ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਚੰਗੇ-ਮੰਦੇ, ਸੱਜਣ-ਗੱਦਾਰ ਰੂਪੀ ਚਿਹਰਿਆਂ ਦੀ ਸਹੀ ਪਛਾਣ ਕਰਨਾ ਹਰੇਕ ਪੰਜਾਬੀ ਦਾ ਨੈਤਿਕ ਫਰਜ ਬਣਦਾ ਹੈ,ਜੋ ਕਿ ਅਜੇ ਤੱਕ ਬਹੁਤ ਹੀ ਘੱਟ ਲੋਕਾਂ ਨੇ ਨਿਭਾਇਆ ਹੈ।ਕਿਸੇ ਵੇਲੇ 'ਸੋਨੇ ਦੀ ਚਿੜੀ' ਦਾ ਦਰਜਾ ਪ੍ਰਾਪਤ ਕਰਨ ਵਾਲਾ ਪੰਜਾਬ ਅੱਜ ਬਰਬਾਦੀ ਦੇ ਕੰਢੇ 'ਤੇ ਆਣ ਖੜਾ ਹੈ,ਹਰ ਪਾਸੇ ਹਫੜਾ-ਦਫੜੀ ਅਤੇ ਆਪੋ-ਧਾਪੀ ਮੱਚੀ ਹੋਈ ਹੈ।ਸਮੇਂ-ਸਮੇਂ ਦੇ ਹਾਕਮਾਂ ਨੇ ਹੁਣ ਤੱਕ ਸਿਰਫ਼ ਆਪਣੀ ਕੁਰਸੀ ਦੀ ਭੁੱਖ ਨੂੰ ਮਿਟਾਉਣ ਲਈ ਪੰਜਾਬ ਨੂੰ ਰੱਜ ਕੇ ਲੁੱਟਿਆ ਹੈ ਅਤੇ ਅੱਜ ਵੀ ਇਹ ਲੁੱਟ-ਖਸੁੱਟ ਬੇਰੋਕ ਜਾਰੀ ਹੈ।ਇਸ ਵਕਤ ਪੰਜਾਬ ਦੇ ਲੋਕਾਂ ਦੀ ਹਾਲਤ ਆਰਥਿਕ ਤੌਰ ਉੱਪਰ ਟੁੱਟੇ ਹੋਏ ਉਸ ਜੱਟ ਵਰਗੀ ਹੈ,ਜਿਹੜਾ ਆਪਣੀ ਗਰਜ਼ ਪੂਰੀ ਕਰਨ ਲਈ ਕੋਈ ਵੀ ਗਲਤ ਕਦਮ ਚੁੱਕਣ ਤੋਂ ਵੀ ਪਰਹੇਜ਼ ਨਹੀਂ ਕਰਦਾ।ਹੁਣ ਤੱਕ ਜੋ ਵੀ ਇੰਨਾ ਲੋਕ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਖੜ੍ਹਾ ਹੁੰਦਾ ਰਿਹਾ ਹੈ,ਉਸ ਦੀ ਕਿਸੇ ਨਾ ਕਿਸੇ ਢੰਗ ਨਾਲ ਆਵਾਜ਼ ਦਬਾ ਦਿੱਤੀ ਜਾਂਦੀ ਰਹੀ ਹੈ।ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬ ਦੇ ਲੋਕ ਹੁਣ ਸਿਰਫ ਨਿੱਜਤਾ ਲਈ ਜਿਉਂ ਰਹੇ ਹਨ,ਜਦਕਿ ਚਾਹੀਦਾ ਇਹ ਹੈ ਕਿ ਉਹ ਪੰਜਾਬ ਲਈ ਜਿਉਣ।ਗੁਰੂਆਂ,ਪੀਰਾਂ ਦੀ ਧਰਤੀ ਅਖਵਾਉਣ ਵਾਲਾ ਪੰਜਾਬ ਅੱਜ ਧਰਨਿਆਂ ਮੁਜ਼ਾਹਰਿਆਂ ਦੀ ਧਰਤੀ ਬਣ ਕੇ ਰਹਿ ਗਿਆ ਹੈ।ਅੱਜ ਪੰਜਾਬ ਦੀ ਜਵਾਨੀ ਨੂੰ ਰੁਜ਼ਗਾਰ ਲੈਣ ਲਈ ਪੰਜਾਬ ਦੇ ਹਾਕਮਾਂ ਦੇ ਹੁਕਮ 'ਤੇ ਪੰਜਾਬ ਪੁਲਿਸ ਵੱਲੋਂ ਵਰਦੀਆਂ ਡਾਂਗਾਂ ਝੱਲਣੀਆਂ ਪੈਂਦੀਆਂ ਹਨ।ਜਿਸ ਕਾਰਨ ਪੜ੍ਹੇ ਲਿਖੇ ਨੌਜਵਾਨ ਸਰੀਰਕ ਅਤੇ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਹੋਕੇ ਦਿਮਾਗੀ ਬੋਝ ਹੇਠ ਦੱਬ ਰਹੇ ਹਨ।ਇਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੀ ਸੱਰਦੀ-ਪੁੱਜਦੀ ਜਵਾਨੀ ਵਿਦੇਸ਼ਾਂ ਵੱਲ ਕੂਚ ਕਰ ਰਹੀ ਹੈ ਅਤੇ ਪੰਜਾਬ ਦੇ ਨਾਲ ਖੜਨ ਵਾਲੀ ਲੋੜਵੰਦ ਜਵਾਨੀ ਅਜੇ ਤੱਕ ਡੰਡੇ ਖਾ ਰਹੀ ਹੈ ਅਤੇ ਬਾਕੀ ਬਚੀ ਖੁਚੀ ਸਰਕਾਰਾਂ ਦੀ ਗਲਤੀ ਨੀਤੀ ਕਾਰਨ ਨਸ਼ਿਆ ਵਿੱਚ ਵੜ ਗਈ।ਹਸਪਤਾਲਾਂ ਵਿਚ ਡਾਕਟਰ ਨਹੀਂ ਹਨ,ਬਿਜਲੀ ਘਰਾਂ ਵਿਚ ਮੁਲਾਜ਼ਮ ਨਹੀਂ ਹਨ, ਸਕੂਲਾਂ ਵਿੱਚ ਪੂਰੇ ਅਧਿਆਪਕ ਨਹੀਂ ਹਨ ਅਤੇ ਹਰ ਸਰਕਾਰੀ ਮਹਿਕਮਾ ਖ਼ਸਤਾ ਹਾਲਤ ਵਿਚ ਹੈ।ਟੈਕਸ ਇੰਨੇ ਜ਼ਿਆਦਾ ਹਨ,ਕੀ ਬੰਦੇ ਦੇ ਪੂਰੇ ਜੀਵਨ ਦੀ ਅੱਧੀ ਕਮਾਈ ਟੈਕਸ ਦੇਣ ਵਿੱਚ ਹੀ ਲੱਗ ਜਾਂਦੀ ਹੈ। ਸਰਕਾਰਾਂ ਹਰੇਕ ਸੈਕਟਰ ਦਾ ਵੱਡੇ ਪੈਮਾਨੇ 'ਤੇ ਨਿੱਜੀਕਰਨ ਕਰਕੇ ਹੌਲ-ਹੌਲੀ ਧਨਾਢਾਂ ਦੇ ਹੱਥ ਸੂਬੇ ਨੂੰ ਵੇਚਣ ਅਤੇ ਨਿੱਜੀ ਨਫ਼ੇ ਵਸੂਲਣ ਲਈ ਉਤਾਵਲੀਆਂ ਹਨ।ਹਰ ਆਮ ਬੰਦਾ ਇਹ ਸੋਚ ਕੇ ਹੈਰਾਨ ਹੁੰਦਾ ਹੈ ਕਿ ਦਿਨੋਂ-ਦਿਨ ਗਰੀਬ ਹੋ ਰਹੇ ਪੰਜਾਬ ਦੇ ਲੀਡਰ ਰਾਤੋ-ਰਾਤ ਕਿਵੇਂ ਅਮੀਰ ਹੁੰਦੇ ਜਾ ਰਹੇ ਹਨ।ਫਿਰ ਇਹ ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਤ ਕਿਉਂ ਨਾ ਹੋਣ। ਦੂਸਰੇ ਪਾਸੇ, ਕਿਸੇ ਵੀ ਦੇਸ਼/ਸੂਬੇ ਦਾ ਭਵਿੱਖ ਮੰਨੀ ਜਾਂਦੀ ਨੌਜਵਾਨ ਪੀੜੀ ਬੁਰੀ ਤਰ੍ਹਾਂ ਨਿਰਾਸ਼ ਹੈ, ਲੱਖਾਂ ਰੁਪਏ ਖਰਚ ਕਰਕੇ ਲਈਆਂ ਡਿਗਰੀਆਂ ਉਹਨਾਂ ਨੂੰ ਵੱਡ ਖਾਣ ਨੂੰ ਆਉਂਦੀਆਂ ਹਨ।ਇਸੇ ਨਿਰਾਸ਼ਾ ਦੇ ਆਲਮ ਵਿਚੋਂ ਨਿਕਲਣ ਲਈ ਉਹ ਕਈ ਵਾਰ ਫਰਜ਼ੀ ਏਜੰਟਾਂ ਧੱਕੇ ਚੜਕੇ ਲੱਖਾਂ ਦਾ ਕਰਜ਼ਾ ਚੁੱਕ ਵਿਦੇਸ਼ਾਂ ਵਿੱਚ ਆਪਣਾ ਅਤੇ ਪਰਿਵਾਰ ਦਾ ਬਿਹਤਰ ਭਵਿੱਖ ਤਲਾਸ਼ਣ ਲਈ ਤੁਰ ਪੈਂਦੇ ਹਨ। ਜੋ ਕਿ ਅੱਗੇ ਜਾਕੇ ਵੱਡੀ ਠੱਗੀ ਦਾ ਸ਼ਿਕਾਰ ਹੁੰਦੇ ਹਨ।ਜਿਨ੍ਹਾਂ ਨੂੰ ਨੌਕਰੀਆਂ ਪੰਜਾਬ ਵਿੱਚ ਮਿਲ ਗਈਆਂ ਪਰ ਵਿਚਾਰੇ ਇਮਾਨਦਾਰੀ ਪਾਲੀ ਬੈਠੇ ਹਨ।ਉਹ ਵੀ ਸਰਕਾਰੀ ਤੰਤਰ ਤੋਂ ਬੁਰੀ ਤਰ੍ਹਾਂ ਨਿਰਾਸ਼ ਹਨ।ਅੱਜ ਸਾਡੇ ਸਮਾਜ ਵਿੱਚ ਰਿਸ਼ਵਖੋਰ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਤੋਂ ਨਫ਼ਰਤ ਕਰਦੇ ਹਨ।ਉਹ ਭਾਰੂ ਵੀ ਹਨ ਕਿਉਂਕਿ ਅੱਜ ਇਮਾਨਦਾਰਾਂ ਦੀ ਗਿਣਤੀ ਰਿਸ਼ਵਤਖੋਰਾਂ ਦੇ ਸਾਹਮਣੇ ਨਾ ਦੇ ਬਰਾਬਰ ਹੈ।ਪੰਜਾਬ ਵਿਚ ਬਣਦੀਆਂ ਸਰਕਾਰਾਂ ਦੇ ਮੋਢੀ ਲੀਡਰ ਮੋਮੋਠਗਨੀਆਂ ਸਕੀਮਾਂ ਲਿਆ ਕੇ ਬਸ ਆਪਣੇ ਵੋਟ ਬੈਂਕ ਪੱਕੇ ਕਰਦੇ ਹਨ।ਕੋਈ ਇਹਨਾਂ ਹਾਕਮਾਂ ਨੂੰ ਹੁਣ ਤੱਕ ਇਹ ਸੱਚੀ ਗੱਲ ਦੱਸਣ ਜਾਂ ਸਮਝੀਂ ਪਾਉਣ ਵਾਲਾ ਅਰਥਸ਼ਾਸਤਰੀ ਨਹੀਂ ਮਿਲਿਆ।ਜਿਹੜਾ ਸਰਕਾਰਾਂ ਨੂੰ ਇਹ ਸਮਝਾ ਸਕੇ ਕਿ ਇਹਨਾਂ ਲੌਲੀਪੌਪ ਸਕੀਮਾਂ ਨਾਲ ਪੰਜਾਬ ਦੀ ਆਰਥਿਕਤਾ ਅਤੇ ਗਰੀਬ ਜਵਾਨੀ ਬੁਰੀ ਤਰ੍ਹਾਂ ਤਬਾਹ ਹੋ ਰਹੀ ਹੈ ਕਿਉਂਕਿ ਇਸ ਨਾਲ ਜਵਾਨੀ ਵਿਹਲੜ ਤੇ ਨਿਕੰਮੀ ਹੋ ਰਹੀ ਹੈ।ਤੁਸੀ ਉਹਨਾਂ ਨੂੰ ਕੰਮ ਦਿਉ ਉਹ ਆਪਣੀ ਲੋੜ ਅਤੇ ਸਹੂਲਤ ਅਨੁਸਾਰ ਵਸਤਾਂ ਆਪੇ ਖਰੀਦ ਲੈਣਗੇ।ਇਹ ਵੀ ਸਿਆਸੀ ਧਿਰਾਂ ਦੀ ਇਕ ਸ਼ੂਰੂ ਤੋਂ ਚਾਲ ਹੀ ਰਹੀ ਹੈ ਕਿ ਗਰੀਬ ਜਨਤਾ ਨੂੰ ਥੋੜ੍ਹਾ ਬਹੁਤ ਲਾਲਚ ਦੇਕੇ,ਆਪਣੇ ਪਿੱਛੇ ਕਿਵੇਂ ਲਾਈਆਂ ਜਾਵੇ।ਤਾਂ ਜੋ ਦੂਜਿਆਂ ਦੀਆਂ ਜ਼ਾਇਜ ਮੰਗਾਂ ਨੂੰ ਇਹ ਲੀਡਰ ਆਪਣੀ ਗੰਦੀ ਸਿਆਸਤ ਰੂਪੀ ਚਾਦਰ ਨਾਲ ਢੱਕ ਸਕਣ।ਸਾਡਾ ਸੜਕੀ ਢਾਂਚਾ ਜਿਹੜਾ ਕਿ ਇਕ ਮੁਲਕ ਅਤੇ ਸੂਬੇ ਦੀ ਤਰੱਕੀ ਦਾ ਅਹਿਮ ਅੰਗ ਮੰਨਿਆਂ ਜਾਂਦਾ ਹੈ।ਉਹ ਬੁਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਅੰਗਰੇਜ਼ਾ ਦੇ ਸਮੇਂ ਬਣੀਆਂ ਕਈ ਸੜਕਾਂ ਅਤੇ ਪੁਲ ਅੱਜ ਤੱਕ ਵੀ ਸਥਾਪਿਤ ਹਨ ਪਰੰਤੂ ਸਾਡੇ ਦੇਸ਼ ਭਗਤਾਂ ਵੱਲੋਂ ਬਣਾਈਆਂ ਸੜਕਾਂ ਦੀ ਮੁਨਿਆਦ ਇਕ ਸਾਲ ਤੋਂ ਵਧੇਰੇ ਨਹੀਂ ਹੁੰਦੀ।ਅੱਜ ਦੇ ਸਮੇਂ ਮਿਲੀਭੁਗਤ ਦਾ ਭਰਿਸ਼ਟਾਚਾਰ ਮੋਟੀ ਕਮਾਈ ਕਰ ਰਿਹਾ ਹੈ। ਪੰਜਾਬ ਦਾ ਕਿਸਾਨ ਜੋ ਕਿਸੇ ਸਮੇਂ ਪੂਰੀ ਦੁਨੀਆਂ ਵਿੱਚ ਪ੍ਰਥਮ ਸੀ ਆਨਾਜ ਪੈਦਾ ਕਰਨ ਵਿੱਚ ਅੱਜ ਉਹ ਖੁਦਕੁਸ਼ੀ ਕਰਨ ਵਿੱਚ ਮਸ਼ਹੂਰ ਹੈ।ਪ੍ਰੰਤੂ ਗੂੰਗੀ ਬੋਲੀ,ਅੰਨ੍ਹੀ ਅਫਸਰਸ਼ਾਹੀ ਅਤੇ ਸਿਆਸੀ ਲੀਡਰਸ਼ਿਪ ਲੰਮੀਆਂ ਤਾਣ ਕੇ ਸੁੱਤੀ ਪਈ ਬਰਬਾਦ ਹੋ ਰਹੇ ਪੰਜਾਬ ਦਾ ਤਮਾਸ਼ਾ ਵੇਖ ਰਹੀ ਹੈ। ਪੰਜਾਬ ਦਾ ਪੈਸਾ ਤੇ ਸਰਮਾਇਆ ਧੜਾਧੜ ਆਈਲੈਟ ਰਾਂਹੀ ਵਿਦੇਸ਼ਾਂ ਨੂੰ ਜਾ ਰਿਹਾ ਹੈ।ਪਹਿਲਾਂ ਪੰਜਾਬ ਦੇ ਲੋਕ ਵਿਦੇਸ਼ਾਂ ਵਿੱਚ ਕਮਾਈ ਕਰਕੇ ਵਾਪਸ ਮੁੜ ਆਉਣ ਲਈ ਜਾਂਦੇ ਸਨ ਪਰੰਤੂ ਹੁਣ ਪੰਜਾਬ ਦੇ ਪ੍ਰਬੰਧਕੀ ਢਾਂਚੇ ਤੋਂ ਨਿਰਾਸ਼ ਹੋ ਕੇ ਵਿਦੇਸ਼ ਪੱਕੇ ਤੌਰ 'ਤੇ ਵੱਸਣ ਲਈ ਜਾਂਦੇ ਜਾ ਰਹੇ ਹਨ।ਜਿਸ ਕਾਰਨ ਪੰਜਾਬ ਸਿਰਫ਼ ਨੌਜਵਾਨੀ ਹੀ ਨਹੀਂ ਬਲਕਿ ਆਪਣਾ ਭਵਿੱਖ ਸੰਵਾਰਨ ਪੱਖੋ ਵੀ ਦਿਨੋਂ-ਦਿਨ ਵਾਂਝਾ ਹੋ ਰਿਹਾ ਹੈ।ਪੰਜਾਬ ਵਿੱਚ ਸਿਆਸੀ ਪਾਰਟੀਆਂ ਦੇ ਜਮਘਟੇ ਨੇ ਸਥਿਤੀ ਪੂਰੀ ਤਰ੍ਹਾਂ ਭੰਬਲਭੂਸੇ ਵਾਲੀ ਬਣਾਈ ਹੋਈ ਹੈ।ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਕੌਣ ਪੰਜਾਬ ਦਾ ਹਮਦਰਦ ਹੈ ਅਤੇ ਕੌਣ ਫਸਲੀ ਬਟੇਰਾ।ਸਿਆਸਤਦਾਨਾਂ ਦੀ ਆਪਸੀ ਮਤਲਬੀ ਗੰਢਤੁੱਪ ਨੇ ਸਾਰੇ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਇਹ ਗੱਲ ਜਚਾਉਣ ਦੀ ਪੂਰੀ ਤਾਣ ਲਾਈ ਹੋਈ ਹੈ ਕਿ ਅਸੀਂ ਹੀ ਸੱਚੇ-ਸੁੱਚੇ ਅਤੇ ਤੁਹਾਡੇ ਆਪਣੇ ਹਾਂ ਬਾਕੀ ਸਭ ਚੋਰ ਹਨ।ਅਜਿਹੇ ਹੱਕ ਮਾਰੂ ਨੇਤਾਵਾਂ ਪਾਸੋਂ ਕਿਨਾਰਾ ਕਰਨਾ ਪੰਜਾਬ ਦੀ ਅਹਿਮ ਲੋੜ ਹੈ ਅਤੇ ਇਸ ਲਈ ਹਰ ਪੰਜਾਬੀ ਨੂੰ ਪੰਜਾਬ ਦੇ ਹੱਕ ਲਈ ਅੱਗੇ ਹੋਕੇ ਸਿਸਟਮ ਨਾਲ ਸੱਚਾਈ ਦੀ ਜੰਗ ਲੜਨੀ ਪਵੇਗੀ ਤਾਂ ਹੀ ਸਾਡੀਆਂ ਆਉਣ ਵਾਲੀਆਂ ਨਸਲਾਂ ਪੰਜਾਬ ਵਿੱਚ ਰਹਿਣ ਦੇ ਕਾਬਲ ਹੋ ਸਕਣਗੀਆਂ।ਨਹੀਂ ਤਾਂ ਬਾਕੀ ਬਚੇ-ਖੁਚੇ ਸੂਬੇ ਨੂੰ ਵੀ ਇਹ ਲੀਡਰ,ਅਗਾਂਹ ਉਨ੍ਹਾਂ ਦੇ ਬੱਚੇ,ਰਿਸ਼ਤੇਦਾਰ ਅਤੇ ਕਈ ਪਾਲੇ ਹੋਏ ਚਾਪਲੂਸ ਮਿਲ ਵੱਟ ਕੇ ਖਾ ਜਾਣਗੇ।ਪੰਜਾਬ ਇਸ ਵਕਤ ਪਲ-ਪਲ ਬੜੀ ਤੇਜੀ ਨਾਲ ਸਮਾਜਿਕ,ਆਰਥਿਕ,ਸਿਆਸੀ ਤੇ ਮਾਨਸਿਕ ਤਬਾਹੀ ਵੱਲ ਵੱਧ ਰਿਹਾ ਹੈ, ਜੇਕਰ ਇਹਨਾਂ ਮੁਸੀਬਤਾਂ ਤੋਂ ਛੁਟਕਾਰਾ ਪਾਉਣਾ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣਾ ਪਏਗਾ।ਜੇਕਰ ਪੰਜਾਬ ਦੀ ਕਿਸਾਨੀ ਖੁਸ਼ਹਾਲ ਹੋ ਗਈ,ਨੌਜਵਾਨੀ ਨੂੰ ਇਥੇ ਹੀ ਰੁਜ਼ਗਾਰ ਮਿਲ ਗਿਆ ਤਾਂ ਪੰਜਾਬ ਖੁਦ-ਬ-ਖੁਦ ਹੀ ਖੁਸ਼ਹਾਲ ਹੋ ਜਾਏਗਾ।ਪ੍ਰੰਤੂ ਇਹ ਕਾਰਜ ਵੀ ਇੰਨਾ ਸੌਖਾ ਨਹੀਂ ਹੈ। ਇਸ ਲਈ ਹਰ ਪੰਜਾਬੀ ਨੂੰ ਆਪਣੇ ਹੱਕ ਅਤੇ ਸੂਬੇ ਦੀ ਤਰੱਕੀ ਪ੍ਰਤੀ ਜਾਗਰੂਕ ਹੋਣ ਦੀ ਸਖ਼ਤ ਜਰੂਰਤ ਹੈ।
ਲੇਖਕ:- ਰਣਜੀਤ ਸਿੰਘ ਹਿਟਲਰ
ਫਿਰੋਜ਼ਪੁਰ,ਪੰਜਾਬ।
ਮੋ:ਨੰ:-7901729507