You are here

ਦੂਜੇ ਵਿਸ਼ਵ ਜੰਗ ’ਚ ਜਾਸੂਸੀ ਕਰਨ ਵਾਲੀ ਭਾਰਤੀ ਮੂਲ ਦੀ ਔਰਤ ਨੂੰ ਬਰਤਾਨੀਆ ’ਚ ਮਿਲੇਗਾ 'ਬਲੂ ਪਲਾਕ'

ਮਾਨਚੈਸਟਰ, ਅਗਸਤ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-  ਦੂਜੇ ਵਿਸ਼ਵ ਯੁੱਧ ਵਿਚ ਬਰਤਾਨੀਆ ਲਈ ਜਾਸੂਸੀ ਕਰਨ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਜਾਸੂਸ ਨੂਰ ਇਨਾਇਤ ਖ਼ਾਨ ਨੂੰ 'ਬਲੂ ਪਲਾਕ' ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤਹਿਤ ਉਨ੍ਹਾਂ ਦੇ ਸੈਂਟਰਲ ਲੰਡਨ ਸਥਿਤ ਪੁਰਾਣੇ ਘਰ ਦੇ ਬਾਹਰ ਉਨ੍ਹਾਂ ਦੇ ਕੰਮਾਂ ਦੇ ਬਾਰੇ ਵਿਚ ਦੱਸਦੀ ਇਕ ਪਲੇਟ ਲਗਾਈ ਜਾਵੇਗੀ। ਦੱਸਣਯੋਗ ਹੈ ਕਿ ਬਲੂ ਪਲਾਕ ਯੋਜਨਾ ਬਿ੍ਟਿਸ਼ ਹੈਰੀਟੇਜ ਚੈਰਿਟੀ ਵੱਲੋਂ ਚਲਾਈ ਜਾਂਦੀ ਹੈ। ਇਸ ਤਹਿਤ ਉਨ੍ਹਾਂ ਉੱਘੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜੋ ਲੰਡਨ ਵਿਚ ਜਾਂ ਤਾਂ ਕਿਸੇ ਖ਼ਾਸ ਇਮਾਰਤ ਵਿਚ ਰਹੇ ਹੋਣ ਜਾਂ ਉਸ ਵਿਚ ਕੰਮ ਕੀਤਾ ਹੋਵੇ।

ਨੂਰ ਇਨਾਇਤ ਖ਼ਾਨ ਦੇ ਬਲੂਮਸਬਰੀ ਸਥਿਤ ਉਨ੍ਹਾਂ ਦੇ ਫੋਰ ਟੇਵਿਟਨ ਸਟ੍ਰੀਟ ਸਥਿਤ ਪੁਰਾਣੇ ਘਰ ਨੂੰ ਬਲੂ ਪਲਾਕ ਦਿੱਤਾ ਜਾਵੇਗਾ ਜਿੱਥੇ ਉਹ ਦੂਜੇ ਵਿਸ਼ਵ ਯੁੱਧ ਦੌਰਾਨ ਜਾਸੂਸ ਦੇ ਤੌਰ 'ਤੇ ਰਹੀ। ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਵੰਸ਼ਜ਼ ਅਤੇ ਭਾਰਤੀ ਸੂਫੀ ਸੰਤ ਹਜ਼ਰਤ ਇਨਾਇਤ ਖ਼ਾਨ ਦੀ ਧੀ ਨੂਰ ਦੂਜੇ ਵਿਸ਼ਵ ਯੁੱਧ ਵਿਚ ਬਿ੍ਟੇਨ ਦੀ ਸਪੈਸ਼ਲ ਆਪਰੇਸ਼ਨ ਐਗਜ਼ੈਕਟਿਵ (ਐੱਸਓਈ) ਦੀ ਏਜੰਟ ਸੀ। 1944 ਵਿਚ 30 ਸਾਲਾਂ ਦੀ ਉਮਰ ਵਿਚ ਨਾਜ਼ੀਆਂ ਨੇ ਉਸ ਨੂੰ ਬੰਦੀ ਬਣਾ ਲਿਆ ਸੀ ਅਤੇ ਬਾਅਦ ਵਿਚ ਉਸ ਦੀ ਹੱਤਿਆ ਕਰ ਦਿੱਤੀ ਸੀ। ਇਹ ਉਹੀ ਘਰ ਹੈ ਜਿਸ ਨੂੰ ਨੂਰ ਨੇ ਆਪਣੇ ਆਖਰੀ ਮਿਸ਼ਨ 'ਤੇ ਜਾਣ ਤੋਂ ਪਹਿਲੇ ਛੱਡਿਆ ਸੀ। ਇਤਿਹਾਸਕਾਰ ਅਤੇ 'ਸਪਾਈ ਪਿ੍ਰੰਸਿਜ਼ : ਦਾ ਲਾਈਫ਼ ਆਫ ਨੂਰ ਇਨਾਇਤ ਖ਼ਾਨ' ਪੁਸਤਕ ਦੀ ਲੇਖਿਕਾ ਸ਼ਰਬਨੀ ਬਾਸੂ ਨੇ ਕਿਹਾ ਕਿ ਆਪਣੇ ਆਖਰੀ ਮਿਸ਼ਨ 'ਤੇ ਜਾਣ ਤੋਂ ਪਹਿਲੇ ਨੂਰ ਇਨਾਇਤ ਖ਼ਾਨ ਇਸੇ ਘਰ ਵਿਚ ਰਹਿੰਦੀ ਸੀ।