You are here

ਜਥੇਦਾਰ ਨੇ ਦਰਸ਼ਨੀ ਡਿਉਢੀ ਢਾਹੁਣ ਦੀ ਜਾਂਚ ਰਿਪੋਰਟ ਮੰਗੀ

ਅੰਮ੍ਰਿਤਸਰ, 1 ਅਪਰੈਲ   ਤਰਨ ਤਾਰਨ ਸਥਿਤ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਦੀ ਪੁਰਾਤਨ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਦੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਰਿਪੋਰਟ ਮੰਗੀ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਨੇ ਨੁਕਸਾਨੀ ਇਮਾਰਤ ਦੇ ਹਿੱਸੇ ਦੀ ਮੁਰੰਮਤ ਅਤੇ ਇਸ ਦੀ ਸਾਂਭ-ਸੰਭਾਲ ਕਾਰ ਸੇਵਾ ਦੀ ਥਾਂ ਖੁਦ ਕੰਮ ਕਰਾਉਣ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਇਸ ਪੁਰਾਤਨ ਇਮਾਰਤ ਨੂੰ ਰਾਤ ਵੇਲੇ ਢਾਹੁਣ ਦਾ ਯਤਨ ਕੀਤਾ ਗਿਆ ਸੀ, ਜਿਸ ਦਾ ਸ਼੍ਰੋਮਣੀ ਕਮੇਟੀ ਨੇ ਗੰਭੀਰ ਨੋਟਿਸ ਲੈਂਦਿਆਂ ਦਰਬਾਰ ਸਾਹਿਬ ਤਰਨ ਤਾਰਨ ਦੇ ਮੈਨੇਜਰ ਨੂੰ ਮੁਅੱਤਲ ਕਰ ਦਿੱਤਾ ਅਤੇ ਮੁਅੱਤਲੀ ਦੌਰਾਨ ਉਸ ਨੂੰ ਹਰਿਆਣਾ ਸਥਿਤ ਜੀਂਦ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੂੰ ਇਸ ਸਬੰਧੀ ਦਿੱਤੀ ਕਾਰ ਸੇਵਾ ਵਾਪਸ ਲੈ ਲਈ ਹੈ ਅਤੇ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਹੈ, ਜਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਇਸ ਮਾਮਲੇ ਦਾ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਪੱਤਰ ਭੇਜ ਕੇ ਮਾਮਲੇ ਦੀ ਜਾਂਚ ਰਿਪੋਰਟ ਮੰਗੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਭੇਜੇ ਗਏ ਪੱਤਰ ਵਿਚ ਉਨ੍ਹਾਂ ਕਿਹਾ ਕਿ ਦਰਸ਼ਨੀ ਡਿਉਢੀ ਦੀ ਪੁਰਾਤਨ ਇਮਾਰਤ ਨੂੰ ਢਾਹੇ ਜਾਣ ਦੀ ਸਿੱਖ ਜਗਤ ਵਲੋਂ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ। ਇਸ ਸਬੰਧ ਸਿੱਖ ਸੰਗਤ ਨੇ ਇਤਰਾਜ਼ ਵੀ ਪ੍ਰਗਟ ਕੀਤੇ ਹਨ ਅਤੇ ਇਮਾਰਤ ਢਾਹੁਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਰਿਪੋਰਟ ਤੁਰੰਤ ਅਕਾਲ ਤਖ਼ਤ ’ਤੇ ਭੇਜੀ ਜਾਵੇ। ਉਨ੍ਹਾਂ ਨੇ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਨੂੰ ਮੰਦਭਾਗਾ ਆਖਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਦਰਸ਼ਨੀ ਡਿਉਢੀ ਦੀ ਦਿੱਤੀ ਕਾਰ ਸੇਵਾ ਵਾਪਸ ਲੈ ਲਈ ਹੈ ਅਤੇ ਹੁਣ ਇਹ ਕੰਮ ਸ਼੍ਰੋਮਣੀ ਕਮੇਟੀ ਵਲੋਂ ਖੁਦ ਕਰਵਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਇਮਾਰਤ ਦੇ ਜਿਸ ਹਿੱਸੇ ਨੂੰ ਨੁਕਸਾਨਿਆ ਗਿਆ ਹੈ, ਉਸ ਦੀ ਮੁਰੰਮਤ ਅਤੇ ਬਾਕੀ ਹਿੱਸੇ ਦੀ ਸਾਂਭ ਸੰਭਾਲ ਸ਼੍ਰੋਮਣੀ ਕਮੇਟੀ ਖੁਦ ਕਰੇਗੀ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਇਸ ਸਬੰਧੀ ਕੰਮ ਲੰਬਿਤ ਰੱਖਣ ਦਾ ਮਤਾ ਪਾਸ ਹੋਣ ਦੇ ਬਾਵਜੂਦ ਇਮਾਰਤ ਢਾਹੁਣ ਦਾ ਯਤਨ ਕਿਉਂ ਕੀਤਾ ਗਿਆ ਹੈ। ਉਨ੍ਹਾਂ ਇਸ ਸਬੰਧ ਵਿਚ ਜਾਂਚ ਕਮੇਟੀ ਨੂੰ ਜਲਦੀ ਰਿਪੋਰਟ ਸੌਂਪਣ ਵਾਸਤੇ ਆਖਿਆ ਹੈ। ਇਸ ਦੌਰਾਨ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਐਡਵੋਕੇਟ, ਸਾਬਕਾ ਕੌਂਸਲਰ ਅਮਰਜੀਤ ਸਿੰਘ, ਕੁਲਜੀਤ ਸਿੰਘ, ਹਰਪ੍ਰੀਤ ਸਿੰਘ, ਹਰਵਿੰਦਰਪਾਲ ਸਿੰਘ ਆਦਿ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਕੱਤਰ ਦੇ ਨਾਂ ਜਾਰੀ ਕੀਤੇ ਪੱਤਰ ਵਿਚ ਆਖਿਆ ਕਿ ਦਰਸ਼ਨੀ ਡਿਉਢੀ ਢਾਹੁਣ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਸਪੱਸ਼ਟਤਾ ਨਾਲ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਡਿਉਢੀ ਤੋੜਣ ਤੋਂ ਰੋਕਿਆ ਸੀ ਤਾਂ ਢਾਹੁਣ ਵਾਲਿਆਂ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਜੇਕਰ ਸ਼੍ਰੋਮਣੀ ਕਮੇਟੀ ਨਿਰਦੋਸ਼ ਹੈ ਤਾਂ ਦਰਸ਼ਨੀ ਡਿਉਢੀ ਢਾਹੁਣ ਵਾਲਿਆਂ ਨੂੰ ਕਟਹਿਰੇ ਵਿਚ ਖੜ੍ਹੇ ਕਰੇ। ਇਸ ਦੌਰਾਨ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਪ੍ਰੋ. ਬਲਜਿੰਦਰ ਸਿੰਘ ਨੇ ਵੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ।