ਪਿੰਡ ਸਰਾਭਾ/ਲੁਧਿਆਣਾ, ਜੂਨ 2020( ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ )- ਪੰਜਾਬ ਦੇ ਲੋਕ ਨਿਰਮਾਣ ਵਿਭਾਗ ਅਤੇ ਸਕੂਲ ਸਿੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਅੱਜ ਲੁਧਿਆਣਾ ਤੋਂ ਪੱਖੋਵਾਲ ਸੜਕ ਦਾ ਉਦਘਾਟਨ ਅਤੇ ਇਸ ਸੜਕ ਦਾ ਨਾਮ 'ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ' ਰੱਖਣ ਦਾ ਐਲਾਨ ਕੀਤਾ। ਇਹ 38 ਕਿਲੋ ਮੀਟਰ ਲੰਮੀ ਸੜਕ ਲੁਧਿਆਣਾ ਦੇ ਭਾਈ ਬਾਲਾ ਚੌਕ ਤੋਂ ਸ਼ੁਰੂ ਹੋ ਕੇ ਰਾਏਕੋਟ ਸ਼ਹਿਰ ਤੱਕ ਜਾਂਦੀ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕੈਪਟਨ ਸੰਦੀਪ ਸਿੰਘ ਸੰਧੂ, ਹਲਕਾ ਗਿੱਲ ਦੇ ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਗਲਾ ਨੇ ਦੱਸਿਆ ਕਿ ਇਹ ਸੜਕ ਦੇਸ਼ ਦੀ ਆਜ਼ਾਦੀ ਲਈ ਮਹਾਨ ਯੋਗਦਾਨ ਪਾਉਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿੱਚੋਂ ਦੀ ਲੰਘਦੀ ਹੈ, ਇਸੇ ਕਰਕੇ ਸਥਾਨਕ ਲੋਕਾਂ ਦੀ ਇਹ ਲੰਮੇ ਸਮੇਂ ਦੀ ਮੰਗ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਪੂਰਾ ਕੀਤਾ ਹੈ। ਹੁਣ ਇਹ ਸ਼ੜਕ 'ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ' ਵਜੋਂ ਜਾਣੀ ਜਾਵੇਗੀ। ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਬਕਾਇਦਾ ਅਧਿਸੂਚਨਾ ਵੀ ਜਾਰੀ ਕਰ ਦਿੱਤੀ ਗਈ ਹੈ। ਉਨਾਂ ਇਹ ਸੜਕ ਸੰਬੰਧੀ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਉਣ ਲਈ ਕੈਪਟਨ ਸੰਦੀਪ ਸਿੰਘ ਸੰਧੂ ਦਾ ਵੀ ਧੰਨਵਾਦ ਕੀਤਾ। ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ 'ਸ਼ਹੀਦ ਕਰਤਾਰ ਸਿੰਘ ਸਰਾਭਾ' ਦੇ ਨਾਮ 'ਤੇ ਰੱਖਣ ਬਾਰੇ ਪੁੱਛੇ ਜਾਣ 'ਤੇ ਸਿੰਗਲਾ ਨੇ ਦੱਸਿਆ ਕਿ ਇਸ ਸੰਬੰਧੀ ਪੰਜਾਬ ਸਰਕਾਰ ਬਹੁਤ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਨਗੇ ਕਿ ਉਹ ਇਸ ਸੰਬੰਧੀ ਕੇਂਦਰ ਸਰਕਾਰ ਨਾਲ ਗੱਲ ਕਰਨ। ਇਸ ਮੌਕੇ ਉਨਾਂ ਪਿੰਡ ਦੇ ਮੁੱਖ ਚੌਕ ਵਿੱਚ ਲੱਗੇ ਸ਼ਹੀਦ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਸ਼ਹੀਦ ਦੇ ਜੱਦੀ ਘਰ ਦਾ ਵੀ ਦੌਰਾ ਕੀਤਾ। ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਦਾਖਾ ਦੇ ਅੰਦਰ ਅਤੇ ਬਾਹਰ ਕਰੀਬ 58 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਮੁਰੰਮਤ ਕੀਤੀ ਗਈ ਹੈ। 34 ਕਰੋੜ ਰੁਪਏ ਦੀ ਲਾਗਤ ਵਾਲੇ ਸੜਕਾਂ ਦੀ ਮੁਰੰਮਤ ਨਾਲ ਸੰਬੰਧਤ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ। 12 ਕਰੋੜ ਰੁਪਏ ਲਾਗਤ ਵਾਲੇ ਜਾਰੀ ਹਨ, ਜਦਕਿ 12 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਜਲਦ ਹੀ ਸ਼ੁਰੂ ਹੋਣ ਜਾ ਰਹੇ ਹਨ। ਉਨਾਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਗਠਜੋੜ ਸਰਕਾਰ ਵੇਲੇ ਜਿਨਾਂ ਸੜਕਾਂ ਦੀ ਬਿਲਕੁਲ ਵੀ ਸਾਰ ਨਹੀਂ ਲਈ ਗਈ, ਉਹ ਵੀ ਮੁਰੰਮਤ ਕਰ ਦਿੱਤੀਆਂ ਗਈਆਂ ਹਨ। ਉਨਾਂ ਵਚਨਬੱਧਤਾ ਦੁਹਰਾਈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਕਰਾਉਣ ਲਈ ਦ੍ਰਿੜ ਸੰਕਲਪ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 4500 ਅਧਿਆਪਕਾਂ ਦੀ ਭਰਤੀ ਸੰਬੰਧੀ ਇਸ਼ਤਿਹਾਰ ਜਾਰੀ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ 4500 ਹੋਰ ਅਸਾਮੀਆਂ ਲਈ ਵੀ ਇਸ਼ਤਿਹਾਰ ਜਲਦ ਜਾਰੀ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਨਿੱਜੀ ਸਕੂਲਾਂ ਵੱਲੋਂ ਲੌਕਡਾਊਨ ਦੌਰਾਨ ਫੀਸਾਂ ਦੀ ਵਸੂਲੀ ਸੰਬੰਧੀ ਮਾਮਲਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵਿਚਾਰਅਧੀਨ ਹੈ, ਜਿਸ ਬਾਰੇ ਮਿਤੀ 18 ਜੂਨ, 2020 ਨੂੰ ਕੋਈ ਫੈਸਲਾ ਆਉਣ ਦੀ ਸੰਭਾਵਨਾ ਹੈ। ਉਨਾਂ ਦੁਹਰਾਇਆ ਕਿ ਪੰਜਾਬ ਸਰਕਾਰ ਮਾਪਿਆਂ ਅਤੇ ਨਿੱਜੀ ਸਕੂਲ ਪ੍ਰਬੰਧਕਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਪਰ ਫਿਰ ਵੀ ਕਿਸੇ ਵੀ ਹੀਲੇ ਨਿੱਜੀ ਸਕੂਲ ਪ੍ਰਬੰਧਕਾਂ ਵੱਲੋਂ ਮਾਪਿਆਂ ਤੋਂ ਗੈਰ-ਜ਼ਰੂਰੀ ਫੀਸਾਂ ਉਗਰਾਉਣ ਦੀ ਇਜਾਜ਼ਤ ਨਹੀਂ ਦੇਣਗੇ। ਇਸ ਤੋਂ ਬਾਅਦ ਸਿੰਗਲਾ ਨੇ ਰਾਏਕੋਟ-ਜਗਰਾਂਉ ਸੜਕ ਦਾ ਉਦਘਾਟਨ ਕੀਤਾ, ਜਿਸ ਦੀ 14 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀ ਗਈ ਹੈ। ਉਨਾਂ ਕਿਹਾ ਕਿ ਸਾਲ 2012 ਤੋਂ ਬਾਅਦ ਇਸ ਸੜਕ ਦੀ ਕਦੇ ਵੀ ਮੁਰੰਮਤ ਨਹੀਂ ਕਰਵਾਈ ਗਈ ਸੀ। ਪਿਛਲੀ ਸਰਕਾਰ ਵੱਲੋਂ ਇਸ ਸੜਕ ਨੂੰ ਪੂਰੀ ਤਰਾਂ ਅਣਦੇਖਾ ਕੀਤਾ ਗਿਆ। ਉਨਾਂ ਦੱਸਿਆ ਕਿ ਪਿੰਡ ਅਖ਼ਾੜਾ ਪੁੱਲ ਤੋਂ ਜਗਰਾਂਉ ਸ਼ਹਿਰ ਤੱਕ 2.77 ਕਿਲੋਮੀਟਰ ਦਾ ਹਿੱਸਾ 7 ਮੀਟਰ ਤੋਂ ਵਧਾ ਕੇ 10 ਮੀਟਰ ਚੌੜਾ ਕੀਤਾ ਗਿਆ ਹੈ। ਇਸ ਮੌਕੇ ਉਨਾਂ ਐਲਾਨ ਕੀਤਾ ਕਿ 5.5 ਕਰੋੜ ਰੁਪਏ ਦੀ ਲਾਗਤ ਨਾਲ ਅਖ਼ਾੜਾ ਪੁੱਲ ਚੌੜਾ ਅਤੇ ਮੁਰੰਮਤ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀਮਤੀ ਸਰਬਜੀਤ ਕੌਰ ਮਾਣੂੰਕੇ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਚੇਅਰਮੈਨ ਕੇ. ਕੇ. ਬਾਵਾ, ਕਰਨਜੀਤ ਸਿੰਘ ਗਾਲਿਬ, ਗੁਰਦੇਵ ਸਿੰਘ ਲਾਪਰਾਂ ਅਤੇ ਹੋਰ ਹਾਜ਼ਰ ਸਨ।