ਜੰਮੂ , ਜੂਨ 2020-(ਏਜੰਸੀ )
ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਦੀ ਗੁਸਤਾਖ਼ੀ ਤੋਂ ਬਾਅਦ ਪੈਦਾ ਹੋਏ ਤਣਾਅ ਦਰਮਿਆਨ ਹੁਣ ਭਾਰਤੀ ਫ਼ੌਜੀਆਂ ਨੇ ਜ਼ਮੀਨ ਹੀ ਨਹੀਂ, ਹਵਾ ਵਿਚ ਵੀ ਉਸ ਨੂੰ ਘੇਰਨ ਲਈ ਮਜ਼ਬੂਤ ਜਾਲ ਵਿਛਾ ਰੱਖਿਆ ਹੈ। ਪੂਰੇ ਲੱਦਾਖ ਵਿਚ ਭਾਰਤੀ ਹਵਾਈ ਫ਼ੌਜ ਤੇ ਥਲ ਸੈਨਾ ਆਰੇਂਜ ਅਲਰਟ 'ਤੇ ਹੈ। ਇੰਨਾ ਹੀ ਨਹੀਂ, ਦੁਸ਼ਮਣ ਦੇ ਜਹਾਜ਼ ਤਬਾਹ ਕਰਨ ਲਈ ਕਵਿਕ ਰਿਐਕਸ਼ਨ ਸਰਫੇਸ ਟੂ ਏਅਰ ਮਿਜ਼ਾਈਲ ਸਿਸਟਮ ਵੀ ਤਾਇਨਾਤ ਕਰ ਦਿੱਤਾ ਗਿਆ ਹੈ। ਹਵਾਈ ਫ਼ੌਜ ਦੇ ਆਧੁਨਿਕ ਰਡਾਰ ਨੇ ਦੁਸ਼ਮਣ ਦੇ ਜਹਾਜ਼ਾਂ ਨੂੰ ਉਸਦੇ ਬੇਸ 'ਤੇ ਹੀ ਨਿਗਰਾਨੀ 'ਤੇ ਰੱਖਿਆ ਹੋਇਆ ਹੈ I ਪੂਰਬੀ ਲੱਦਾਖ ਵਿਚ ਚੀਨ ਦੇ ਮੁਕਾਬਲੇ ਭਾਰਤੀ ਫ਼ੌਜਾਂ ਪੂਰੀ ਤਰ੍ਹਾਂ ਤਿਆਰ ਹਨ। ਇਕ ਪਾਸੇ ਤੋਪਖਾਨਾ ਲੋੜ ਪੈਣ 'ਤੇ ਸਟੀਕ ਵਾਰ ਕਰਨ ਨੂੰ ਮੁਸਤੈਦ ਹੈ ਤਾਂ ਭਾਰਤੀ ਹਵਾਈ ਫ਼ੌਜ ਵੀ ਹਵਾਈ ਹਮਲੇ ਨੂੰ ਨਾਕਾਮ ਕਰਨ ਦੇ ਕਾਬਿਲ ਹੈ। ਫ਼ੌਜੀ ਸੂਤਰਾਂ ਅਨੁਸਾਰ, ਦੋਵੇਂ ਭਾਰਤੀ ਫ਼ੌਜਾਂ ਨੇ ਤੋਪਾਂ ਤੇ ਮਿਜ਼ਾਈਲਾਂ ਦੀ ਤਾਇਨਾਤੀ ਕਰਨ ਦੇ ਨਾਲ ਹੀ ਪੂਰਬੀ ਲੱਦਾਖ ਵਿਚ ਬੀਤੇ ਦਿਨੀਂ ਆਪਣੇ ਮੋਬਾਈਲ ਏਅਰ ਡਿਫੈਂਸ ਸਿਸਟਮ ਨੂੰ ਵੀ ਮਜ਼ਬੂਤ ਕੀਤਾ ਹੈ। ਇਸ ਤੋਂ ਇਲਾਵਾ ਵੀ ਨਵੇਂ ਉਪਕਰਣਾਂ ਨੂੰ ਸ਼ਾਮਲ ਕਰਨ ਦਾ ਸਿਲਸਿਲਾ ਜਾਰੀ ਹੈ।