ਮੋਗਾ, ਜੁਲਾਈ 2020 -(ਬਲਬੀਰ ਬਾਠ/ ਰਾਜਿੰਦਰ ਰੇਖੀ/ਮਨਜਿੰਦਰ ਗਿੱਲ)ਮੋਗਾ ਸ਼ਹਿਰ ਚ ਦਿੱਲੀ ਹਾਰਟ ਇੰਸਟੀਚਿਊਟ ਅਤੇ ਸੁਪਰਸਪੈਸ਼ਲਿਟੀ ਵਿੱਚ ਮਰੀਜ਼ ਦੀ ਮੌਤ ਤੋਂ ਨਾਰਾਜ਼ ਵਾਰਸਾਂ ਨੇ ਹਸਪਤਾਲ ’ਚ ਪ੍ਰਦਰਸ਼ਨ ਕੀਤਾ। ਪੁਲੀਸ ਵੱਲੋਂ ਪੀੜਤ ਪਰਿਵਾਰ ਨੂੰ ਲਿਖਤੀ ਸ਼ਿਕਾਇਤ ’ਤੇ ਪੋਸਟਮਾਰਟਮ ਰਿਪੋਰਟ ਆਉਣ ਉੱਤੇ ਕਾਰਵਾਈ ਅਤੇ ਇਨਸਾਫ਼ ਦਾ ਭਰੋਸਾ ਦੇਣ ਉੱਤੇ ਮਾਹੌਲ ਸ਼ਾਂਤ ਹੋਇਆ।ਮ੍ਰਿਤਕ ਬਲਵਿੰਦਰ ਸਿੰਘ (43) ਪਿੰਡ ਕੋਰੇਵਾਲਾ ਖੁਰਦ ਦਾ ਰਹਿਣ ਵਾਲਾ ਸੀ ਅਤੇ ਮੋਗਾ ਵਿਖੇ ਪੱਲੇਦਾਰੀ ਕਰਦਾ ਸੀ। ਇਸ ਮੌਕੇ ਮ੍ਰਿਤਕਾਂ ਦੇ ਵਾਰਸਾਂ ਨੇ ਡਾਕਟਰ ਦੀ ਅਣਗਹਿਲੀ ਕਾਰਨ ਮਰੀਜ਼ ਦੀ ਮੌਤ ਦਾ ਦੋਸ਼ ਲਾਇਆ। ਉਨ੍ਹਾਂ ਦੱਸਿਆ ਕਿ ਬੁਖਾਰ ਹੋਣ ਕਾਰਨ ਬਲਵਿੰਦਰ ਸਿੰਘ ਨੂੰ ਸਵੇਰੇ ਕਰੀਬ 9 ਵਜੇ ਹਸਪਤਾਲ ਲਿਆਦਾਂ ਗਿਆ ਸੀ। ਉਹ ਪੈਦਲ ਹਸਪਤਾਲ ਅੰਦਰ ਗਿਆ। ਉਹ ਠੀਕ-ਠਾਕ ਗੱਲਾਂ ਕਰ ਰਿਹਾ ਸੀ। ਇਸ ਮੌਕੇ ਡਾਕਟਰ ਦੀ ਮੌਜੂਦਗੀ ਵਿੱਚ ਨਰਸਿੰਗ ਸਟਾਫ ਵੱਲੋਂ ਟੀਕਾ ਲਾਉਂਣ ਤੋਂ ਬਾਦ ਮਰੀਜ਼ ਦੀ ਮੌਤ ਹੋ ਗਈ। ਇਸ ਮੌਕੇ ਪੀੜਤ ਪਰਿਵਾਰ ਦੇ ਪੱਖ ਵਿੱਚ ਪਹੁੰਚੇ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਅਤੇ ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਉਲਟਾ ਪੁਲੀਸ ਉਨ੍ਹਾਂ ਨੂੰ ਪਰਚਾ ਦਰਜ ਕਰਨ ਦਾ ਦਬਕੇ ਮਾਰ ਰਹੀ ਹੈ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਕੋਈ ਹੰਗਾਮਾ ਨਹੀਂ ਕੀਤਾ ਸਗੋਂ ਉਹ ਹਸਪਤਾਲ ਪ੍ਰਬੰਧਕਾਂ ਤੋਂ ਮੌਤ ਦੇ ਕਾਰਨ ਪੁੱਛਣ ਲਈ ਇਕੱਠੇ ਹੋਏ ਸਨ ਪਰ ਹਸਪਤਾਲ ਸਟਾਫ਼ ਕੁਝ ਵੀ ਦੱਸਣ ਲਈ ਤਿਆਰ ਨਹੀਂ ਹੋਇਆ।ਇਸ ਮੌਕੇ ਹਸਪਤਾਲ ਪ੍ਰਬੰਧਕਾਂ ਨੇ ਕਿਸੇ ਅਣਗਹਿਲੀ ਦੇ ਦੋਸ਼ਾਂ ਨਕਾਰਦੇ ਸਫ਼ਾਈ ਦਿੱਤੀ ਕਿ ਮਰੀਜ਼ ਦੀ ਸ਼ੂਗਰ ਘਟ ਗਈ ਸੀ ਅਤੇ ਉਸ ਨੂੰ ਡਰਿੱਪ ਰਾਹੀਂ ਦਵਾਈ ਦੇਣ ਲਈ ਉਸ ਦੀ ਬਾਂਹ ਉੱਤੇ ਸੂਈ ਲਗਾਈ ਜਾ ਰਹੀ ਸੀ। ਇਸ ਦੌਰਾਨ ਮਰੀਜ਼ ਦੀ ਮੌਤ ਹੋ ਗਈ। ਇਸ ਮੌਕੇ ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਅਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਰਾ ਅਤੇ ਕਾਰਜਕਾਰੀ ਮੈਜਿਸਟਰੇਟ ਕਮ ਨਾਇਬ ਤਹਿਸੀਲਦਾਰ ਮਨਵੀਰ ਕੌਰ ਸਿੱਧੂ ਪਹੁੰਚੇ ਅਤੇ ਪਰਿਵਾਰ ਨੂੰ ਸ਼ਾਂਤ ਕੀਤਾ।