ਨਵੀਂ ਦਿੱਲੀ , ਜੁਲਾਈ 2020 (ਏਜੰਸੀ)
ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਪਰਵਾਸੀ ਕਾਮਿਆਂ ਤੇ ਗ਼ਰੀਬਾਂ ਲਈ ਮੁਫ਼ਤ ਅਨਾਜ ਯੋਜਨਾ ਨੂੰ ਨਵੰਬਰ ਤਕ ਵਧਾ ਦਿੱਤਾ ਹੈ। ਹੁਣ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ (PMGKAY) ਤਹਿਤ ਉਨ੍ਹਾਂ ਲੋਕਾਂ ਨੂੰ ਵੀ ਅਨਾਜ ਮੁਹੱਈਆ ਕਰਵਾਇਆ ਜਾਵੇਗਾ ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹੈ।
ਕੇਂਦਰੀ ਖਾਧ ਤੇ ਸਪਲਾਈ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਜੂਨ ਨੂੰ ਆਪਣੇ ਸੰਬੋਧਨ 'ਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (PMGKAY) ਨੂੰ ਅਗਲੇ 5 ਮਹੀਨਿਆਂ ਯਾਨੀ ਨਵੰਬਰ 2020 ਤਕ ਵਧਾ ਦਿੱਤਾ ਗਿਆ ਹੈ। ਇਸ ਤਹਿਤ ਦੇਸ਼ ਦੇ 80 ਕਰੋੜ ਤੋਂ ਜ਼ਿਆਦਾ NSFA ਲਾਭ ਪਾਤਰੀਆਂ ਨੂੰ ਅਲੱਗ ਤੋਂ ਪ੍ਰਤੀ ਵਿਅਕਤੀ 5 ਕਿੱਲੋ ਕਣਕ ਜਾਂ ਚਾਵਲ ਤੇ 1 ਕਿੱਲੋ ਛੋਲੇ ਮੁਫ਼ਤ ਦਿੱਤੇ ਜਾਣਗੇ। ਇਸ ਸਬੰਧੀ ਆਦੇਸ਼ 30 ਜੂਨ ਨੂੰ ਹੀ ਜਾਰੀ ਕਰ ਦਿੱਤੇ ਗਏ ਸਨ।
ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਇਸ ਯੋਜਨਾ ਦਾ ਲਾਭ ਉਹ ਲੋਕ ਵੀ ਲੈ ਸਕਣਗੇ ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹੈ। ਉਨ੍ਹਾਂ ਨੂੰ ਆਪਣਾ ਆਧਾਰ ਕਾਰਡ ਲਿਜਾ ਕੇ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਸਲਿੱਪ ਦਿੱਤੀ ਜਾਵੇਗੀ ਜਿਸ ਨੂੰ ਦਿਖਾ ਕੇ ਉਹ ਇਸ ਮੁਫ਼ਤ ਅਨਾਜ ਸਕੀਮ ਦਾ ਲਾਭ ਲੈ ਸਕਣਗੇ।
ਸਰਕਾਰ ਹਰ ਹਾਲ 'ਚ ਗ਼ਰੀਬ ਮਜ਼ਦੂਰਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਉਣਾ ਚਾਹੁੰਦੀ ਹੈ। ਪਹਿਲਾਂ ਇਹ ਯੋਜਨਾ ਸਿਰਫ਼ ਤਿੰਨ ਮਹੀਨਿਆਂ ਯਾਨੀ ਜੂਨ ਤਕ ਲਈ ਸੀ, ਪਰ ਫਿਰ ਇਸ ਨੂੰ ਵਧਾ ਕੇ ਨਵੰਬਰ ਤਕ ਕਰ ਦਿੱਤਾ ਗਿਆ ਹੈ। ਦਿੱਲੀ ਸਮੇਤ ਕਈ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਇਸ ਹੁਕਮ ਦੀ ਪਾਲਣਾ ਕਰ ਕੇ ਮੁਫ਼ਤ ਰਾਸ਼ਨ ਵੰਡਣ ਦੀ ਪ੍ਰਕਿਰਿਆ ਸ਼ੁਰੂ ਵੀ ਕਰ ਦਿੱਤੀ ਹੈ। ਇਸ ਯੋਜਨਾ 'ਤੇ ਕੁੱਲ ਡੇਢ ਲੱਖ ਕਰੋੜ ਦਾ ਖ਼ਰਚ ਆਵੇਗਾ, ਜਿਸ ਵਿਚੋਂ 90 ਹਜ਼ਾਰ ਕਰੋੜ ਦਾ ਖ਼ਰਚ ਇਸ ਯੋਜਨਾ ਨੂੰ ਪੰਜ ਹੋਰ ਮਹੀਨਿਆਂ ਲਈ ਵਧਾਉਣ ਕਾਰਨ ਆਵੇਗਾ।