You are here

 ਭੁੱਖ! ✍️ਸਲੇਮਪੁਰੀ ਦੀ ਚੂੰਢੀ 

      ਭੁੱਖ!

 ਬਾਗਾਂ ਵਿੱਚ

ਕੂਕਦੀ ਕੋਇਲ

ਦੇ ਬੋਲ

ਨਾ ਮਿੱਠੇ

 ਲੱਗਦੇ ਨੇ! 

ਤੇ

ਨਾ  ਪੈਲਾਂ ਪਾਉਂਦੇ

ਮੋਰ ਦੇ ਅੰਦਾਜ

ਹੁਣ ਮਨ ਨੂੰ

ਟੁੰਬਦੇ ਨੇ!

' ਖੜਕਾਓ ਥਾਲੀਆਂ' 

'ਠੋਕੋ ਤਾਲੀਆਂ' 

ਦੇ ਬੋਲ ਤਾਂ

 ਹੁਣ ਪੇਟ ਵਿਚ

 ਛੁਰਾ ਬਣਕੇ

 ਲੰਘਦੇ ਨੇ!

ਸੁਣਿਆ ਸੀ - 

ਭੁੱਖੇ ਪੇਟ

 ਭਗਤੀ ਕਰਨ

ਨਾਲ

ਦੇਵੀ, ਦੇਵਤੇ

ਬਾਂਹ ਫੜਦੇ ਨੇ!

ਸਿਰ  'ਤੇ

ਹੱਥ ਰੱਖਦੇ ਨੇ!

ਪਰਦੇ ਕੱਜ ਦੇ ਨੇ! 

ਪਰ -

ਭੁੱਖ ਨਾਲ

ਤਾਂ ਆਂਦਰਾਂ

ਕੁਰਲਾਉਂਦੀਆਂ ਨੇ! 

ਦੁਹਾਈ ਪਾਉੰਦੀਆਂ ਨੇ!

ਤੇ-

ਚੈਨਲਾਂ 'ਤੇ

ਵਿਕਾਸ ਨੂੰ ਲੈ ਕੇ

ਚੱਲਦੇ ਚਰਚੇ

ਵਿਹੁ ਵਾਂਗੂੰ

ਲੱਗਦੇ ਨੇ!

ਡਰਾਉਣੀਆਂ ਨੇ

ਰਾਤਾਂ,

ਨਾ ਸੂਰਜ

ਮੱਘਦੇ ਨੇ! 

ਦਿਲ ਤਾਂ ਕਰਦਾ

ਕਿ -

'ਖੁਦਕੁਸ਼ੀ'

ਕਰ ਲਵਾਂ!

 ਪਰ-

ਨਹੀਂ ਕਰਾਂਗਾ!

ਨਹੀਂ ਮਰਾਂਗਾ!

ਮੈਂ ਬੁਜਦਿਲ ਨਹੀਂ! 

ਭੁੱਖ ਅੱਗੇ

 ਗੋਡੇ ਨਹੀਂ ਟੇਕਾਂਗਾ !

ਭਾਵੇਂ ਮਜਬੂਰ ਹਾਂ!

ਪਰ ਮਜਦੂਰ ਹਾਂ! 

ਮੈਂ ਲੜਾਂਗਾ!

ਹਾਂ ਲੜਾਂਗਾ!

ਮੈਂ ਸਦੀਆਂ ਤੋਂ

ਲੜਦਾ ਆ ਰਿਹਾ ਹਾਂ!

ਸਿਸਟਮ ਦੇ ਵਿਰੁੱਧ!

ਲੜਦਾ ਰਹਾਂਗਾ!

ਲੜਦਾ ਰਹਾਂਗਾ!

ਲੜਦਾ ਰਹਾਂਗਾ!

-ਸੁਖਦੇਵ ਸਲੇਮਪੁਰੀ

09780620233

29 ਮਈ, 2020