ਫ਼ਰੀਦਕੋਟ , ਜੁਲਾਈ 2020 -(ਨਛੱਤਰ ਸੰਧੂ ) ਬਰਗਾੜੀ ਬੇਅਦਬੀ ਕਾਂਡ 'ਚ ਨਾਮਜ਼ਦ ਡੇਰਾ ਸੱਚਾ ਸੌਦਾ ਦੀ ਕਮੇਟੀ ਦੇ ਤਿੰਨ ਮੈਂਬਰਾਂ ਦੀ ਗਿ੍ਫ਼ਤਾਰੀ ਲਈ ਵਿਸ਼ੇਸ਼ ਜਾਂਚ ਟੀਮ ਨੇ ਤਿੰਨ ਟੀਮਾਂ ਦਾ ਗਠਨ ਕੀਤਾ ਹੈ। ਇਹ ਟੀਮਾਂ ਹਰਸ਼ ਧੂਰੀ, ਸੰਦੀਪ ਬਰੇਟਾ ਤੇ ਪ੍ਰਦੀਪ ਕਲੇਰ ਨੂੰ ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਕਰਨਗੀਆਂ। ਤਿੰਨਾਂ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਅਦਾਲਤ ਤੋਂ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ। ਐੱਸਆਈਟੀ ਮੁਖੀ ਰਣਜੀਤ ਸਿੰਘ ਖੱਟੜਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਬਰਗਾੜੀ ਬੇਅਦਬੀ ਕਾਂਡ 'ਚ ਐੱਸਆਈਟੀ ਵੱਲੋਂ ਅਦਾਲਤ 'ਚ ਪੇਸ਼ ਕੀਤੇ ਗਏ ਚਲਾਨ 'ਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਮੁਲਜ਼ਮਾਂ 'ਚ ਕੁੱਲ 11 ਡੇਰਾ ਸ਼ਰਧਾਲੂਆਂ ਦੇ ਨਾਂ ਸ਼ਾਮਲ ਹਨ। ਪੰਜ ਨਿਆਂਇਕ ਹਿਰਾਸਤ 'ਚ ਹਨ ਜਦਕਿ ਦੋ ਜ਼ਮਾਨਤ 'ਤੇ ਬਾਹਰ ਹਨ। ਡੇਰਾ ਮੁਖੀ ਰਾਮ ਰਹੀਮ ਹਰਿਆਣਾ ਦੀ ਸੁਨਾਰੀਆ ਜੇਲ੍ਹ 'ਚ ਬੰਦ ਹੈ ਜਦਕਿ ਤਿੰਨ ਮੁਲਜ਼ਮ ਫ਼ਰਾਰ ਦੱਸੇ ਗਏ ਹਨ। ਡੇਰਾ ਮੁਖੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੇ ਮਾਮਲੇ 'ਚ ਫਿਲਹਾਲ ਐੱਸਆਈਟੀ ਨੇ ਕੋਈ ਸਰਗਰਮੀ ਨਹੀਂ ਦਿਖਾਈ। ਐੱਸਆਈਟੀ ਮੁਖੀ ਨੇ ਆਪਣੀ ਟੀਮ ਦੇ ਅਧਿਕਾਰੀਆਂ ਨਾਲ ਇਕ ਹੋਟਲ 'ਚ ਬੈਠਕ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕੇਸ ਦੀ ਮੌਜੂਦਾ ਸਥਿਤੀ ਤੇ ਅਗਲੀ ਰਣਨੀਤੀ 'ਤੇ ਚਰਚਾ ਕੀਤੀ ਗਈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਐੱਸਆਈਟੀ 20 ਜੁਲਾਈ ਨੂੰ ਮੋਹਾਲੀ ਅਦਾਲਤ 'ਚ ਹੋਣ ਵਾਲੀ ਸੁਣਵਾਈ ਤੋਂ ਬਾਅਦ ਹੀ ਆਪਣਾ ਅਗਲਾ ਕਦਮ ਚੁੱਕੇਗੀ। ਬੇਅਦਬੀ ਕਾਂਡ ਤੋਂ ਇਲਾਵਾ ਕੋਟਕਪੂਰਾ ਗੋਲੀ ਕਾਂਡ ਮਾਮਲੇ 'ਚ ਦੂਜੀ ਐੱਸਆਈਟੀ ਵੀ ਅਦਾਲਤ ਦੇ ਰੁਖ਼ ਦਾ ਇੰਤਜ਼ਾਰ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਮੋਹਾਲੀ ਦੀ ਵਿਸ਼ੇਸ਼ ਅਦਾਲਤ 'ਚ ਪੰਜਾਬ ਸਰਕਾਰ ਦੀ ਐੱਸਆਈਟੀ ਦੀ ਜਾਂਚ ਨੂੰ ਰੋਕਣ ਦੀ ਪਟੀਸ਼ਨ ਦਾਇਰ ਕੀਤੀ ਹੈ।