You are here

ਜ਼ਿਲ੍ਹਾ ਲੁਧਿਆਣਾ 'ਚ 2 ਦਿਨਾਂ 'ਚ 2.5 ਲੱਖ ਲੀਟਰ ਲਾਹਣ ਜ਼ਬਤ ਕਰਕੇ ਨਸ਼ਟ ਕੀਤੀ - ਡਿਪਟੀ ਕਮਿਸ਼ਨਰ

ਇਸ ਗੈਰ-ਕਾਨੂੰਨੀ ਧੰਦੇ ਨਾਲ ਸਬੰਧਤ ਕੋਈ ਵੀ ਇਨਸਾਨ ਬਖ਼ਸ਼ਿਆ ਨਹੀਂ ਜਾਵੇਗਾ - ਭਾਰਤ ਭੂਸ਼ਣ ਆਸ਼ੂ

ਲੁਧਿਆਣਾ,ਅਗਸਤ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) - ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜ਼ਿਲ੍ਹੇ ਵਿੱਚ ਲਾਹਣ ਦੇ ਉਤਪਾਦਨ 'ਤੇ ਰੋਕ ਲਗਾਉਣ ਲਈ ਲੁਧਿਆਣਾ ਪੁਲਿਸ ਦੇ ਐਂਟੀ ਸਮਗਲਿੰਗ ਸੈੱਲ ਅਤੇ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਅਜਿਹੇ ਗੈਰਕਾਨੂੰਨੀ ਧੰਦੇ ਕਰ ਰਹੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਹਦਾਇਤ ਕੀਤੀ ਕਿ ਅਜਿਹੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਰੱਖਿਆ ਜਾਵੇ।ਡਿਪਟੀ ਕਮਿਸ਼ਨਰ ਲੁਧਿਆਣਾ ਦੇ ਆਦੇਸ਼ਾਂ 'ਤੇ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ ਨੇ ਜ਼ਿਲ੍ਹੇ ਦੇ ਪਿੰਡ ਭੋਲੇਵਾਲ ਜਦੀਦ ਅਤੇ ਰੱਜਾਪੁਰ ਤੋਂ 2.5 ਲੱਖ ਲੀਟਰ ਤੋਂ ਵੱਧ ਲਾਹਣ (ਨਾਜਾਇਜ਼ ਸ਼ਰਾਬ) ਬਰਾਮਦ ਕਰਕੇ ਨਸ਼ਟ ਕੀਤੀ ਗਈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਛਾਪੇਮਾਰੀਆਂ ਜਾਰੀ ਰਹਿਣਗੀਆਂ ਅਤੇ ਕਿਸੇ ਵੀ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਤਿਆਰ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ 1 ਅਗਸਤ ਨੂੰ ਤਕਰੀਬਨ 2 ਲੱਖ ਲੀਟਰ ਲਾਹਣ ਜ਼ਬਤ ਕਰਕੇ ਉਸ ਨੂੰ ਨਸ਼ਟ ਕਰ ਦਿੱਤਾ ਗਿਆ ਸੀ ਅਤੇ 8 ਵਿਅਕਤੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਇਸ ਤੋਂ ਇਲਾਵਾ ਕੱਲ੍ਹ 50,000 ਲੀਟਰ ਲਾਹਣ ਜ਼ਬਤ ਕੀਤੀ ਗਈ ਸੀ ਅਤੇ 12 ਵਿਅਕਤੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ਼ ਕੀਤੀ ਗਈ ਸੀ।ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਜਾਇਜ਼ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਡਰੱਮ, ਪਲਾਸਟਿਕ ਦੇ ਕੈਨ ਅਤੇ ਬਰਤਨ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਸ ਖੇਤਰ ਵਿੱਚ ਇਹ ਗੈਰਕਾਨੂੰਨੀ ਧੰਦਾ ਚਲਦਾ ਹੈ ਉਸ ਖੇਤਰ ਵਿੱਚ ਪਹੁੰਚਣਾ ਬਹੁਤ ਮੁਸ਼ਕਲ ਹੈ ਪਰ ਪੁਲਿਸ ਨੇ ਸਹੀ ਸਮੇਂ ਤੇ ਪਿੰਨ ਪੁਆਇੰਟ ਜਾਣਕਾਰੀ ਤਿਆਰ ਕਰਕੇ  ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਕੱਲ੍ਹ ਲਾਡੋਵਾਲ ਥਾਣਾ ਲੁਧਿਆਣਾ ਵਿਖੇ ਐਕਸਾਈਜ਼ ਐਕਟ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਦੋਸ਼ੀ ਵਿਅਕਤੀਆਂ ਦੀ ਪਛਾਣ ਜੋਗਾ ਸਿੰਘ ਪੁੱਤਰ ਜੋਗਿੰਦਰ ਸਿੰਘ, ਮੱਖਣ ਸਿੰਘ ਪੁੱਤਰ ਦਲੀਪ ਸਿੰਘ, ਜਗਮੀਤ ਸਿੰਘ ਪੁੱਤਰ ਜੋਗਿੰਦਰ ਸਿੰਘ, ਗੁਰਦੀਪ ਸਿੰਘ ਪੁੱਤਰ ਪਠਾਣਾ ਸਿੰਘ, ਸਾਰੇ ਵਸਨੀਕ ਪਿੰਡ ਰੱਜਾਪੁਰ, ਪਾਲਾ ਚੱਕੀ ਵਾਲਾ, ਅਜੀਤ ਸਿੰਘ ਪੁੱਤਰ ਬੂਟਾ ਸਿੰਘ, ਰਾਜ ਸਿੰਘ ਉਰਫ ਕਾਲੂ ਉਰਫ ਕਾਲੀ, ਗੁਲਜ਼ਾਰ ਸਿੰਘ, ਸਤਨਾਮ ਸਿੰਘ ਮਹਿੰਦਰ ਸਿੰਘ, ਬਾਬੂ ਪੁੱਤਰ ਪਿਪਲ ਸਿੰਘ, ਨਾਨਕ ਸਿੰਘ ਪੁੱਤਰ ਕਸ਼ਮੀਰ ਸਿੰਘ, ਸਵਰਨ ਸਿੰਘ ਉਰਫ ਬੱਬੀ ਪੁੱਤਰ ਨਾਨਕ ਸਿੰਘ, ਬਲਬੀਰ ਸਿੰਘ ਉਰਫ ਬਿੱਲੂ ਪੁੱਤਰ ਚਮਨ ਸਿੰਘ, ਸਾਰੇ ਪਿੰਡ ਭੋਲੇਵਾਲ ਜਦੀਦ ਦੇ ਵਸਨੀਕ।ਉਨ੍ਹਾਂ ਕਿਹਾ ਕਿ ਪਿਛਲੇ 48 ਘੰਟਿਆਂ ਵਿੱਚ ਪੁਲਿਸ ਕਮਿਸ਼ਨਰੇਟ ਲੁਧਿਆਣਾ ਵਿੱਚ ਆਬਕਾਰੀ ਐਕਟ ਤਹਿਤ 519 ਕੇਸ ਦਰਜ ਕੀਤੇ ਗਏ ਹਨ ਅਤੇ 590 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, 1830 ਲੀਟਰ ਨਾਜਾਇਜ਼ ਸ਼ਰਾਬ, 12018.84 ਲੀਟਰ ਦੇਸੀ ਸ਼ਰਾਬ, 26391 ਲੀਟਰ ਅੰਗ੍ਰੇਜ਼ੀ ਸ਼ਰਾਬ ਅਤੇ 250367.750 ਲੀਟਰ ਲਾਹਣ ਜ਼ਬਤ ਕੀਤੀ ਗਈ।ਉਨ੍ਹਾਂ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਲੁਧਿਆਣਾ ਵਿੱਚ 18 ਮਈ, 2020 ਤੋਂ 1 ਅਗਸਤ, 2020 ਤੱਕ ਆਬਕਾਰੀ ਐਕਟ ਤਹਿਤ 270 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ, 301 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, 2 ਲੱਖ ਲੀਟਰ ਲਾਹਣ ਜ਼ਬਤ ਕੀਤੀ ਗਈ ਹੈ ਅਤੇ ਨਸ਼ਟ ਕਰ ਦਿੱਤਾ ਗਿਆ ਹੈ, 1612 ਲੀਟਰ ਨਾਜਾਇਜ਼ ਸ਼ਰਾਬ ਅਤੇ 4606 ਲੀਟਰ ਅੰਗ੍ਰੇਜ਼ੀ ਵਾਈਨ ਜ਼ਬਤ ਕੀਤੀ ਗਈ ਹੈ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਮੁਹਿੰਮ ਲਈ ਇੱਕ ਕਿਸ਼ਤੀ ਅਤੇ ਗੋਤਾਖੋਰਾਂ ਦੀਆਂ ਸੇਵਾਂਵਾਂ ਵੀ ਲਈਆਂ ਜਾ ਰਹੀਆਂ ਹਨ।ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਰਾਜ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਨਾਜਾਇਜ਼ ਸ਼ਰਾਬ ਦੇ ਸੇਵਨ ਕਾਰਨ ਕਈ ਵਿਅਕਤੀਆਂ ਦੀਆਂ ਜਾਨਾਂ ਗਈਆਂ ਅਤੇ ਦੋਸ਼ੀ ਪਾਏ ਗਏ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਕੇਸ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰ ਰਹੇ ਹਨ।