ਲੰਡਨ, ਅਗਸਤ 2020 - (ਗਿਆਨੀ ਰਵਿਦਰਪਾਲ ਸਿੰਘ )- ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਇਕਾਂਤਵਾਸ ਨਿਯਮ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋਇਆ ਹੈ । ਹਵਾਈ ਕੰਪਨੀਆਂ ਅਤੇ ਲੋਕਾਂ ਵਲੋਂ ਇਸ ਨਿਯਮ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ । ਇਸ ਨਾਲ ਜਿੱਥੇ ਹਵਾਈ ਕਾਰੋਬਾਰ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਲੋਕਾਂ ਨੂੰ ਛੁੱਟੀਆਂ ਕੱਟਣ ਜਾਣ ਲਈ ਦਿੱਕਤ ਆ ਰਹੀ ਹੈ । ਅਜਿਹੇ 'ਚ ਯੂ.ਕੇ. ਦੇ ਹਵਾਈ ਅੱਡੇ ਹੀਥਰੋ 'ਤੇ ਕੋਵਿਡ-19 ਦੀ ਜਾਂਚ ਨੂੰ ਲੈ ਕੇ ਮਨੁੱਖੀ ਪ੍ਰਯੋਗ ਸ਼ੁਰੂ ਕੀਤਾ ਹੈ, ਜਿਸ ਦਾ ਨਤੀਜਾ ਸਿਰਫ਼ 30 ਸਕਿੰਟਾਂ 'ਚ ਹੀ ਆ ਜਾਂਦਾ ਹੈ ਜੇ ਯਾਤਰੀ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਸ ਨੂੰ 14 ਦਿਨ ਦਾ ਇਕਾਂਤਵਾਸ ਤੋਂ ਛੋਟ ਹੋਵੇਗੀ । ਉਕਤ ਪ੍ਰਯੋਗ ਮਾਨਚੈਸਟਰ ਅਤੇ ਆਕਸਫੋਰਡ ਯੂਨੀਵਰਸਿਟੀ ਵਲੋਂ ਹੀਥਰੋ ਅਥਾਰਿਟੀ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ । ਇਹ ਪ੍ਰਯੋਗ ਤਿੰਨ ਤਰ੍ਹਾਂ ਦਾ ਹੈ, ਗਲੇ 'ਚੋਂ ਨਮੂਨਾ ਲੈ ਕੇ ਕੀਤੀ ਜਾਂਚ ਦਾ ਨਤੀਜਾ ਅੱਧੇ ਘੰਟੇ 'ਚ, ਥੁੱਕ ਦੀ ਜਾਂਚ ਦਾ ਨਤੀਜਾ 10 ਮਿੰਟ 'ਚ ਅਤੇ ਹੋਲੋਗ੍ਰਾਫਿਕ ਮਾਈਕ੍ਰੋਸਕੋਪ ਟੈਸਟ ਦਾ ਨਤੀਜਾ ਸਿਰਫ਼ 30 ਸਕਿੰਟਾਂ 'ਚ ਆ ਜਾਂਦਾ ਹੈ । ਉਕਤ ਪ੍ਰਯੋਗਾਂ ਲਈ 250 ਲੋਕ ਕੰਮ ਕਰ ਰਹੇ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਟੈੱਸਟਾਂ ਦੀ ਫ਼ੀਸ ਲਗਭਗ 30 ਪੌਡ ਤੱਕ ਹੋਣ ਦਾ ਅਨੁਮਾਨ ਹੈ । ਇਸ ਦੇ ਨਾਲ ਹੀ ਪੀ.ਸੀ.ਆਰ. ਪ੍ਰਯੋਗ ਵੀ ਹੋਵੇਗਾ ਤਾਂ ਕਿ ਜਾਂਚ ਦੀ ਪੁਖ਼ਤਾ ਪ੍ਰਮਾਣਿਕਤਾ ਹੋ ਸਕੇ । ਚੱਲ ਰਹੇ ਪ੍ਰਯੋਗਾਂ ਦੀ ਰਿਪੋਰਟ ਟਰਾਂਸਪੋਰਟ ਅਤੇ ਸਿਹਤ ਮੰਤਰਾਲੇ ਨੂੰ ਭੇਜੀ ਜਾਵੇਗੀ ।ਹੀਥਰੋ ਦੇ ਚੀਫ਼ ਜੌਹਨ ਹਾਲੈਂਡ ਨੇ ਕਿਹਾ ਹੈ ਕਿ ਜੇ ਉਕਤ ਪ੍ਰਯੋਗ ਕਾਮਯਾਬ ਹੋਏ ਅਤੇ ਸਰਕਾਰ ਵਲੋਂ ਇਸ ਨੂੰ ਹਾਂ ਕੀਤੀ ਤਾਂ ਇਸ ਨਾਲ ਹਵਾਈ ਕੰਪਨੀਆਂ ਅਤੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ ।