ਲੁਧਿਆਣਾ, ਅਪਰੈਲ 64ਵੀਂ ਨੈਸ਼ਨਲ ਸਕੂਲ ਚੈਪੀਅਨਸ਼ਿਪ ਤਹਿਤ ਅੱਜ ਵੀ ਲੁਧਿਆਣਾ ਦੇ ਵੱਖ ਵੱਖ ਗਰਾਊਂਡਾਂ ਵਿੱਚ ਹਾਕੀ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਹੋਏ ਮੈਚਾਂ ਵਿੱਚ ਚੰਡੀਗੜ੍ਹ ਦੀਆਂ ਕੁੜੀਆਂ ਨੇ ਗੁਜਰਾਤ ਨੂੰ 5-2 ਗੋਲਾਂ ਨਾਲ ਜਦਕਿ ਮੁੰਡਿਆਂ ਨੇ ਸੀਬੀਐੱਸਈ ਨੂੰ 13-0 ਦੇ ਵੱਡੇ ਫ਼ਰਕ ਨਾਲ ਹਰਾਇਆ। 12 ਅਪਰੈਲ ਤੱਕ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਦੇ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਵਿਖੇ ਹੋਏ ਹਾਕੀ ਦੇ ਮੁਕਾਬਲਿਆਂ ਵਿਚ ਚੰਡੀਗੜ ਦੀਆਂ ਲੜਕੀਆਂ ਨੇ ਗੁਜਰਾਤ ਨੂੰ 5-2 ਨਾਲ, ਤਾਮਿਲਨਾਡੂ ਦੀਆਂ ਲੜਕੀਆਂ ਨੇ ਕੇ ਵੀ ਐਸ ਨੂੰ 10-0 ਨਾਲ, ਹਿਮਾਚਲ ਪ੍ਰਦੇਸ਼ ਦੀਆਂ ਲੜਕੀਆਂ ਨੇ ਪਾਂਡੀਚਿਰੀ ਨੂੰ 9-1 ਦੇ ਫਰਕ ਨਾਲ ਹਰਾਇਆ ਜਦਕਿ ਕਰਨਾਟਕਾ ਦੀਆਂ ਲੜਕੀਆਂ ਅਤੇ ਰਾਜਸਥਾਨ ਦੀਆਂ ਲੜਕੀਆਂ ਦੇ ਮੈਚ ਵਿਚ ਕੋਈ ਵੀ ਟੀਮ ਗੋਲ ਨਾ ਕਰ ਸਕੀ। ਪੀਏਯੂ ਦੇ ਹਾਕੀ ਮੈਦਾਨ ’ਤੇ ਖੇਡੇ ਗਏ ਚਾਰ ਮੁਕਾਬਲਿਆਂ ਵਿਚੋਂ ਪਹਿਲੇ ਮੈਚ ’ਚ ਮਹਾਂਰਾਸ਼ਟਰਾਂ ਦੀਆਂ ਲੜਕੀਆਂ ਨੇ ਸੀ.ਬੀ.ਐਸ.ਈ ਵੈਲਫੇਅਰ ਸਪੋਰਟਸ ਐਸ਼ੋਸੀਏਸ਼ਨ ਨੂੰ 8-0 ਨਾਲ, ਦੂਜੇ ਮੈਚ ’ਚ ਚੰਡੀਗੜ ਦੇ ਲੜਕਿਆਂ ਨੇ ਸੀ.ਬੀ.ਐਸ.ਈ ਵੈਲਫੇਅਰ ਸਪੋਰਟਸ ਐਸ਼ੋਸੀਏਸਨ ਨੂੰ 13-0 ਦੇ ਫਰਕ ਨਾਲ, ਤੀਜੇ ਮੈਚ ਵਿਚ ਜੰਮੂ ਕਸ਼ਮੀਰ ਨੇ ਸੀ.ਆਈ.ਐਸ.ਈ ਨੂੰ 4-3 ਨਾਲ ਜਦਕਿ ਚੌਥੇ ਮੈਚ ’ਚ ਬਿਹਾਰ ਦੇ ਲੜਕਿਆਂ ਨੇ ਉਤਰਾਖੰਡ ਨੂੰ 6-1 ਦੇ ਫਰਕ ਨਾਲ ਹਰਾਇਆ । ਹਾਕੀ ਦੇ ਦੂਸਰੇ ਖੇਡ ਦੇ ਮੈਦਾਨ ਵਿਚ ਆਂਧਰਾ ਪ੍ਰਦੇਸ਼ ਦੀਆਂ ਲੜਕੀਆਂ ਨੇ ਆਈ.ਪੀ.ਐਸ.ਸੀ ਦੀਆਂ ਲੜਕੀਆਂ ਨੂੰ 7-0 ਨਾਲ , ਆਈ.ਪੀ.ਐਸ.ਈ ਦੇ ਲੜਕਿਆ ਨੇ ਐਨ.ਵੀ ਐਸ ਨੂੰ 4-0 ਨਾਲ , ਦਿੱਲੀ ਦੀਆਂ ਲੜਕੀਆਂ ਨੇ ਬਿਹਾਰ ਨੂੰ 5-0 ਨਾਲ, ਰਾਜਸਥਾਨ ਦੇ ਲੜਕਿਆਂ ਨੇ ਤੇਲੰਗਾਨਾ ਨੂੰ 8-0 ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਸ਼ਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੜਕਿਆ ਵਿਖੇ ਹੋਏ ਹਾਕੀ ਮੁਕਾਬਲਿਆਂ ਵਿਚ ਤਾਮਿਲਨਾਡੂ ਦੇ ਲੜਕਿਆਂ ਨੇ ਆਂਧਰਾ ਪ੍ਰਦੇਸ਼ ਨੂੰ 2-1, ਹਿਮਾਚਲ ਪ੍ਰਦੇਸ਼ ਦੇ ਲੜਕਿਆਂ ਨੇ ਮੱਧ ਪ੍ਰਦੇਸ਼ ਨੂੰ 4-0 , ਮਹਾਂਰਾਸ਼ਟਰਾਂ ਦੇ ਲੜਕਿਆਂ ਨੇ ਛੱਤੀਸ਼ਗੜ ਨੂੰ 7-1 ਨਾਲ ਜਦਕਿ ਉਤਰ ਪ੍ਰਦੇਸ਼ ਦੇ ਲੜਕਿਆ ਨੇ ਪਾਂਡੀਚਿਰੀ ਨੂੰ 7-0 ਦੇ ਫਰਕ ਨਾਲ ਹਰਾਇਆ।