ਦਿੱਲੀ ਪੈਟਰਨ 'ਤੇ ਲੱਗ ਸਕਦਾ ਪੱਕਾ ਮੋਰਚਾ
ਜਗਰਾਉਂ , 29 ਦਸੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ ) ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਮੌਤ ਲਈ ਮੁੱਖ ਦੋਸ਼ੀ ਡੀ.ਐਸ.ਪੀ. ਗੁਰਿੰਦਰ ਬੱਲ ਤੇ ਚਾਰ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ 3 ਜਨਵਰੀ ਨੂੰ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਅੱਗੇ ਦਿੱਤੇ ਜਾ ਰਹੇ ਵਿਸਾਲ਼ ਧਰਨੇ ਦੀਆਂ ਤਿਆਰੀਆਂ ਸਬੰਧੀ ਕਿਰਤੀ ਕਿਸਾਨ ਯੂਨੀਅਨ , ਪੇਂਡੂ ਮਜ਼ਦੂਰ ਯੂਨੀਅਨ , ਨੌਜਵਾਨ ਭਾਰਤ ਸਭਾ, ਕੁੱਲ ਹਿੰਦ ਕਿਸਾਨ ਸਭਾ, ਕਿਸਾਨ ਯੂਨੀਅਨ ਤੇ ਅੰਬੇਡਕਰੀ ਸੰਸਥਾਵਾਂ ਵਲੋਂ ਜਗਰਾਉਂ ਰਾਏਕੋਟ ਮੁੱਲਾਂਪੁਰ ਸਿਧਵਾਂਬੇਟ ਤੇ ਲੁਧਿਆਣਾ ਏਰੀਆ ਦੇ ਪਿੰਡਾਂ ਵਿੱਚ ਵੱਖ-ਵੱਖ ਮੀਟਿੰਗਾਂ ਕਰਕੇ ਆਮ ਲੋਕਾਂ ਨੂੰ 3 ਜਨਵਰੀ ਨੂੰ ਐਸ.ਐਸ.ਪੀ. ਦਫ਼ਤਰ ਅੱਗੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਹਿੱਸਾ ਲੈਣ ਲਈ ਵੀ ਆਮ ਲੋਕਾਂ ਨੂੰ ਲਾਮਬੰਦ ਕੀਤਾ। ਇਹਨਾਂ ਮੀਟਿੰਗਾਂ ਨੂੰ ਜਿਥੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਤਹਿਸੀਲ ਆਗੂ ਬਲਵਿੰਦਰ ਸਿੰਘ ਪੋਨਾ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ ਨੇ ਸੰਬੋਧਨ ਕੀਤਾ ਉਥੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਆਦਿ ਨੇ ਸੰਬੋਧਨ ਕੀਤਾ ਤੇ ਦੋਸ਼ੀ ਡੀ.ਐਸ.ਪੀ. ਗੁਰਿੰਦਰ ਬੱਲ ਸਮੇਤ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸੀਖਾਂ ਪਿੱਛੇ ਬੰਦ ਕਰਨ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਆਮ ਲੋਕਾਂ ਨੂੰ ਤਾਂ ਪੁਲਿਸ ਬਿਨਾਂ ਮੁਕੱਦਮੇ ਤੋਂ ਵੀ ਟੱਬਰ ਸਮੇਤ ਚੁੱਕ ਲਿਆਂਉਦੀ ਹੈ ਇਥੇ ਮੌਤ ਤੋਂ ਬਾਦ ਸੰਗੀਨ ਧਰਾਵਾਂ ਅਧੀਨ ਦਰਜ ਕੀਤੇ ਮੁਕੱਦਮੇ ਦੇ ਦੋਸ਼ੀਆਂ ਨੂੰ ਪੁਲਿਸ ਨੇ ਜਾਣਬੁੱਝ ਕੇ ਖੁੱਲ਼ਾ ਛੱਡਿਆ ਹੋਇਆ ਹੈ।