ਯੁੱਗ ਨਹੀਂ ਬਦਲਤਾ, ਕੁੱਜ ਲੋਗ ਹੋਤੇ ਹੈਂ,
ਜੋ ਯੁੱਗ ਦੀ ਪਰਿਭਾਸ਼ਾ ਬਦਲ ਦੇਤੇਂ ਹੈਂ ।
ਨਿੱਕੀ ਸੋਚ, ਨਿੱਕੇ ਕੰਮਾਂ ਵਿਚੋਂ ਨਾਮਣਾ ਭਾਲਦੀ ਐ। ਅਸੀਂ ਨਿੱਤ ਮਰਹਾ ਦੇ ਜੀਵਨ ਵਿੱਚ ਵਿਚਰਦਿਆਂ ਅਕਸਰ ਹੀ ਦੇਖਦੇ ਹਾਂ ਕਿ ਕੁੱਝ ਲੋਕ ਆਪਣੀ ਵਧੀਆ ਸੋਚ, ਸੁੱਚੀ ਲਗਨ ਅਤੇ ਕਠਿਨ ਮਿਹਨਤ ਨਾਲ ਨਾਮਣਾ ਖੱਟ ਚੁੱਕੀਆਂ ਸਖਸ਼ੀਅਤਾਂ ਨਾਲ ਆਪਣੀ ਫੋਟੋ ਕਰਾਉਣ ਨੂੰ ਹੀ ਆਹਲਾ ਦਰਜੇ ਦੀ ਪਰਾਪਤੀ ਮੰਨ ਲੈਂਦੇ ਹਨ ਤੇ ਘਰਾਂ ਵਿਚ ਉਹ ਫੋਟੋਆਂ ਫਰੇਮ ਕਰਾਕੇ ਰੱਖਦੇ ਹਨ ਤਾਂ ਕਿ ਰਿਸ਼ਤੇਦਾਰਾਂ, ਦੋਸਤਾਂ ਅਤੇ ਹੋਰ ਸਮਾਜਿਕ ਸੰਬੰਧੀਆਂ ਵਿੱਚ ਚੰਗੀ ਭੱਲ ਜਾਂ ਟੌਹਰ ਬਣਾਈ ਜਾ ਸਕੇ ਜਦ ਕਿ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਬਹੁਤੀਆਂ ਹਾਲਤਾਂ ਵਿਚ ਉਹਨਾਂ ਵਿਸ਼ੇਸ਼ ਸਖਸ਼ੀਅਤਾਂ ਨੂੰ ਇਹ ਯਾਦ ਵੀ ਨਹੀਂ ਰਹਿੰਦਾ ਕਿ ਉਹਨਾਂ ਨਾਲ ਕਿਸ ਕਿਸ ਨੇ ਫੋਟੋ ਖਿਚਵਾਈ, ਫ਼ਰੇਮ ਕਰਵਾਈ ਹੈ ਤੇ ਘਰ ਚ ਲਗਵਾਈ ਹੈ ।
ਆਪਾਂ ਸਾਰੇ ਜਾਣਦੇ ਹਾਂ ਕਿ ਤਸਵੀਰਾਂ ਅਤੀਤ ਦੀਆ ਅਭੁੱਲ ਯਾਦਾਂ ਦਾ ਇਕ ਅਨਮੋਲ ਖ਼ਜ਼ਾਨਾ ਹੁੰਦੀਆਂ ਹਨ ਤੇ ਕਿਸੇ ਸ਼ਖਸ਼ੀਅਤ ਨਾਲ ਫੋਟੋ ਖਿਚਵਾਉਣ ਵਾਲੇ ਵਾਸਤੇ ਉਸ ਦੀ ਜਿੰਦਗੀ ਦੇ ਯਾਦਗਾਰੀ ਪਲਾਂ ਦੀ ਸੰਭਾਲ ਦਾ ਉਤਮ ਜਰੀਆ ਹੁੰਦੀਆ ਹਨ, ਪਰ ਇਸ ਦੇ ਨਾਲ ਹੀ ਇਹ ਵੀ ਖਰਾ ਸੱਚ ਹੈ ਰਿ ਬਹੁਤੀ ਵਾਰ ਕਿਸੇ ਸੈਲੀਬਰੈਟੀਆਂ ਨੂੰ ਸਿਵਾਏ ਉਹਨਾਂ ਦੀ ਜਾਣ ਪਹਿਚਾਣ ਵਾਲੇ ਕੁਝ ਕੁ ਖਾਸ ਲੋਕਾਂ ਦੇ ਤਸਵੀਰਾਂ ਕਰਾਉਣ ਵਾਲੇ ਆਮ ਲੋਕ/ ਫੈਨ ਬਹੁਤੇ ਯਾਦ ਨਹੀ ਰਹਿੰਦੇ ।
ਉਂਜ ਕਿਸ ਨੇ ਕਿਸ ਨਾਲ ਤਸਵੀਰ ਕਰਾਉਣੀ ਹੈ ਜਾਂ ਨਹੀ ਕਰਾਉਣੀ, ਹਰ ਇਕ ਦੀ ਨਿੱਜੀ ਚੋਣ ਜਾਂ ਪਸੰਦ ਹੈ, ਜਿਸ ‘ਤੇ ਕਿੰਤੂ ਪਰੰਤੂ ਕਰਨ ਦੀ ਲੋੜ ਨਹੀਂ, ਪਰ ਇਕ ਗੱਲ ਧਿਆਨ ਵਿਚ ਜਰੂਰ ਰੱਖਣੀ ਚਾਹੀਦੀ ਹੈ ਕਿ ਜਿਸ ਨਾਲ ਅਸੀਂ ਫੋਟੋ ਖਿਚਵਾਉਣ ਨੂੰ ਤਰਜੀਹ ਦੇ ਰਹੇ ਹਾਂ, ਉਸ ਸਖਸ਼ੀਅਤ ਦਾ ਆਚਰਣ ਤੇ ਕਿਰਦਾਰ, ਉਚਾ ਤੇ ਸੁੱਚਾ ਹੋਣ ਦੇ ਨਾਲ ਹੀ ਸਾਡੇ ਵਾਸਤੇ ਪਰੇਰਣਾ ਤੇ ਉਤਸ਼ਾਹ ਪੈਦਾ ਕਰਨ ਵਾਲਾ ਜਰੂਰ ਹੋਵੇ ਤਾਂ ਕਿ ਘਰ ਚ ਲੱਗੀ ਹੋਈ ਉਹ ਤਸਵੀਰ ਪਲ ਪਲ ਸਾਡੇ ਅੰਦਰ ਉਸ ਦੇ ਨਕਸ਼ੇ ਕਦਮ ਚੱਲਣ ਵਾਸਤੇ ਉਤਸ਼ਾਹ ਪੈਦਾ ਕਰਦੀ ਰਹੇ ।
ਇਸ ਦੇ ਨਾਲ ਹੀ ਸਾਨੂੰ ਇਹ ਵੀ ਸੋਚਣਾ ਪਵੇਗਾ ਕਿ ਜਿਸ ਲਗਨ, ਮਿਹਨਤ ਤੇ ਦਿਰੜ ਇਰਾਦੇ ਨਾਲ ਉਸ ਸ਼ਖਸ਼ੀਅਤ ਨੇ ਸਮਾਜ ਚ ਆਪਣੀ ਪਹਿਚਾਣ ਬਣਾਈ, ਨਾਮ ਕਮਾਇਆ ਤੇ ਨਾਮਣਾ ਖੱਟਿਆ, ਉਸੇ ਤਰਾਂ ਦੀ ਮਿਹਨਤ ਸਾਨੂੰ ਵੀ ਕਰਨੀ ਪਵੇਗੀ ਤਾਂ ਕਿ ਆਉਣ ਵਾਲੇ ਕੱਲ੍ਹ ਨੂੰ ਸਾਡੇ ਨਾਲ ਵੀ ਸਾਡੇ ਪਰਸੰਸਕ ਤਸਵੀਰਾ ਕਰਵਾ ਕੇ ਮਾਣ ਮਹਿਸੂਸ ਕਰ ਸਕਣ ਤੇ ਅਸੀ ਉਹਨਾ ਦੇ ਪਰੇਰਣਾ ਸਰੋਤ ਬਣ ਸਕੀਏ । ਕਹਿਣ ਦਾ ਭਾਵ ਇਹ ਕਿ ਕਿਸੇ ਸੈਲੀਬਰੇਟੀ ਦਾ ਫੈਨ ਹੋ ਕੇ, ਮੌਕਾ ਮਿਲ ਜਾਣ ਉਪਰੰਤ ਉਸ ਨਾਲ ਸਿਰਫ ਤਸਵੀਰ ਸੈਲਫੀ ਵਗੈਰਾ ਕਰਵਾ ਲੈਣੀ ਹੀ ਕਾਫੀ ਨਹੀ ਹੁੰਦੀ ਸਗੋ ਉਸ ਦੀਆ ਪਰਾਪਤੀਆਂ ਦੀ ਪਰੋਫਾਈਲ ਨੂੰ ਜਾਨਣਾ ਤੇ ਉਹਨਾ ਪਰਾਪਤੀਆ ਦੇ ਪਿਛੇ ਘਾਲੀ ਗਈ ਘਾਲਣਾ ਨੂੰ ਧਿਆਨ ਚ ਰੱਖਕੇ ਉਸ ਦੇ ਪਦ ਚਿੰਨਾ 'ਤੇ ਚਲਦੇ ਹੋਏ ਆਪ ਵੀ ਮੁਆਰਕੇ ਮਾਰਨੇ ਚਾਹੀਦੇ ਹਨ, ਜਿਸ ਨਾਲ ਆਪਣੇ ਨਾਮ ਨੂੰ ਵੀ ਚਾਰ ਚੰਨ ਲੱਗਣ ਤੇ ਸਮਾਜ ਵਿਚ ਵੱਡਾ ਨਾਮਣਾ ਮਿਲੇ ।
ਬੌਲੀਵੁਡ ਦੇ ਮਸ਼ਹੂਰ ਐਕਟਰ ਅਮਿਤਾਬ ਬੱਚਨ ਦੇ ਪਿਤਾ ਮਰਹੂਮ ਹਰਬੰਸ ਰਾਏ ਬਚਨ ਦੀ ਇਕ ਕਵਿਤਾ ਦੇ ਬੋਲ ਹਨ ਕਿ "ਯੁੱਗ ਨਹੀ ਬਦਲਤਾ, ਮਗਰ ਕੁੱਝ ਲੋਕ ਹੋਤੇ ਹੈਂ ਜੋ, ਯੁੱਗ ਕੀ ਪਰਿਭਾਸ਼ਾ ਬਦਲ ਦੇਤੇ ਹੈਂ ।" ਠੀਕ ਇਸੇ ਤਰਾਂ ਇਹ ਸਾਡੇ ਆਪਣੇ ਵਸ ਚ ਹੈ ਕਿ ਆਉਣ ਵਾਲੇ ਕਲ੍ਹ ਨੂੰ ਸੁਨਹਿਰੀ ਬਣਾਉਣਾ ਹੈ ਜਾਂ ਨਹੀ, ਆਉਣ ਵਾਲੇ ਸਮੇ ਚ ਸਿਰਫ ਸੈਲੀਬਰੇਟੀਆਂ ਨਾਲ ਤਸਵੀਰਾ ਕਰਾਉਣ ਤੱਕ ਹੀ ਸੀਮਿਤ ਰਹਿਣਾ ਹੈ ਜਾਂ ਫਿਰ ਆਪਣੇ ਆਪ ਵਿਚ ਉਹ ਖੂਬੀਆ ਪੈਦਾ ਕਰਕੇ ਸੈਲੀਬਰੇਟੀ ਬਣਨ ਦੀ ਯੋਗਤਾ ਪੈਦਾ ਕਰਨੀ ਹੈ ਤੇ ਹਾਲਾਤਾਂ ਨੂੰ ਉਲਟ ਗੇੜਾ ਦੇਣਾ ਹੈ, ਗੱਲ ਸਿਰਫ ਸੋਚ ਦੀ ਹੈ, ਪਰੇਰਣਾ ਦੀ ਹੈ, ਕਿਸੇ ਮਿਥੇ ਨਿਸ਼ਾਨੇ ਦੀ ਪੁਰਤੀ ਹਿਤ ਕੀਤੇ ਜਾਣ ਵਾਲੇ ਯਤਨਾ ਦੀ ਹੈ ।
ਇਸ ਤੋ ਵੀ ਹੋਰ ਅਗੇ, ਗੱਲ ਸਾਡੀ ਸੋਚ ਦੇ ਤੰਗ ਜਾਂ ਖੁਲੇ ਦਾਇਰੇ ਦੀ ਹੈ । ਤੰਗ ਦਾਇਰੇ ਵਾਲੇ ਸੈਲੀਬਰੇਟੀਆਂ ਨਾਲ ਤਸਵੀਰਾ ਕਰਵਾਉਣ ਨੂੰ ਹੀ ਮੱਲ ਮਾਰ ਲਈ ਸਮਝਣਗੇ ਜਦ ਕਿ ਵਿਸ਼ਾਲ ਸੋਚ ਵਾਲੇ ਉਸ ਵਰਗਾ ਬਣਨ ਦਾ ਸੁਪਨਾ ਲੇ ਕੇ, ਉਸ ਸੁਪਨੇ ਨੂੰ ਹਕੀਕਤ ਚ ਬਦਲਣ ਵਾਸਤੇ ਉਪਰਾਲੇ ਕਰਨੇ ਸ਼ੁਰੂ ਕਰ ਦੇਣਗੇ । ਤੰਗ ਦਾਇਰੇ ਵਾਲੇ ਆਲਸ ਤੇ ਸੁਸਤੀ ਦੇ ਸ਼ਿਕਾਰ ਹੋ ਕੇ ਨਿਕੱਮੇਪਨ ਤੇ ਫੁਕਰਪੰਥੀ ਵੱਲ ਵਧਣਗੇ, ਜਦ ਕਿ ਕੁਝ ਕਰ ਗੁਜਰਨ ਦੀ ਰਚਨਾਤਮਕ ਸੋਚ ਰੱਖਣ ਵਾਲੇ ਧੁਨ ਦੇ ਪੱਕੇ ਹੋ ਕੇ ਕਿਸੇ ਨ ਕਿਸੇ ਉਚੇ ਮੁਕਾਮ 'ਦੀ ਬੁਲੰਦੀ ‘ਤੇ ਪਹੁੰਚ ਕੇ ਧਰੂੰ ਤਾਰੇ ਵਾਂਗ ਚਮਕਣਗੇ ਤੇ ਸਫਲਤਾ ਦੇ ਪਰਚਮ ਲਹਿਰਾਉਣਗੇ ਜਾਂ ਇੰਜ ਵੀ ਕਹਿ ਸਕਦੇ ਹਾਂ ਕਿ ਕੁਝ ਬਣਨ ਕਰਨ ਦਾ ਉਦੇਸ਼ ਰੱਖਣ ਵਾਲੇ ਪੀ ਐਚ ਡੀ ਕਰ ਜਾਣਗੇ ਜਦ ਕਿ ਜਦ ਕਿ ਹੱਥੀ ਕੁਜ ਕਰਨ ਦੀ ਬਜਾਏ ਦੂਸਰਿਆਂ ਨਾਲ ਤਸਵੀਰਾਂ ਖਿਚਵਾਉਣ ਨੂੰ ਪ੍ਰਾਪਤੀਆਂ ਸਮਝਣ ਵਾਲੇ ਇੱਕੋ ਜਗਾ ਤੇ ਇੱਕੋ ਜਮਾਤ ਦੇ ਬੁੱਢੇ ਕੁੱਕੜ ਬਣਕੇ ਰਹਿ ਜਾਣਗੇ ।
ਮੁੱਕਦੀ ਗੱਲ ਇਹ ਕਿ ਆਪਣੇ ਆਪ ਨੂੰ ਸਮੇਂ ਦੇ ਹਾਣਦਾ ਰੱਖੋ, ਸਮੇਂ ਦੀ ਕਦਰ ਕਰੋ, ਵਿਸਾਲ ਸੋਚ ਦੇ ਮਾਲਿਕ ਬਣੋ, ਨਿਸ਼ਾਨਾ ਮਿਥੋ, ਪ੍ਰੇਰਨਾ ਦਾ ਕੋਈ ਵੀ ਸੋਮਾ ਹੈ, ਉਸ ‘ਤੇ ਧਿਆਨ ਕੇਂਦਰਤ ਕਰਦੇ ਹੋਏ ਦਿਰੜ ਨਿਸ਼ਚੇ ਤੇ ਲਗਨ ਨਾਲ ਮਿਹਨਤ ਕਰਦੇ ਹੋਏ ਆਪਣੇ ਮਿੱਥੇ ਨਿਸ਼ਾਨੇ ਵੱਲ ਵਧੋ । ਸੰਸਾਰ ਚ ਆਪਣੀ ਪਹਿਚਾਣ ਬਣਾਓ ਤੇ ਦੂਸਰਿਆਂ ਵਾਸਤੇ ਪ੍ਰੇਰਣਾ ਸਰੋਤ ਬਣੋ । ਫੁਕਰੀਆਂ ਤੇ ਟੁਚੀਆਂ ਗੱਲਾਂ ਨੂੰ ਜੀਵਨ ਵਿੱਚੋਂ ਮਨਫੀ ਕਰਕੇ ਰਚਨਾਤਮਿਕ ਤੇ ਸਕਾਰਾਤਮਕ ਸੋਚ ਰੱਖੋ । ਜ਼ਿੰਦਗੀ ਚ ਪ੍ਰਾਪਤੀਆਂ ਕਰਦੇ ਹੋ, ਉਹਨਾਂ ਨੂੰ ਦਿਮਾਗ ਚ ਨਾ ਚੜ੍ਹਨ ਦਿਓ, ਦਿਲ ਚ ਰੱਖੋ, ਹਮੇਸ਼ਾ ਨਿਮਰ ਰਹੋ । ਜੇਕਰ ਇਸ ਤਰਾਂ ਦਾ ਆਪਣੇ ਆਪ ਨੂੰ ਬਣਾ ਲੈਂਦੇ ਹੋ ਤਾਂ ਫੇਰ ਕੋਈ ਵਜ੍ਹਾ ਨਹੀਂ ਕਿ ਤਹਾਜਾ ਅਗਲਾ ਸਮਾਂ ਸੁਨਹਿਰੀ ਨਾ ਹੋਵੇ ਤੇ ਲੋਕ ਤੁਹਾਡੇ ਕਦਰਦਾਨ ਨਾ ਹੋਣ। ਆਪਣੇ ਆਪ ਨੂੰ ਆਮ ਤੋਂ ਖ਼ਾਸ ਬਣਾਓਗੇ ਵਾਸਤੇ ਨੇਮ ਨਾਲ ਉੱਦਮ ਕਰੋ ਤੇ ਨਿਰੰਤਰ ਕਰਦੇ ਰਹੋ, ਹੱਥ ‘ਤੇ ਹੱਥ ਧਰਕੇ ਬੈਠਿਆਂ ਕੋਈ ਵੀ ਪ੍ਰਾਪਤੀ ਦੀ ਆਸ ਰੱਖਣਾ ਸਿਰਫ ਤੇ ਸਿਰਫ ਮੂਰਖਪੰਥੀ ਸੋਚ ਹੀ ਹੋ ਸਕਦੀ ਹੈ ।
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
22/05/2020