵੀ ਸਟੇਜ ਤੇ ਹਾਜਰ ਸਨ।