ਨਰਫੋਕ/ਲੰਡਨ,ਅਗਸਤ 2020 -(ਗਿਆਨੀ ਰਵਿਦਰਪਾਲ ਸਿੰਘ)- ਇੰਗਲੈਂਡ ਦੇ ਨਾਰਫੋਕ 'ਚ ਮੀਟ ਵਾਲੀ ਇਕ ਫ਼ੈਕਟਰੀ ਦੇ 75 ਕਾਮਿਆਂ ਦੇ ਕੋਰੋਨਾ ਪੀੜਤ ਹੋਣ 'ਤੇ ਇਸ ਫ਼ੈਕਟਰੀ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਨਾਰਫੋਕ 'ਚ ਬੈਨਹੈਮ ਪੋਲਟਰੀ ਫ਼ੈਕਟਰੀ ਦੇ 1100 ਕਾਮਿਆਂ 'ਚ ਪਹਿਲਾ ਵਾਇਰਸ ਦਾ ਮਾਮਲਾ ਸ਼ੁੱਕਰਵਾਰ ਨੂੰ ਸਾਹਮਣੇ ਆਇਆ ਸੀ । ਉਸ ਤੋਂ ਬਾਅਦ ਸਟਾਫ਼ ਦੇ 347 ਮੈਂਬਰਾਂ ਦੇ ਕੀਤੇ ਟੈਸਟਾਂ ਵਿਚੋਂ 75 ਵਾਇਰਸ ਪੀੜਿਤ ਪਾਏ ਗਏ ਹਨ। ਜਿਨ੍ਹਾਂ ਨੂੰ ਨਾਰਫੋਕ ਅਤੇ ਨੌਰਵਿਚ ਯੂਨੀਵਰਸਿਟੀ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ, ਜਦਕਿ ਬਾਕੀ ਸੈਂਕੜੇ ਕਾਮੇ ਇਕਾਂਤਵਾਸ ਭੇਜ ਦਿੱਤੇ ਗਏ ਹਨ, ਜਿਸ ਕਾਰਨ ਫ਼ੈਕਟਰੀ ਦਾ ਇਕ ਹਿੱਸਾ ਅਸਥਾਈ ਤੌਰ 'ਤੇ ਬੰਦ ਹੋ ਗਿਆ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਫ਼ੈਕਟਰੀ 'ਚ ਜ਼ਿਆਦਾਤਰ ਮਾਮਲੇ ਮਾਸ ਕੱਟਣ ਵਾਲੇ ਹਿੱਸੇ ਦੇ ਸਟਾਫ਼ ਮੈਂਬਰਾਂ 'ਚ ਪਾਏ ਗਏ ਹਨ ।