You are here

3 ਨਵੀਂਆਂ ਹੋਰ ਥਾਂਵਾਂ 'ਤੇ ਕੋਵਿਡ ਟੈਸਟ ਸ਼ੁਰੂ - ਮਮਤਾ ਆਸ਼ੂ

ਇਹ ਟੈਸਟ ਕਮਿਊਨਿਟੀ ਹੈਲਥ ਸੈਂਟਰਾਂ (ਸੀ.ਐਚ.ਸੀ.) ਜਵੱਦੀ, ਸੁਭਾਸ਼ ਨਗਰ ਅਤੇ ਗਿਆਸਪੁਰਾ ਵਿਖੇ ਹੋਣਗੇ

ਭਾਰਤ ਭੂਸ਼ਣ ਆਸ਼ੂ ਦੀ ਤਰਫੋਂ ਨਗਰ ਨਿਗਮ ਕੌਸਲਰ ਮਮਤਾ ਆਸ਼ੂ ਵੱਲੋਂ ਸੀ.ਐਚ.ਸੀ. ਦਾ ਦੌਰਾ, ਸਟਾਫ ਨੂੰ ਜਾਰੀ ਕੀਤੀਆਂ ਜ਼ਰੂਰੀ ਹਦਾਇਤਾ

ਇਲਾਕਾ ਨਿਵਾਸੀਆਂ ਨੂੰ ਕੀਤੀ ਅਪੀਲ,  ਕੋਵਿਡ-19 ਦੇ ਲੱਛਣ ਪਾਏ ਜਾਣ ਦੀ ਸੂਰਤ 'ਚ ਤੁਰੰਤ ਮੁਫ਼ਤ ਟੈਸਟ ਕਰਵਾਓ

ਲੁਧਿਆਣਾ, ਜੁਲਾਈ 2020 ( ਇਕ਼ਬਾਲ  ਸਿੰਘ ਰਸੂਲਪੁਰ/ਮਨਜਿੰਦਰ ਗਿੱਲ ) - ਪੰਜਾਬ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਤਰਫੋਂ, ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਅੱਜ ਸ਼ਹਿਰ ਦੇ ਜਵੱਦੀ ਖੇਤਰ ਵਿੱਚ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਦਾ ਦੌਰਾ ਕੀਤਾ ਅਤੇ ਸਟਾਫ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਕੋਵਿਡ-19 ਦੀ ਜਾਂਚ ਲੁਧਿਆਣਾ ਦੇ ਤਿੰਨ ਹੋਰ ਹੈਲਥ ਸੈਂਟਰਾਂ ਵਿਖੇ ਸ਼ੁਰੂ ਕੀਤੀ ਗਈ ਜੋ ਜਵੱਦੀ, ਸੁਭਾਸ਼ ਨਗਰ ਅਤੇ ਗਿਆਸਪੁਰਾ ਵਿਖੇ ਸਥਿਤ ਹਨ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਲੁਧਿਆਣਾ (ਪੱਛਮੀ) ਅਮਰਿੰਦਰ ਸਿੰਘ ਮੱਲ੍ਹੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।ਉਨ੍ਹਾਂ ਕਿਹਾ ਕਿ ਇਨ੍ਹਾਂ ਕੋਵਿਡ-19 ਜਾਂਚ ਦੀਆਂ ਸਹੂਲਤਾਂ ਦੇ ਸ਼ੁਰੂ ਹੋਣ ਨਾਲ ਕੋਵਿਡ ਟੈਸਟ ਕਰਵਾਉਣ ਲਈ ਕੁੱਲ ਸਰਕਾਰੀ ਸੈਂਟਰਾਂ ਦੀ ਗਿਣਤੀ 6 ਹੋ ਗਈ ਹੈ।ਜਿਕਰਯੋਗ ਹੈ ਕਿ ਹੁਣ ਉਪਰੋਕਤ ਕਮਿਊਨਿਟੀ ਹੈਲਥ ਸੈਂਟਰਾਂ ਦੇ ਨਾਲ-ਨਾਲ ਸਿਵਲ ਹਸਪਤਾਲ, ਚੰਡੀਗੜ੍ਹ ਰੋਡ 'ਤੇ ਵਰਧਮਾਨ ਮਿਲਜ਼ ਨੇੜੇ ਮਦਰ ਚਾਈਲਡ ਹਸਪਤਾਲ, ਨਹਿਰੂ ਰੋਜ਼ ਗਾਰਡਨ ਨੇੜੇ ਮੈਰੀਟੋਰੀਅਸ ਸਕੂਲ, ਪੁਲਿਸ ਲਾਈਨਜ਼ (ਪੁਲਿਸ ਮੁਲਾਜ਼ਮਾਂ ਲਈ), ਸੈਂਟਰਲ ਜੇਲ੍ਹ (ਕੈਦੀਆਂ/ਹਵਾਲਾਤੀਆਂ ਲਈ) ਅਤੇ ਮੋਬਾਈਲ ਟੀਮਾਂ ਦੁਆਰਾ ਕੰਟੇਨਮੈਂਟ/ਮਾਈਕਰੋ-ਕੰਟੇਨਮੈਂਟ ਜ਼ੋਨਾਂ ਵਿੱਚ ਕੋਵਿਡ ਟੈਸਟ ਲਈ ਸੈਂਪਲ ਲਏ ਜਾ ਰਹੇ ਹਨ।ਸ੍ਰੀਮਤੀ ਆਸ਼ੂ ਨੇ ਕਿਹਾ ਕਿ ਕਿਸੇ ਖਾਸ ਜਗ੍ਹਾ 'ਤੇ ਅਜਿਹੇ ਵਿਅਕਤੀਆਂ ਦੀ ਵੱਡੀ ਆਮਦ ਨੂੰ ਦੂਰ ਕਰਨ ਲਈ ਤਿੰਨ ਹੋਰ ਥਾਵਾਂ ਸ਼ਾਮਲ ਕੀਤੀਆਂ ਗਈਆਂ, ਜਿਥੇ ਵੱਡੀ ਗਿਣਤੀ ਵਿਚ ਲੋਕ ਆਪਣੇ ਟੈਸਟ ਬਿਲਕੁਲ ਮੁਫਤ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਨਾਗਰਿਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।ਸ੍ਰੀਮਤੀ ਮਮਤਾ ਆਸ਼ੂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ-19 ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਲੱਛਣ ਮਹਿਸੂਸ ਕਰਨ ਦੀ ਸੂਰਤ ਵਿੱਚ ਤੁਰੰਤ ਨੇੜਲੇ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਹੋ ਕੇ ਆਪਣੀ ਜਾਂਚ ਕਰਵਾਉਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸ਼ਹਿਰ ਵਾਸੀਆਂ ਨੂੰ ਮਾਸਕ ਪਹਿਨਣੇ, ਸਰੀਰਕ ਦੂਰੀ ਅਤੇ ਹੱਥਾਂ ਦੀ ਸਫਾਈ ਰੱਖਣੀ ਬੇਹੱਦ ਜ਼ਰੂਰੀ ਹੈ।