ਵੈਨਕੂਵਰ, ਅਗਸਤ 2020 -(ਜਨ ਸਕਤੀ ਬਿਉਰੋ) ਸਰੀ ਦੇ ਖਾਲਸਾ ਸਕੂਲਾਂ ਦੇ ਮਾਲਕ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਆਪਣੇ ਛਾਪੇਖਾਨੇ ਵਿੱਚ ਛਾਪੇ ਗੁਰੂ ਗ੍ਰੰਥ ਸਾਹਿਬ ਦੇ 62 ਸਰੂਪ ਵਾਅਦੇ ਮੁਤਾਬਕ ਸੰਗਤ ਨੂੰ ਸੌਂਪਣ ਤੋਂ ਅੱਜ ਮੁੱਕਰ ਗਏ। ਬੀ.ਸੀ. ਗੁਰਦੁਆਰਾ ਕੌਂਸਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਦੋਵਾਂ ਨੂੰ ਉਥੇ ਤਲਬ ਸਜ਼ਾ ਦੀ ਮੰਗ ਕੀਤੀ ਹੈ। ਇਸੇ ਦੌਰਾਨ ਲੋਕਾਂ ਵੱਲੋਂ ਖਾਲਸਾ ਸਕੂਲਾਂ ਦੇ ਬਾਈਕਾਟ ਦਾ ਸੁਝਾਅ ਫਿਲਹਾਲ ਅੱਗੇ ਪਾ ਕੇ, ਇਨ੍ਹਾਂ ਦੋਵਾਂ ਵਿਅਕਤੀਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ। ਸਤਨਾਮ ਵਿੱਦਿਅਕ ਟਰੱਸਟ ਦੇ ਅਹੁਦੇਦਾਰਾਂ ਅਤੇ ਸਰੀ ਵਿਚਲੇ ਖਾਲਸਾ ਸਕੂਲਾਂ ਦੇ ਸੰਚਾਲਕਾਂ/ਮਾਲਕਾਂ ਅਤੇ ਖਾਲਸਾ ਕ੍ਰੈਡਿਟ ਯੂਨੀਅਨ (ਬੈਂਕ ਵਰਗੀ ਸਹਿਕਾਰੀ ਸਭਾ) ਦੇ ਵੱਡੇ ਹਿੱਸੇਦਾਰ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਸਰੂਪ ਛਾਪਣ ਦਾ ਮਾਮਲਾ ਸਿੱਖ ਸੰਗਤ ਦੇ ਧਿਆਨ ’ਚ ਆਉਣ ’ਤੇ ਇਸਦੇ ਇਤਰਾਜ਼ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੋਲ ਪ੍ਰਗਟਾਏ ਗਏ ਸਨ। ਮਲਿਕ ਤੇ ਪੰਧੇਰ ਨੇ ਪਹਿਲਾਂ ਛਪਾਈ ਬੰਦ ਕਰਕੇ ਛਪੇ ਸਰੂਪ ਤੇ ਛਪਾਈ ਦਾ ਸਾਮਾਨ 22 ਅਗਸਤ ਤੱਕ ਸਰੀ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਉਣ ਦਾ ਵਾਅਦਾ ਕੀਤਾ ਸੀ। ਬਾਅਦ ’ਚ ਉਕਤ ਦੋਵਾਂ ਨੇ ਫ਼ੈਸਲਾ ਪੰਜ ਸਿੰਘ ਸਹਿਬਾਨ ’ਤੇ ਸੁੱਟ ਦਿੱਤਾ, ਜਿਨ੍ਹਾਂ ਵੱਲੋਂ ਸਰੂਪ ਗੁਰਦਆਰਾ ਸਾਹਿਬ ਸਰੀ-ਡੈਲਟਾ ਵਿੱਚ ਸੋਮਵਾਰ ਸ਼ਾਮ ਤੱਕ ਪਹੁੰਚਾਉਣ ਲਈ ਕਿਹਾ ਸੀ। ਅੱਜ ਸਿੱਖ ਸੰਗਤ ਸਰੂਪ ਪੁੱਜਣ ਦੀ ਉਡੀਕ ਕਰਦੀ ਰਹੀ, ਪਰ ਦੇਰ ਸ਼ਾਮ ਦੋਵਾਂ ਨੇ ਸਰੂਪ ਤੇ ਸਾਮਾਨ ਦੇਣ ਤੋਂ ਨਾਂਹ ਕਰ ਦਿੱਤੀ। ਕੌਂਸਲ ਦੇ ਬੁਲਾਰੇ ਮਨਿੰਦਰ ਸਿੰਘ ਨੇ ਦੱਸਿਆ ਕਿ ਅਗਲਾ ਕਦਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਚੁੱਕਿਆ ਜਾਵੇਗਾ।