You are here

ਅਮਰੀਕੀ ਏਅਰ ਲਾਈਨਜ਼ ਨੂੰ ਭਾਰਤ ਆਉਣ ਦੀ ਆਗਿਆ ਨਾ ਮਿਲਣ ਦੀ ਸੂਰਤ ਚ 

ਏਅਰ ਇੰਡੀਆ ਦੀ ਚਾਰਟਡ ਉਡਾਣਾਂ 'ਤੇ ਅਮਰੀਕਾ ਨੇ ਲਾਈ ਰੋਕ

ਨਵੀਂ ਦਿੱਲੀ , ਜੂਨ 2020 -(ਏਜੰਸੀ)-

 ਅਮਰੀਕੀ ਏਅਰ ਲਾਈਨਜ਼ ਨੂੰ ਭਾਰਤ ਲਈ ਚਾਰਟਡ ਉਡਾਣਾਂ ਦੀ ਆਗਿਆ ਨਾ ਦਿੱਤੇ ਜਾਣ 'ਤੇ ਅਮਰੀਕਾ ਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਏਅਰ ਇੰਡੀਆ ਦੀਆਂ ਚਾਰਟਡ ਉਡਾਣਾਂ 'ਤੇ 22 ਜੁਲਾਈ ਤੋਂ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਉਧਰ ਭਾਰਤ ਅਮਰੀਕਾ, ਬਰਤਾਨੀਆ, ਫਰਾਂਸ ਤੇ ਜਰਮਨੀ ਵਿਚਾਲੇ ਸਿੱਧੀ ਤੇ ਸੁਰੱਖਿਅਤ ਉਡਾਣਾਂ ਸ਼ੁਰੂ ਕਰਨ 'ਤੇ ਵਿਚਾਰ ਕਰ ਰਿਹਾ ਹੈ।

ਅਮਰੀਕਾ ਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ (ਡੀਓਟੀ) ਨੇ ਸੋਮਵਾਰ ਨੂੰ ਜਾਰੀ ਇਕ ਆਦੇਸ਼ 'ਚ ਕਿਹਾ ਕਿ ਭਾਰਤ ਸਰਕਾਰ ਪਾਬੰਦੀ ਵਾਲਾ ਤੇ ਪੱਖਪਾਤੀ ਰੁਖ਼ ਅਖਤਿਆਰ ਕਰ ਕੇ ਅਮਰੀਕੀ ਏਅਰਲਾਈਨਜ਼ ਦੇ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ।

ਡੀਓਟੀ ਨੇ ਕਿਹਾ ਕਿ ਭਾਰਤ ਸਰਕਾਰ ਖਾਸ ਤੌਰ 'ਤੇ ਅਮਰੀਕੀ ਏਅਰਲਾਈਨਜ਼ 'ਤੇ ਪਾਬੰਦੀ ਲਾ ਰਹੀ ਹੈ, ਜਦਕਿ ਅਮਰੀਕਾ ਨੇ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਲਾਈ ਹੈ। ਸਮਝੌਤੇ ਅਨੁਸਾਰ ਏਅਰ ਇੰਡੀਆ ਨੂੰ ਸੰਚਾਲਨ ਦੀ ਪੂਰੀ ਛੋਟ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਭਾਰਤ ਨੇ ਕੋਰੋਨਾ ਕਾਰਨ 25 ਮਾਰਚ ਤੋਂ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਲਾਈ ਹੋਈ ਹੈ। ਭਾਰਤ 'ਚ ਫਸੇ ਯਾਤਰੀਆਂ ਨੂੰ ਕੱਢਣ ਲਈ ਏਅਰ ਇੰਡੀਆ ਨੇ 6 ਮਈ ਤੋਂ ਸ਼ੁਰੂ ਬੰਦੇ ਭਾਰਤ ਮੁਹਿੰਮ ਤਹਿਤ ਮੁੜ ਤੋਂ ਉਡਾਣਾਂ ਸ਼ੁਰੂ ਕੀਤੀਆਂ ਹਨ। ਏਅਰ ਇੰਡੀਆ ਨੇ 18 ਮਈ ਤੋਂ ਭਾਰਤ-ਅਮਰੀਕਾ ਵਿਚਾਲੇ ਚਾਰਟਡ ਉਡਾਣਾਂ ਸ਼ੁਰੂ ਕੀਤੀਆਂ ਹਨ। ਇਸ 'ਚ ਆਉਣ ਤੇ ਜਾਣ ਵਾਲੇ ਦੋ ਪਾਸਿਆਂ ਦੀਆਂ ਟਿਕਟਾਂ ਵੇਚੀਆਂ ਗਈਆਂ। ਇਹ ਟਿਕਟ ਏਅਰ ਇੰਡੀਆ ਦੀ ਵੈੱਬਸਾਈਟ ਤੋਂ ਵੇਚੀਆਂ ਗਈਆਂ ਪਰ ਟਿਕਟ ਲੈਣ ਤੋਂ ਪਹਿਲਾਂ ਅਮਰੀਕਾ ਸਥਿਤ ਭਾਰਤੀ ਸਫ਼ਾਰਤਖਾਨੇ ਨਾਲ ਸੰਪਰਕ ਕਰਨਾ ਹੁੰਦਾ ਹੈ।

ਏਅਰ ਇੰਡੀਆ 'ਤੇ ਡੀਓਟੀ ਦੀ ਪਾਬੰਦੀ ਲੱਗਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਅਸੀਂ ਅਮਰੀਕਾ, ਬਰਤਾਨੀਆ, ਜਰਮਨੀ ਤੇ ਫਰਾਂਸ ਵਿਚਾਲੇ ਸੁਰੱਖਿਅਤ ਤੇ ਸਿੱਧੀ ਉਡਾਣ (ਬਬਲ) ਸ਼ੁਰੂ ਕਰਨ 'ਤੇ ਵਿਚਾਰ ਕਰ ਰਹੇ ਹਾਂ। ਇਹ ਉਹ ਦੇਸ਼ ਹਨ ਕਿ ਜਿਥੋਂ ਤੋਂ ਤੇ ਜਿਥੋਂ ਲਈ ਯਾਤਰੀਆਂ ਦੀ ਗਿਣਤੀ 'ਚ ਕਮੀ ਨਹੀਂ ਆਈ ਹੈ। ਅਮਰੀਕਾ ਸਮੇਤ ਕਈ ਦੇਸ਼ਾਂ ਨੇ ਸਾਡੇ ਕੋਲੋਂ ਆਪਣੀਆਂ ਏਅਰ ਲਾਈਨਜ਼ ਉਡਾਣਾਂ ਸ਼ੁਰੂ ਕਰਨ ਦੀ ਆਗਿਆ ਮੰਗੀ ਹੈ। ਅਸੀਂ ਉਨ੍ਹਾਂ ਦੀ ਅਪੀਲ 'ਤੇ ਵਿਚਾਰ ਕਰ ਰਹੇ ਹਾਂ। ਇਸ ਸਬੰਧੀ 'ਚ ਛੇਤੀ ਹੀ ਗੱਲਬਾਤ ਸ਼ੁਰੂ ਹੋਵੇਗੀ।