ਲੁਧਿਆਣਾ , ਜੁਲਾਈ 2020 -( ਨਛੱਤਰ ਸੰਧੂ)- ਲੁਧਿਆਣਾ ਦੇ ਨੇੜੇ ਰਾਇਕੋਟ 'ਚ ਪਿਛਲੇ ਪੰਜ ਦਿਨ ਤੋਂ ਲਾਪਤਾ ਸਾਬਕਾ ਫ਼ੌਜੀ ਵਜੀਰ ਸਿੰਘ ਜੋਹਲਾ ਦੀ ਲਾਸ਼ ਡ੍ਰੇਨੇਜ ਨੇੜੇ ਝੂਗੀਆਂ ਤੋਂ ਬਰਾਮਦ ਹੋਈ ਹੈ। ਸਾਬਕਾ ਫ਼ੌਜੀ ਦਾਨਾ ਮੰਡੀ ਰਾਇਕੋਟ 'ਚ ਚੌਕੀਦਾਰ ਦਾ ਕੰਮ ਕਰਦਾ ਸੀ। 10 ਜੁਲਾਈ ਨੂੰ ਰਾਤ ਆਪਣੀ ਡਿਊਟੀ 'ਤੇ ਆਇਆ ਪਰ ਉਸ ਤੋਂ ਬਾਅਦ ਉਹ ਆਪਣੇ ਘਰ ਨਹੀਂ ਪਰਤਿਆ। ਮੰਗਲਵਾਰ ਨੂੰ ਜੋਹਲਾਂ ਰੋਡ ਸਥਿਤ ਡਰੇਨ ਦੇ ਨੇੜੇ ਖਾਲੀ ਪਲਾਟ 'ਚ ਝਾੜੀਆਂ ਤੋਂ ਬਦਬੂ ਆਉਣ 'ਤੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਥਾਣਾ ਰਾਇਕੋਟ ਦੇ ਇੰਚਾਰਜ ਹੀਰਾ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਲਾਸ਼ ਨੂੰ ਕਬਜੇ 'ਚ ਲਿਆ। ਨਾਲ ਹੀ ਘਟਨਾ ਵਾਲੇ ਸਥਾਨ ਦੀ ਬਾਰੀਕੀ ਤੋਂ ਜਾਂਚ ਕੀਤੀ ਗਈ। ਸਾਬਕਾ ਫ਼ੌਜੀ ਵਜੀਰ ਸਿੰਘ ਦੇ ਬੇਟੇ ਰਛਪਾਲ ਸਿੰਘ ਦੇ ਬਿਆਨ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ। ਥਾਣਾ ਇੰਚਾਰਜ ਨੇ ਦੱਸਿਆ ਕਿ ਪਰਿਵਾਰ ਮੁਤਾਬਿਕ ਉਸ ਦੇ ਪਿਤਾ ਵਜੀਰ ਸਿੰਘ ਦਾ ਕਿਸੇ ਵੀ ਵਿਅਕਤੀ ਨਾਲ ਕੋਈ ਝਗੜਾ ਜਾਂ ਵਿਵਾਦ ਨਹੀਂ ਸੀ। ਪੁਲਿਸ ਇਸ ਮਾਮਲੇ 'ਚ ਕਈ ਪਹਿਲੂਆਂ 'ਤੇ ਕੰਮ ਕਰ ਰਹੀ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ।