You are here

ਦੁਨੀਆ ਨੂੰ ਸੱਚ ਦਾ ਰਾਹ ਵਿਖਾਉਂਦਾ ਹੈ ਸ਼੍ਰੀ ਰਾਮ ਦਾ ਧਰਮ ਸੰਦੇਸ਼ - ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਅਯੁੱਧਿਆ 'ਚ ਵਿਸ਼ਾਲ ਸ਼੍ਰੀ ਰਾਮ ਮੰਦਿਰ ਦੀ ਉਸਾਰੀ ਦਾ ਨੀਂਹ ਪੱਥਰ ਰੱਖੇ ਜਾਣ ਦਾ ਸਵਾਗਤ ਕੀਤਾ। ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਲੰਮੇ ਸਮੇਂ ਬਾਅਦ ਪੂਰੀ ਹੋਈ ਇਸ ਇੱਛਾ 'ਤੇ ਵਧਾਈ ਦਿੱਤੀ। ਕੈਪਟਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਗਵਾਨ ਸ਼੍ਰੀ ਰਾਮ ਦਾ ਧਰਮ ਸੰਦੇਸ਼ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਨੂੰ ਸੱਚ ਦਾ ਰਾਹ ਵਿਖਾਉਂਦਾ ਹੈ।

ਉਨ੍ਹਾਂ ਤੋਂ ਇਲਾਵਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਆਪਣੇ ਫੇਸਬੁੱਕ ਪੇਜ਼ 'ਤੇ ਹੈਸ਼ਟੈਗ ਰਾਮ ਮੰਦਿਰ ਤੇ ਹੈਸ਼ਟੈਗ ਜੈ ਸ਼੍ਰੀ ਰਾਮ ਲਗਾਉਂਦੇ ਹੋਏ ਕਿਹਾ ਕਿ ਮੰਦਿਰ ਦਾ ਨੀਂਹ ਪੱਥਰ ਕਈ ਸਾਲਾਂ ਤੋਂ ਰਾਮ ਭਗਤਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਇਹ ਭਾਰਤ ਦੀ ਜਿੱਤ ਹੈ ਤੇ ਇਸ ਪਲ ਨੂੰ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ।

ਉਨ੍ਹਾਂ ਭਾਰਤ ਦੇ ਲੋਕਾਂ ਦੀ ਏਕਤਾ ਤੇ ਤਰੱਕੀ ਦੀ ਕਾਮਨਾ ਕੀਤੀ। ਆਪਣੇ ਫੇਸਬੁੱਕ ਪੇਜ਼ 'ਤੇ ਉਨ੍ਹਾਂ ਨੇ ਅਯੁੱਧਿਆ 'ਚ ਬਣਨ ਵਾਲੇ ਸ਼੍ਰੀ ਰਾਮ ਮੰਦਿਰ ਦੀ ਤਸਵੀਰ ਵੀ ਪੋਸਟ ਕਰਦੇ ਹੋਏ ਲਿਖਿਆ ਕਿ ਪ੍ਰਭੂ ਸ਼੍ਰੀ ਰਾਮ ਦੇ ਮੰਦਿਰ ਦੇ ਨਿਰਮਾਣ ਤੇ ਨੀਂਹ ਪੱਥਰ 'ਚ ਯੋਗਦਾਨ ਦੇਣ ਲਈ ਸਾਰੇ ਰਾਸ਼ਟਰ ਦਾ ਧੰਨਵਾਦ।