ਚੰਡੀਗੜ੍ਹ, ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਪੰਜਾਬ 'ਚ ਮੰਗਲਵਾਰ ਨੂੰ ਤਿੰਨ ਔਰਤਾਂ ਸਮੇਤ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ। ਪੰਜ ਦਿਨਾਂ 'ਚ 24 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੰਗਰੂਰ ਦੇ 65 ਸਾਲਾ ਵਿਅਕਤੀ ਨੇ ਲੁਧਿਆਣਾ ਦੇ ਡੀ ਐੱਮ ਸੀ ਹਸਪਤਾਲ 'ਚ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਲੁਧਿਆਣਾ 'ਚ 85 ਸਾਲਾ ਔਰਤ, ਪਟਿਆਲਾ 'ਚ 68 ਸਾਲਾ ਔਰਤ ਤੇ ਅੰਮ੍ਰਿਤਸਰ 'ਚ 67 ਸਾਲਾ ਔਰਤ ਦੀ ਮੌਤ ਹੋ ਗਈ। ਸੂਬੇ 'ਚ ਹੁਣ ਮਰਨ ਵਾਲਿਆਂ ਦੀ ਕੁੱਲ ਗਿਣਤੀ 110 ਹੋ ਗਈ ਹੈ। ਅੰਮ੍ਰਿਤਸਰ 'ਚ ਸਭ ਤੋ ਜ਼ਿਆਦਾ 31, ਜਦਕਿ ਜਲੰਧਰ ਤੇ ਲੁਧਿਆਣਾ 'ਚ 17-17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਮੰਗਲਵਾਰ ਨੂੰ 248 ਨਵੇਂ ਪਾਜ਼ੇਟਿਵ ਕੇਸ ਆਏ। ਇਨ੍ਹਾਂ 'ਚ ਸੰਗਰੂਰ 'ਚ ਸਭ ਤੋਂ ਜ਼ਿਆਦਾ 62, ਜਲੰਧਰ 'ਚ 37, ਲੁਧਿਆਣਾ 'ਚ 34, ਅੰਮ੍ਰਿਤਸਰ 'ਚ 23, ਬਠਿੰਡਾ ਤੇ ਪਟਿਆਲਾ 'ਚ 20-20 ਕੇਸ ਆਏ। ਕੁੱਲ ਪੀੜਤਾਂ ਦੀ ਗਿਣਤੀ 4611 ਹੋ ਗਈ ਹੈ। ਮੰਗਲਵਾਰ ਨੂੰ 222 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ।