You are here

ਸੋਧ ਬਿਲ ਦੇ ਖਿਲਾਫ ਬਿਜਲੀ ਮੁਲਾਜਮਾਂ ਦਾ ਗੁੱਸਾ ਭੜਕਿਆ

ਜਗਰਾਉਂ 'ਚ ਕਾਲੇ ਬਿੱਲੇ ਲਾ ਕੇ ਰੋਸ ਮੁਜਾਹਰਾ

ਜਗਰਾਉਂ/ਲੁਧਿਆਣਾ, ਜੂਨ 2020 -(ਰਸ਼ਪਾਲ ਸ਼ੇਰਪੁਰੀ/ਮਨਜਿੰਦਰ ਗਿੱਲ)-

- ਕੇਂਦਰ ਸਰਕਾਰ ਵਲੋਂ ਕਾਹਲੀ ਵਿੱਚ ਪਾਸ ਕੀਤੇ ਜਾ ਰਹੇ ਮੁਲਾਜਮ ਅਤੇ ਲੋਕ ਵਿਰੋਧੀ ਕਾਨੂੰਨ 'ਬਿਜਲੀ ਐਕਟ-2020' ਦੇ ਖਿਲਾਫ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਉਪਰ ਅੱਜ ਜਗਰਾਉਂ ਵਿਖੇ ਅੱਜ ਬਿਜਲੀ ਮੁਲਾਜਮਾਂ ਨੇ ਟੈਕਨੀਕਲ ਸਰਵਿਸ ਯੂਨੀਅਨ ਦੇ ਡਵੀਜਨ ਸਕੱਤਰ ਅਜਮੇਰ ਸਿੰਘ ਕਲੇਰ ਦੀ ਅਗਵਾਈ ਹੇਠ ਰੋਸ ਭਰਪੂਰ ਰੋਸ ਮੁਜਾਹਰਾ ਕੀਤਾ ਅਤੇ ਬਿਜਲੀ ਮੁਲਾਜਮਾਂ ਨੇ ਕਾਲੇ ਬਿੱਲੇ ਲਾ ਕੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕੀਤਾ। ਰੋਸ ਮੁਜਾਹਰੇ ਮੌਕੇ ਇਕੱਤਰ ਬਿਜਲੀ ਮੁਲਾਜਮਾਂ ਨੂੰ ਸੰਬੋਧਨ ਕਰਦੇ ਹੋਏ ਡਵੀਜਨ ਸਕੱਤਰ ਅਜਮੇਰ ਸਿੰਘ ਕਲੇਰ ਅਤੇ ਉਪ ਮੰਡਲ ਪ੍ਰਧਾਨ ਬੂਟਾ ਸਿੰਘ ਮਲਕ ਨੇ ਆਖਿਅ ਕਿ ਮੋਦੀ ਸਰਕਾਰ ਦੇਸ਼ ਦੇ ਬਿਜਲੀ ਵਿਭਾਗਾਂ ਨੂੰ ਕੌਡੀਆਂ ਦੇ ਭਾਅ ਸਰਮਾਏਦਾਰ ਚਹੇਤਿਆਂ ਦੇ ਹੱਥਾਂ ਵਿੱਚ ਦੇਣ ਜਾ ਰਹੀ ਹੈ। ਇਸ ਨਾਲ ਬਿਜਲੀ ਮਹਿੰਗੀ ਹੀ ਨਹੀਂ ਹੋਵੇਗੀ, ਬਲਕਿ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਵੀ ਹੋ ਜਾਵੇਗੀ। ਉਹਨਾਂ ਆਖਿਆ ਕਿ ਜਦੋਂ ਤੋ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ, ਇਸ ਨੇ ਦੇਸ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਦੇਸ ਦੇ ਕਮਾਈ ਕਰਨ ਵਾਲੇ ਅਦਾਰਿਆਂ ਦਾ ਨਿੱਜੀਕਰਨ ਕਰਕੇ ਚਹੇਤੇ ਸਰਮਾਏਦਾਰਾਂ ਨੂੰ ਵੇਚ ਰਹੀ ਹੈ। ਜਦੋ ਚਹੇਤਿਆਂ ਦੇ ਘਾਟੇ ਵਿੱਚ ਚੱਲ ਰਹੀਆਂ ਕੰਪਨੀਆਂ ਨੂੰ ਖਰੀਦ ਰਹੀ ਹੈ। ਉਹਨਾਂ ਕਿਸਾਨ ਜੱਥੇਬੰਦੀਆਂ ਅਤੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਜੇਕਰ ਇਕੱਠੇ ਹੋਕੇ ਕੇਂਦਰ ਸਰਕਾਰ ਦੇ ਇਸ ਲੋਕ ਵਿਰੋਧੀ ਹੱਲੇ ਦਾ ਵਿਰੋਧ ਨਾ ਕੀਤਾਂ ਤਾਂ ਇਸ ਸਰਕਾਰ ਨੇ ਕਾਹਲੀ ਵਿੱਚ 'ਬਿਜਲੀ ਸੋਧ ਬਿਲ-2020' ਨੂੰ ਪਾਸ ਕਰਕੇ ਲੋਕਾਂ ਉਪਰ ਥੋਪ ਦੇਣਾ ਹੈ। ਉਹਨਾਂ ਚਿਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਜੇਕਰ ਨਿੱਜੀਕਰਨ ਦਾ ਰਾਹ ਹੋਰ ਪੱਧਰਾ ਕਰਨ ਲਈ ਬਿਜਲੀ ਐਕਟ-2020 ਪਾਸ ਕੀਤਾ ਗਿਆ ਤਾਂ ਬਿਜਲੀ ਕਾਮੇ ਸੜਕਾਂ ਉਪਰ ਉਤਰਨ ਲਈ ਮਜਬੂਰ ਹੋਣਗੇ ਅਤੇ ਸੰਘਰਸ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੱਘਰ ਸਿੰਘ ਲੀਲਾਂ, ਅਵਤਾਰ ਸਿੰਘ ਕਲੇਰ, ਪਰਮਜੀਤ ਸਿੰਘ ਚੀਮਾਂ, ਜਤਿੰਦਰਪਾਲ ਸਿੰਘ ਡੱਲਾ, ਪਵਿੱਤਰ ਸਿੰਘ ਗਾਲਿਬ, ਸੁਖਵਿੰਦਰ ਸਿੰਘ ਕਾਕਾ, ਜਗਜੀਤ ਸਿੰਘ ਹਾਂਸ, ਪਰਮਜੀਤ ਰਾਏ, ਭੁਪਿੰਦਰ ਸਿੰਘ ਕੋਠੇ ਪ੍ਰੇਮਸਰ, ਦਲਜੀਤ ਸਿੰਘ, ਹਰਪ੍ਰੀਤ ਸਿੰਘ ਨੱਥੋਵਾਲ, ਦਿਲ ਬਹਾਦਰ, ਰਾਮ ਬਹਾਦੁਰ, ਤਾਰਾ ਸਿੰਘ ਆਦਿ ਨੇ ਵੀ ਕੇਂਦਰ ਸਰਕਾਰ ਦੇ ਲੋਕ ਮਾਰੂ ਫੈਸਲੇ ਦਾ ਤਿੱਖਾ ਵਿਰੋਧ ਕੀਤਾ।