ਸ਼ਰਾਬ ਵੀ ਚਿੱਟੇ ਵਾਂਗ ਹੀ ਇੱਕ ਖ਼ਤਰਨਾਕ ਅਤੇ ਸਿਹਤ ਦਾ ਵੱਡੇ ਪੱਧਰ 'ਤੇ ਨੁਕਸਾਨ ਕਰਨ ਵਾਲਾ ਨਸ਼ਾ ਹੈ।ਪਰੰਤੂ ਸ਼ਰਾਬ ਨੂੰ ਅਸੀ ਆਪਣੇ ਸੱਭਿਆਚਾਰ ਦਾ ਹਿੱਸਾ ਕਿਉਂ ਮੰਨੀ ਬੈਠੇ ਹਾਂ।ਜਦਕਿ ਸਾਨੂੰ ਪਤਾ ਹੈ ਕਿ ਇਹ ਸਰਕਾਰੀ ਮੋਹਰ ਲੱਗ ਕੇ ਸ਼ਰੇਆਮ ਵਿਕਦੀ ਮੌਤ ਹੈ।ਬੀਤੇ ਦਿਨਾਂ ਤੋਂ ਲੈਕੇ ਹੁਣ ਤੱਕ ਪੰਜਾਬ ਵਿੱਚ ਲਗਭਗ 120 ਤੋਂ ਵੱਧ ਮੌਤਾਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋ ਗਈਆਂ ਹਨ।ਘਰਾਂ ਵਿੱਚ ਜੋ ਵੈਣਾਂ ਹੁਣ ਤੱਕ ਚਿੱਟਾ ਪਵਾ ਰਿਹਾ ਸੀ।ਉਸ ਵਿੱਚ ਹੁਣ ਚਿੱਟੇ ਦੀ ਭੈਣ ਸ਼ਰਾਬ ਵੀ ਸ਼ਾਮਿਲ ਹੋ ਗਈ ਹੈ।ਜਿੱਥੇ ਇੱਕ ਪਾਸੇ ਠੇਕੇ ਦੀ ਸਰਕਾਰੀ ਮੋਹਰ ਲੱਗ ਕੇ ਵਿਕਦੀ ਸ਼ਰਾਬ ਆਦਮੀ ਨੂੰ ਹੌਲੀ ਹੌਲੀ ਤੜਫਾ ਕੇ ਮਾਰਦੀ ਹੈ,ਉਥੇ ਇਹ ਨਕਲੀ ਜ਼ਹਿਰੀਲੀ ਸ਼ਰਾਬ ਇਕੋ ਪਲ ਵਿੱਚ ਹੀ ਕਹਾਣੀ ਮੁਕਾ ਦਿੰਦੀ ਹੈ।ਪਰ ਹੈ!ਦੋਨੋਂ ਬੰਨ੍ਹੇ ਮੌਤ।ਦੂਜੇ ਪਾਸੇ ਸਾਡੀਆਂ ਸਰਕਾਰਾਂ ਲੋਕਾਂ ਨੂੰ ਸ਼ਰੇਆਮ ਮੌਤ ਵੰਡ ਕੇ ਖਜ਼ਾਨਾ ਭਰਨ ਦੀ ਗੱਲ ਕਹਿੰਦੀਆਂ ਹਨ।ਜੇਕਰ ਸਾਡੇ ਸਮਾਜ ਦਾ ਬੇੜਾ ਗਰਕ ਕਰਕੇ ਹੀ ਆਮਦਨੀ ਵਧਾਉਣੀ ਹੈ,ਤਾਂ ਸਰਕਾਰ ਚਿੱਟਾ ਅਤੇ ਹੋਰ ਜ਼ਾਲਮ ਨਸ਼ੇ ਵੀ ਸ਼ਰੇਆਮ ਵੇਚਣੇ ਕਿਉਂ ਨਹੀਂ ਸ਼ੁਰੂ ਕਰ ਦਿੰਦੀ।ਹੋ ਸਕਦਾ ਫਿਰ ਖਜ਼ਾਨਾ ਹੋਰ ਵੀ ਭਰ ਛੇਤੀ ਭਰ ਜਾਵੇ।ਅੱਜ ਸਾਰੀਆਂ ਹੀ ਸਿਆਸੀ ਧਿਰਾਂ ਇਕ-ਦੂਜੀ 'ਤੇ ਆਰੋਪ ਲਗਾ ਕੇ ਆਪਣੀ ਮੁੱਢਲੀ ਜਿੰਮੇਵਾਰੀ ਤੋਂ ਬਚਣਾ ਚਾਹੁੰਦੀਆਂ ਹਨ।ਇੰਨਾ ਦੀ ਜਿੰਮੇਵਾਰੀ ਹੈ ਸ਼ਰਾਬ ਵਰਗੀ ਸ਼ਰੇਆਮ ਵਿਕ ਰਹੀ ਮੌਤ ਤੇ ਮੁਕੰਮਲ ਪਾਬੰਦੀ ਲਗਾਉਣਾ।ਇੱਥੇ ਸਮਝਣ ਵਾਲੀ ਗੱਲ ਹੈ ਕਿ ਸਰਕਾਰ ਦਾ ਸਿਹਤ ਵਿਭਾਗ ਜਿੱਥੇ ਸ਼ਰਾਬ ਨੂੰ ਸ਼ਰੇਆਮ ਵਿਕਦੀ ਮੌਤ ਦੱਸਦਾ ਹੈ ਉਥੇ ਹੀ ਉਸੇ ਸਰਕਾਰ ਦਾ ਆਬਕਾਰੀ ਵਿਭਾਗ ਸ਼ਰਾਬ ਤੋਂ ਹੁੰਦੀ ਕਮਾਈ ਨੂੰ ਆਪਣੀ ਉਪਲੱਬਧੀ ਦੱਸਦਾ ਹੈ।ਇਥੋਂ ਪਤਾ ਚੱਲਦਾ ਹੈ ਕਿ ਸਰਕਾਰਾਂ ਪਤਾ ਹੁੰਦਿਆ ਵੀ ਹੁਣ ਤੱਕ ਮੌਤ ਵੰਡਦੀਆਂ ਰਹੀਆਂ ਹਨ।ਸ਼ਰਾਬਬੰਦੀ ਨਾਲ ਹੋ ਸਕਦਾ ਅੱਜ ਦੇ ਸ਼ਰਾਬੀਆਂ ਨੂੰ ਤਾਂ ਥੋੜ੍ਹੀ ਦਿੱਕਤ ਆਵੇ ਪ੍ਰੰਤੂ ਇਸ ਨਾਲ ਅਸੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਸ ਜ਼ਹਿਰ ਨਾਲ ਮਰਨ ਤੋਂ ਬਚਾ ਸਕਦੇ ਹਾਂ।ਇਹ ਲਗਾਤਾਰ ਹੋ ਰਹੀਆਂ ਮੌਤਾਂ ਉਹਨਾਂ ਦੇ ਮੂੰਹ 'ਤੇ ਵੀ ਚਪੇੜ ਹਨ,ਜੋ ਅਜੇ ਫੀਮ ਭੁੱਕੀ ਵਰਗੇ ਨਸ਼ੇ ਸ਼ਰੇਆਮ ਵੇਚਣ ਦੀ ਗੱਲ ਆਖ ਰਹੇ ਸਨ।ਜਿੱਥੇ ਸ਼ਰਾਬ ਵਰਗਾ ਸਸਤਾ ਨਸ਼ਾ ਨਕਲੀ ਬਣ ਰਿਹਾ ਹੈ,ਉੱਥੇ ਇਹ ਸਾਰੇ ਮਹਿੰਗੇ ਨਸ਼ੇ ਨਕਲੀ ਕਿਵੇਂ ਨਾ ਬਣਨਗੇ।ਫਿਰ ਇਹ ਨਸ਼ਿਆਂ ਦਾ ਜ਼ਹਿਰ 'ਸੌ' ਨਹੀਂ ਬਲਕਿ ਹਜ਼ਾਰਾਂ ਬੇਗੁਨਾਹ ਗਰੀਬ ਲੋਕਾਂ ਨੂੰ ਮਾਰੂਗਾ।ਕਿਉਂਕਿ ਨਕਲੀ ਚੀਜ਼ ਤਾਂ ਬਣਦੀ ਹੀ ਗਰੀਬ ਲਈ ਹੈ।ਉਹ ਇਸ ਝਾਂਸੇ ਵਿੱਚ ਆ ਵੀ ਆਸਾਨੀ ਨਾਲ ਜਾਂਦਾ ਹੈ ਚਾਹੇ ਉਹ ਕੋਈ ਵਸਤੂ ਹੋਵੇ ਜਾਂ ਫਿਰ ਸਾਡੇ ਲੀਡਰਾਂ ਦਾ ਨਕਲੀਪੁਣਾ।ਸਰਕਾਰ ਅਤੇ ਲੋਕਾਂ ਨੂੰ ਬੇਨਤੀ ਹੈ ਕਿ ਸ਼ਰਾਬ ਨੂੰ ਆਪਣੇ ਸਭਿਆਚਾਰ ਦਾ ਹਿੱਸਾ ਨਾ ਮੰਨੋ।ਇਸ ਸ਼ਰੇਆਮ ਵਿਕਦੀ ਮੌਤ ਉੱਤੇ ਮੁਕੰਮਲ ਪਾਬੰਦੀ ਹੋਣੀ ਚਾਹੀਦੀ ਹੈ।ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਇਸ ਜ਼ਹਿਰ ਤੋਂ ਬਚੀ ਰਹਿ ਸਕੇ।
ਲੇਖਕ:- ਰਣਜੀਤ ਸਿੰਘ ਹਿਟਲਰ
ਫਿਰੋਜ਼ਪੁਰ,ਪੰਜਾਬ।
ਮੋ:ਨੰ:-7901729507