ਨਵੀਂ ਦਿੱਲੀ,ਜੁਲਾਈ 2020 -(ਏਜੰਸੀ)- ਕੋਰੋਨਾ ਨਾਲ ਇਨਫੈਕਸ਼ਨ ਦੇ 45,270 ਨਵੇਂ ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਬਿਮਾਰੀ ਦੀ ਚਪੇਟ 'ਚ ਆਉਣ ਵਾਲਿਆਂ ਦਾ ਅੰਕੜਾ ਵੀਰਵਾਰ ਨੂੰ 12 ਲੱਖ ਤੋਂ ਪਾਰ ਹੋ ਗਿਆ। ਦੇਸ਼ 'ਚ ਹੁਣ ਤਕ 12,38,635 ਲੋਕ ਇਸ ਬਿਮਾਰੀ ਤੋਂ ਪੀੜਤ ਹੋ ਚੁੱਕੇ ਹਨ। ਇਸੇ ਤਰ੍ਹਾਂ 1,129 ਹੋਰ ਲੋਕਾਂ ਦੀ ਮੌਤ ਨਾਲ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 29,681 ਹੋ ਗਈ ਹੈ। ਇਨਫੈਕਟਿਡ ਦੀ ਗਿਣਤੀ 11 ਤੋਂ 12 ਲੱਖ ਹੋਣ 'ਚ ਸਿਰਫ਼ ਤਿੰਨ ਲੱਗੇ। ਇਸੇ ਦੌਰਾਨ ਚੰਗੀ ਖ਼ਬਰ ਇਹ ਹੈ ਕਿ ਠੀਕ ਹੋਣ ਵਾਲਿਆਂ ਦੀ ਦਰ 63.18 ਫ਼ੀਸਦੀ ਹੋ ਗਈ ਹੈ। 24 ਘੰਟਿਆਂ 'ਚ 29,557 ਮਰੀਜ਼ ਠੀਕ ਵੀ ਹੋਏ ਹਨ। ਇਸੇ ਤਰ੍ਹਾਂ ਹੁਣ ਤਕ 7,82,606 ਮਰੀਜ਼ ਠੀਕ ਹੋ ਚੁੱਕੇ ਹਨ। ਮੌਜੂਦਾ ਸਮੇਂ 'ਚ 3,56,439 ਲੋਕ ਇਨਫੈਕਟਿਡ ਹਨ ਕੋਰੋਨਾ ਦੀ ਜਾਂਚ ਦੀ ਗਿਣਤੀ ਵੀ ਡੇਢ ਕਰੋੜ ਤੋਂ ਵੱਧ ਹੋ ਚੁੱਕੀ ਹੈ। ਆਈਸੀਐੱਮਆਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ 3,50,823 ਨਮੂਨਿਆਂ ਦੀ ਜਾਂਚ ਹੋਣ ਦੇ ਨਾਲ ਹੀ 22 ਜੁਲਾਈ ਤਕ ਕੁਲ 1,50,75,369 ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ। ਆਈਸੀਐੱਮਆਰ 'ਚ ਵਿਗਿਆਨੀਆਂ ਤੇ ਮੀਡੀਆ ਕਨਵੀਨਰ ਲੋਕੇਸ਼ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ ਤਕ ਤਿੰਨ ਦਿਨਾਂ 'ਚ 10 ਲੱਖ ਨਮੂਨਿਆਂ ਦੀ ਜਾਂਚ ਕੀਤੀ ਗਈ। ਜਾਂਚ ਦੀ ਸਮਰੱਥਾ ਵਧ ਕੇ ਰੋਜ਼ਾਨਾ ਚਾਰ ਲੱਖ ਨਮੂਨਿਆਂ ਦੀ ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਹੁਣ ਤਕ 7,82,606 ਲੋਕ ਠੀਕ ਹੋ ਚੁੱਕੇ ਹਨ। ਠੀਕ ਹੋਣ ਦੀ ਦਰ 'ਚ ਸ਼ਲਾਘਾਯੋਗ ਤਰੱਕੀ ਹੋਈ ਹੈ ਤੇ ਇਹ 63.18 ਫ਼ੀਸਦੀ ਹੈ। ਮੰਤਰਾਲੇ ਨੇ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੀ ਰਣਨੀਤੀ ਨਾਲ ਇਹ ਪ੍ਰਰਾਪਤੀ ਹਾਸਲ ਹੋਈ ਹੈ। ਕੇਂਦਰ, ਸੂਬਿਆਂ ਤੇ ਕੇਂਦਰ ਸ਼ਾਸਿਤ ਰਾਜਾਂ ਦੇ ਲਗਾਤਾਰ ਯਤਨਾਂ ਕਾਰਨ ਜ਼ੋਰ-ਸ਼ੋਰ ਨਾਲ ਜਾਂਚ ਤੇ ਇਲਾਜ ਦੀ ਵਿਵਸਥਾ ਕੀਤੀ ਜਾ ਰਹੀ ਹੈ। ਸਾਂਝੇ ਨਿਗਰਾਨੀ ਸਮੂਹ (ਜੇਐੱਮਜੀ) ਵਰਗੇ ਮਾਹਰਾਂ ਦੀ ਟੀਮ ਨੇ ਇਸ ਲਈ ਮਾਰਗਦਰਸ਼ਨ ਕੀਤਾ ਹੈ ਤੇ ਏਮਜ਼ ਦਿੱਲੀ ਦੇ ਤਕਨੀਕੀ ਮਾਹਰਾਂ, ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ 'ਚ ਸਿਹਤ ਕੇਂਦਰਾ, ਆਈਸੀਐੱਮਆਰ ਤੇ ਰਾਸ਼ਟਰੀ ਬਿਮਾਰੀ ਕੰਟਰੋਲ ਕੇਂਦਰ (ਐੱਨਸੀਡੀਸੀ) ਨੇ ਇਸ 'ਚ ਮਦਦ ਕੀਤੀ ਹੈ। ਮੰਤਰਾਲੇ ਨੇ ਕਿਹਾ ਕਿ ਤਾਲਮੇਲ ਦੇ ਯਤਨਾਂ ਦੀ ਬਦੌਲਤ ਮੌਤ ਦੀ ਦਰ ਹੇਠਲੇ ਪੱਧਰ 'ਤੇ ਬਣਾਈ ਰੱਖਣ 'ਚ ਮਦਦ ਮਿਲੀ ਹੈ। ਇਹ ਅਜੇ 2.41 ਫ਼ੀਸਦੀ ਹੈ ਤੇ ਇਸ 'ਚ ਹੋਰ ਕਮੀ ਆ ਰਹੀ ਹੈ। ਸਿਹਤ ਮੰਤਰਾਲੇ ਮੁਤਾਬਕ ਵੀਰਵਾਰ ਨੂੰ 45,720 ਜਿਹੜੇ ਨਵੇਂ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ 'ਚ ਸਭ ਤੋਂ ਵੱਧ 10,764 ਕੇਸ ਮਹਾਰਾਸ਼ਟਰ ਦੇ ਹਨ। ਇਸੇ ਤਰ੍ਹਾਂ ਤਾਮਿਲਨਾਡੂ 5849, ਕਰਨਾਟਕ 4,764, ਉੱਤਰ ਪ੍ਰਦੇਸ਼ 2300, ਬੰਗਾਲ 'ਚ 2291, ਤੇਲੰਗਾਨਾ 1554, ਬਿਹਾਰ 1417, ਅਸਾਮ 130, ਦਿੱਲੀ 1227, ਓਡੀਸ਼ਾ 1078, ਕੇਰਲ 1038 ਤੇ ਗੁਜਰਾਤ 'ਚ 1020 ਨਵੇਂ ਮਾਮਲੇ ਦਰਜ ਕੀਤੇ ਗਏ। ਇਸੇ ਤਰ੍ਹਾਂ 24 ਘੰਟਿਆਂ 'ਚ ਜਿਨ੍ਹਾਂ 1129 ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ 'ਚ ਸਭ ਤੋਂ ਵੱਧ 518 ਮੌਤਾਂ ਤਾਮਿਲਨਾਡੂ 'ਚ ਹੋਈਆਂ ਹਨ। ਮਹਾਰਾਸ਼ਟਰ 'ਚ 280, ਆਂਧਰ ਪ੍ਰਦੇਸ਼ 'ਚ 65, ਕਰਨਾਟਕ 'ਚ 55, ਬੰਗਾਲ 'ਚ 39, ਉੱਤਰ ਪ੍ਰਦੇਸ਼ 'ਚ 34, ਦਿੱਲੀ 'ਚ 29, ਗੁਜਰਾਤ 'ਚ 28, ਮੱਧ ਪ੍ਰਦੇਸ਼ 'ਚ 14 ਤੇ ਜੰਮੂ-ਕਸ਼ਮੀਰ 'ਚ 10 ਲੋਕਾਂ ਦੀ ਮੌਤ ਹੋਈ ਹੈ। ਝਾਰਖੰਡ ਤੇ ਤੇਲੰਗਾਨਾ 'ਚ ਨੌਂ-ਨੌਂ, ਹਰਿਆਣਾ 'ਚ ਅੱਠ, ਅਸਾਮ, ਪੰਜਾਬ ਤੇ ਰਾਜਸਥਾਨ 'ਚ ਛੇ-ਛੇ ਲੋਕਾਂ ਦੀ ਮੌਤ ਹੋਈ ਹੈ।