ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਫ਼ਿਰੋਜ਼ਪੁਰ ਸੰਸਦੀ ਹਲਕੇ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਅਕਾਲੀ ਦਲ ਨੇ ਆਪਣੇ ਹਿੱਸੇ ਦੀਆਂ 10 ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਵਿੱਚ ਸੰਸਦੀ ਚੋਣਾਂ ਦੇ ਮਹੌਲ ਦੌਰਾਨ ਚੋਣ ਮੁਕਾਬਲੇ ਬੜੇ ਰੌਚਕ ਬਣਦੇ ਜਾ ਰਹੇ ਹਨ। ਸੁਖਬੀਰ ਬਾਦਲ ਦਾ ਮੁਕਾਬਲਾ ਆਪਣੀ ਹੀ ਪਾਰਟੀ ਦੇ ਬਾਗ਼ੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨਾਲ ਹੋਵੇਗਾ ਜਦੋਂ ਕਿ ਬਠਿੰਡਾ ਸੰਸਦੀ ਹਲਕੇ ਤੋਂ ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ‘ਚ ਉਤਾਰਿਆ ਹੈ। ਅਕਾਲੀ ਦਲ ਅਤੇ ਖ਼ਾਸ ਕਰ ਬਾਦਲ ਪਰਿਵਾਰ ਲਈ ਸੰਸਦੀ ਚੋਣਾਂ ਦੌਰਾਨ ਕਾਰਗੁਜ਼ਾਰੀ ਦਿਖਾਉਣਾ ਵੱਕਾਰ ਦਾ ਸਵਾਲ ਬਣ ਗਿਆ ਸੀ ਤੇ ਪਾਰਟੀ ਦੀ ਸ਼ਾਖ਼ ਬਚਾਉਣ ਦਾ ਸਵਾਲ ਵੀ ਖੜ੍ਹਾ ਹੋ ਗਿਆ। ਇਸੇ ਕਰਕੇ ਦੋਹਾਂ ਪਤੀ-ਪਤਨੀ (ਸੁਖਬੀਰ-ਹਰਸਿਮਰਤ) ਨੂੰ ਹੀ ਚੋਣ ਮੈਦਾਨ ‘ਚ ਉਤਾਰਨ ਦਾ ਫੈਸਲਾ ਪਾਰਟੀ ਵੱਲੋਂ ਕੀਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਹਾਲ ਦੀ ਘੜੀ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਮ ਐਲਾਨੇ ਨਹੀਂ ਗਏ ਤੇ ਭਾਜਪਾ ਵੱਲੋਂ ਵੀ ਅੱਜ ਜਾਂ ਭਲ਼ਕ ਤੱਕ ਉਮੀਦਵਾਰ ਐਲਾਨ ਦਿੱਤੇ ਜਾਣ ਦੀ ਸੰਭਾਵਨਾ ਹੈ।