You are here

ਪੰਜਾਬ 'ਚ ਕੋਰੋਨਾ ਨਾਲ 3 ਮੌਤਾਂ, 191 ਨਵੇਂ ਪਾਜ਼ੇਟਿਵ ਕੇਸ

ਚੰਡੀਗੜ੍ਹ ,ਜੂਨ 2020 (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  ਸੂਬੇ ਵਿਚ ਮੰਗਲਵਾਰ ਨੂੰ ਕੋਰੋਨਾ ਦੇ ਕਾਰਨ 3 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 175 ਪਹੁੰਚ ਗਿਆ ਹੈ। ਮੋਹਾਲੀ 'ਚ 80 ਸਾਲ ਦੇ ਬਜ਼ੁਰਗ, ਗੁਰਦਾਸਪੁਰ 'ਚ 61 ਸਾਲ ਦੇ ਬਜ਼ੁਰਗ ਅਤੇ ਸੰਗਰੂਰ 'ਚ 70 ਸਾਲ ਦੀ ਬਜ਼ੁਰਗ ਔਰਤ ਨੇ ਦਮ ਤੋੜ ਦਿੱਤਾ। ਪੰਜਾਬ ਵਿਚ ਕੋਰੋਨਾ ਦੀ ਇਨਫੈਕਸ਼ਨ ਵੱਧਦੀ ਹੀ ਜਾ ਰਹੀ ਹੈ। ਹਾਲਾਂਕਿ ਰਿਕਵਰੀ ਰੇਟ 70 ਫ਼ੀਸਦੀ ਤੋਂ ਉੱਪਰ ਹੈ। ਸੂਬੇ ਵਿਚ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਹੀ 30 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਇਕ ਹਜ਼ਾਰ ਤੋਂ ਜ਼ਿਆਦਾ ਲੋਕ ਪਾਜ਼ੇਟਿਵ ਪਾਏ ਗਏ ਹਨ। ਮੰਗਲਵਾਰ ਨੂੰ 191 ਨਵੇਂ ਪਾਜ਼ੇਟਿਵ ਕੇਸ ਆਏ। ਇਨ੍ਹਾਂ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਮਹਿਲਾ ਅਧਿਕਾਰੀ ਦੇ ਪਤੀ, ਲੁਧਿਆਣਾ ਦੇ ਏਡੀਸੀ (ਜੀ) ਅਮਰਜੀਤ ਸਿੰਘ ਬੈਂਸ, ਖੰਨਾ ਦੇ ਐੱਸਡੀਐੱਮ ਸੰਦੀਪ ਸਿੰਘ, ਨਵਾਂਸ਼ਹਿਰ ਦੇ ਬਲਾਚੌਰ ਵਿਚ ਤਾਇਨਾਤ ਤਹਿਸੀਲਦਾਰ ਚੇਤਨ ਬੰਗੜ ਵੀ ਸ਼ਾਮਲ ਹਨ। ਲੁਧਿਆਣਾ ਦੇ ਡੀਸੀ ਵਰਿੰਦਰ ਸ਼ਰਮਾ, ਸਿਵਲ ਸਰਜਨ ਰਾਜੇਸ਼ ਬੱਗਾ, ਜ਼ਿਲ੍ਹਾ ਮਲੇਰੀਆ ਅਫਸਰ ਡਾ. ਰਮੇਸ਼ ਭਗਤ ਨੇ ਖੁਦ ਨੂੰ ਕੁਆਰੰਟਾਈਨ ਕਰ ਲਿਆ ਹੈ। ਲੁਧਿਆਣਾ 'ਚ ਸਭ ਤੋਂ ਵੱਧ 78, ਪਟਿਆਲਾ 'ਚ 30, ਅੰਮ੍ਰਿਤਸਰ 'ਚ 18, ਜਲੰਧਰ 'ਚ 19 ਤੇ ਹੋਰ ਜ਼ਿਲ੍ਹਿਆਂ 'ਚ 46 ਮਾਮਲੇ ਸਾਹਮਣੇ ਆਏ। ਕੁੱਲ ਪੀੜਤਾਂ ਦੀ ਗਿਣਤੀ 6775 ਹੋ ਗਈ ਹੈ। ਦੂਜੇ ਪਾਸੇ ਹਾਈ ਕੋਰਟ ਦੀ ਗਜ਼ਟ-2 ਸ਼ਾਖਾ ਵਿਚ ਤਾਇਨਾਤ ਮਹਿਲਾ ਸੁਪਰਡੈਂਟ ਦੇ ਪਤੀ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਗਜ਼ਟ-2 ਸ਼ਾਖਾ, ਇਸਦੇ ਰਜਿਸਟਰਾਰ, ਅਸਿਸਟੈਂਟ ਰਜਿਸਟਰਾਰ ਅਤੇ ਡਿਪਟੀ ਰਜਿਸਟਰਾਰ, ਜੀਪੀਐੱਫ ਸ਼ਾਖਾ, ਟਰਾਂਸਲੇਸ਼ਨ ਸ਼ਾਖਾ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।