ਰਾਜਨੀਤੀ ਤੋਂ ਭਾਵ ਆਪਣੇ 'ਰਾਜ' ਦੇ ਲੋਕਾਂ ਦੇ ਵਿਕਾਸ ਅਤੇ ਉਹਨਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਉਣ ਲਈ ਸੁਚੱਜੇ ਢੰਗ ਦੀ ਠੋਸ 'ਨੀਤੀ' ਬਣਾਉਣਾ। ਜੇਕਰ ਸਾਡੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਸਾਡੇ ਇਤਿਹਾਸ ਵਿੱਚ ਵੱਖ-ਵੱਖ ਸਮੇਂ ਉਪਰ ਕਈ ਰਣਨੀਤੀਆਂ ਰਾਜਨੀਤਕ ਸਵਰੂਪ ਨਾਲ ਬਣਦੀਆਂ ਰਹੀਆ ਅਤੇ ਕਾਮਯਾਬ ਵੀ ਹੋਈਆਂ।ਕਿਉਂਕਿ ਸਾਡੇ ਪੁਰਖਾਂ ਕੋਲ ਆਪਣਾ ਮਿਥਿਆ ਹੋਇਆ ਟਿੱਚਾ ਹਾਸਿਲ ਕਰਨ ਲਈ ਇੱਕ ਦ੍ਰਿੜ ਇਰਾਦੇ ਵਾਲੀ ਇੱਕ ਠੋਸ ਵਿਚਾਰਧਾਰਾ ਸੀ। ਜੇਕਰ ਪੰਜਾਬ ਦੇ ਇਤਿਹਾਸ ਦਾ ਪੰਨਾ ਫਰੋਲ ਕੇ ਦੇਖੀਏ ਤਾਂ ਪੰਜਾਬ ਨੇ ਹਰ ਇੱਕ ਮੁਸੀਬਤ ਦਾ ਡੱਟ ਕੇ ਮੁਕਾਬਲਾ ਕੀਤਾ। ਚਾਹੇ ਸਾਹਮਣੇ ਮੁਗਲ ਸਾਮਰਾਜ ਹੋਵੇ ਜਾਂ ਅੰਗਰੇਜ਼ੀ ਹਕੂਮਤ ਕਿਉਂਕਿ ਉਸ ਸਮੇਂ ਸਾਡੇ ਆਗੂਆਂ ਦੀ ਵਿਚਾਰਧਾਰਾ ਇੱਕ ਅਤੇ ਪੱਕੀ ਸੀ।ਰਾਜਨੀਤੀ ਆਪਣੀ ਜਨਤਾ ਦੇ ਪ੍ਰਤੀ ਵਫਾਦਾਰ ਸੀ, ਅਤੇ ਸਾਡੇ ਆਗੂਆਂ ਦੀ ਰਣਨੀਤੀ ਵੀ ਲੋਕਾਂ ਵਿੱਚ ਉਤਸਾਹ ਪੈਦਾ ਕਰਨ ਵਾਲੀ ਸੀ। ਕੁਲ ਦੁਨੀਆ ਦੀ ਸਿਰਫ 2 ਪ੍ਰਤੀਸ਼ਤ ਆਬਾਦੀ ਵਾਲੇ ਸਿੱਖਾਂ ਦਾ ਜੋ ਵੱਡਮੁੱਲਾ ਇਤਿਹਾਸ ਬਣਿਆ ਹੈ।ਉਹ ਠੋਸ ਰਣਨੀਤੀ ਨਾਲ ਹੀ ਸਿਰਜਿਆ ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦਾ 40 ਵਰਿਆਂ ਦਾ ਰਾਜ ਹੋਵੇ ਜਾਂ ਬੰਦਾ ਸਿੰਘ ਬਹਾਦਰ ਅਤੇ ਹਰੀ ਸਿੰਘ ਨਲੂਏ ਵਰਗੇ ਯੋਧਿਆਂ ਦੀ ਗੱਲ ਹੋਵੇ। ਹਰੀ ਸਿੰਘ ਨਲੂਆ ਇੱਕ ਮਹਾਨ, ਬਲਵਾਨ ਅਤੇ ਉੱਚੀ ਵਿਚਾਰਧਾਰਾ ਵਾਲਾ ਯੋਧਾ ਸੀ। ਕਿਉਂਕਿ ਦਰਿਆ-ਏ-ਖੈਬਰ ਵਿੱਚ ਆ ਕੇ ਦੁਨੀਆ ਦਾ ਹਰੇਕ ਵੱਡੇ ਤੋਂ ਵੱਡਾ ਸ਼ਾਸਕ ਹਾਰਿਆ ਪਰੰਤੂ ਹਰੀ ਸਿੰਘ ਨਲੂਏ ਨੇ ਆਪਣੀ ਵੱਡਮੁੱਲੀ ਰਾਜਨੀਤੀ ਅਤੇ ਰਣਨੀਤੀ ਨਾਲ ਦਰਿਆ-ਏ-ਖੈਬਰ ਵੀ ਫਤਿਹ ਕੀਤਾ।ਉਸ ਸਮੇ ਦੇ ਕਈ ਇਤਿਹਾਸਕਾਰ ਲਿਖਦੇ ਹਨ ਕਿ ਜੇਕਰ ਹਰੀ ਸਿੰਘ ਨਲੂਆ ਕੋਲ ਅੰਗਰੇਜ਼ਾਂ ਜਿੰਨੀ ਸੈਨਿਕ ਸ਼ਕਤੀ ਹੁੰਦੀ ਤਾਂ ਉਹ ਕੁਲ ਦੁਨੀਆ ਉਪਰ ਹੀ ਕੇਸਰੀ ਝੰਡਾ ਲਹਿਰਾ ਸਕਦਾ ਸੀ। ਇਹ ਵਿਚਾਰਧਾਰਾ ਅਤੇ ਰਾਜਨੀਤਕ ਦਿੱਖ ਸਾਨੂੰ ਸਾਡੇ ਪੁਰਖਾਂ ਨੇ ਦਿਖਾਈ ਸੀ। ਪਰੰਤੂ ਸਾਡੀ ਤਰਾਸਦੀ ਦਾ ਕਾਰਨ ਹੁਣ ਇਹ ਬਣਦਾ ਜਾ ਰਿਹਾ ਹੈ ਕਿ ਅਸੀਂ ਇਸ ਵੱਡਮੁੱਲੀ ਵਿਚਾਰਧਾਰਾ ਅਤੇ ਰਾਜਨੀਤਕ ਸਿੱਖਿਆ ਦੀ ਸ਼ਕਤੀ ਨੂੰ ਅਪਣਾਉਣਾ ਤਾਂ ਕੀ ਸੀ ਅਸੀ ਤਾਂ ਇਸ ਨੂੰ ਸਮਝ ਹੀ ਨਹੀਂ ਪਾਏ। ਅੱਜ ਰਾਜਨੀਤੀ ਤੋਂ ਭਾਵ ਬਸ 'ਰਾਜ ਦੀ ਪ੍ਰਾਪਤੀ ' ਹੀ ਰਹਿ ਗਿਆ ਹੈ। ਜਿਵੇਂ ਇੱਕ ਮੱਝ ਫੀਡ ਖਾਂਦੀ ਹੈ ਪਰ ਉਸਨੂੰ ਫੀਡ ਦੀ ਕੰਪਨੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ।ਬਸ ਇਹੀ ਹਾਲ ਸਾਡੇ ਅੱਜ ਦੇ ਲੀਡਰਾਂ ਦਾ ਹੈ ਇਹਨਾਂ ਨੂੰ ਵੀ ਬਸ ਮਲਾਈ ਵਾਲੀ ਕੌਲੀ ਮਿਲਣੀ ਚਾਹੀਦੀ ਹੈ ਇਹਨਾਂ ਦਾ ਵੀ ਕਿਸੇ ਪਾਰਟੀ ਜਾਂ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਨਹੀਂ। ਆਪਣੇ ਨਿੱਜੀ ਸੁਆਰਥਾਂ ਲਈ ਥਾਂ-ਥਾਂ ਦੁਖੀ ਆਤਮਾ ਬਣਕੇ ਭਟਕ ਰਹੇ ਇਹ ਲੀਡਰ ਸਾਡੇ ਸਮਾਜ ਦਾ ਕੁਝ ਨਹੀਂ ਸੁਆਰ ਸਕਦੇ। ਸਾਡੇ ਇਤਿਹਾਸ ਤੋਂ ਪਤਾ ਚੱਲਦਾ ਹੈ ਕਿ ਸਾਨੂੰ ਸਾਡੇ ਗੁਰੂਆਂ ਅਤੇ ਪੁਰਖਾਂ ਨੇ ਆਪਣੀ ਗੱਲ ਉਪਰ ਅਟੱਲ ਰਹਿਣਾ ਸਿਖਾਇਆ ਹੈ ਚਾਹੇ ਸਾਹਮਣੇ ਵੱਡੀ ਤੋਂ ਵੱਡੀ ਮੁਸੀਬਤ ਵੀ ਕਿਉਂ ਨਾ ਹੋਵੇ। ਔਖੇ ਸਮੇਂ ਵਿਚ ਇਹਨਾਂ ਆਪਣਾ ਆਪ ਅਗਾਂਹ ਵਧਾਉਣ ਵਾਲੇ ਲੀਡਰਾਂ ਨੂੰ ਚਾਹੀਦਾ ਹੈ ਕਿ ਆਪਣੀ ਵਿਚਾਰਧਾਰਾ ਦੇ ਨਾਲ ਡੱਟ ਕੇ ਖੜ੍ਹਨ ਪਰੰਤੂ ਇਹ ਦੋ-ਮੂੰਹੀ ਰਾਜਨੀਤੀ ਕਰਨ ਵਾਲੇ ਸਿਰਫ ਆਪਣਾ ਹੀ ਸੋਚਦੇ ਹਨ। ਇਹਨਾਂ ਦਾ ਸਮਾਜ ਉਪਰ ਪੈ ਰਹੇ ਪ੍ਰਭਾਵ ਨਾਲ ਕੋਈ ਲੈਣਾ ਦੇਣਾ ਨਹੀਂ। ਪਰੰਤੂ ਇਥੇ ਕਹਿਣ ਯੋਗ ਗੱਲ ਹੈ ਕਿ ਅਕਸਰ ਹੀ ਦੋ-ਬੇੜੀਆਂ ਵਿੱਚ ਪੈਰ ਰੱਖਣ ਵਾਲੇ ਡੁੱਬ ਜਾਇਆ ਕਰਦੇ ਹਨ। ਇਹਨਾਂ ਨੇਤਾਵਾਂ ਨੂੰ ਚਾਹੀਦਾ ਹੈ ਕਿ ਇਹ ਦੋ-ਮੂੰਹੀ ਰਾਜਨੀਤੀ ਨੂੰ ਤਿਆਗਣ ਅਤੇ ਆਪਣੀ ਇਕ ਵਿਚਾਰਧਾਰਾ ਉਪਰ ਕਾਇਮ ਰਹਿਣ, ਆਪਣੇ ਆਪ ਨੂੰ ਖੋਜਣ ਅਤੇ ਇਤਿਹਾਸ ਤੋ ਜਾਣੂ ਹੋਣ। ਅੱਜ ਦੇ ਸਾਡੇ ਕੁਝ ਨੇਤਾ ਜੋ ਲੱਗਭਗ ਹਰ ਪਾਰਟੀ ਵਿੱਚ ਜਾਣ ਦਾ ਮਾਣ ਹਾਸਿਲ ਕਰ ਚੁੱਕੇ ਹਨ।ਅਤੇ ਫ਼ਸਲੀ ਚੱਕਰ ਵਾਂਗ ਲਗਾਤਾਰ ਆਪਣੇ ਦਿੱਤੇ ਬਿਆਨਾਂ ਤੋਂ ਪਲਟਦੇ ਹੀ ਰਹਿੰਦੇ ਹਨ, ਉਹਨਾਂ ਦੀ ਕਿਹੜੀ ਵਿਚਾਰਧਾਰਾ ਹੋ ਸਕਦੀ ਹੈ। ਜਿਸ ਵਿਚਾਰਧਾਰਾ ਲੈਕੇ ਇਹ ਆਮ ਲੋਕਾਂ ਵਿੱਚ ਜਾਣ ਅਤੇ ਉਸ ਪਾਸੋਂ ਲੋਕਾਂ ਨੂੰ ਜਾਣੂ ਕਰਵਾਉਣ। ਇਹੋ-ਜਿਹੇ ਦਲ-ਬਦਲੂ ਨੇਤਾਵਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਕਿ ਇਹ ਸਮਾਜ ਨੂੰ ਕੋਈ ਸੇਧ ਦੇਣਗੇ। ਸਾਡੇ ਇਸੇ ਸਮਾਜ ਅੰਦਰ ਕਈ ਨੇਤਾ ਅਜਿਹੇ ਵੀ ਹਨ ਜਿੰਨਾ ਨੂੰ ਚਾਹੇ ਨਫ਼ਾ ਹੋਇਆ ਜਾ ਨੁਕਸਾਨ ਪ੍ਰੰਤੂ ਉਹ ਆਪਣੀ ਇਕ ਵਿਚਾਰਧਾਰਾ ਤੇ ਹੀ ਕਾਇਮ ਰਹੇ। ਅੱਜ ਹਰ ਪਾਸੇ ਬਸ ਅਹੁਦੇਦਾਰੀਆਂ, ਕੁਰਸੀਆਂ ਅਤੇ ਮੰਤਰਾਲੇ ਸਾਂਭਣ ਦੀ ਹੀ ਕਸ਼ਮਕਸ਼ ਹੈ ਜਦਕਿ ਕਿ ਕੋਸ਼ਿਸ਼ ਇਹ ਹੋਣੀ ਚਾਹੀਦੀ ਸੀ ਆਮ ਜਨਤਾ ਨੂੰ ਕਿਵੇਂ ਲਾਭ ਦੇਣਾ ਹੈ,ਉਹਨਾਂ ਦੀ ਜਿੰਦਗੀ ਕਿਵੇਂ ਸੁਖਾਲੀ ਕਰਨੀ ਹੈ।ਇਹ ਸੁਆਰਥੀ ਲੀਡਰ ਵੋਟਾਂ ਵੇਲੇ ਲੋਕਾਂ ਵਿੱਚ ਕਿਹੜੀ ਵਿਚਾਰਧਾਰਾ ਲੈਕੇ ਜਾਂਦੇ ਹਨ ਜਦਕਿ ਛੇ ਮਹੀਨੇ ਪਹਿਲਾਂ ਹੀ ਇਹਨਾਂ ਨੇ ਆਪਣੀ ਪਾਰਟੀ ਬਦਲੀ ਹੁੰਦੀ ਹੈ। ਸਮਾਜ ਵਿੱਚ ਸਿਰਫ ਉਹੀ ਲੋਕ ਤਬਦੀਲੀ ਲਿਆ ਸਕਦੇ ਹਨ ਜੋ ਆਪਣੀ ਇੱਕ ਵਿਚਾਰਧਾਰਾ ਉਪਰ ਹਮੇਸ਼ਾ ਡੱਟੇ ਰਹਿਣ।ਸਿਰਫ ਸੱਤਾ ਦੇ ਮੋਹ ਲਈ ਹੀ ਪਾਸੇ ਨਾ ਬਦਲਣ। ਵੱਖ-ਵੱਖ ਵਿਚਾਰਧਾਰਾਵਾਂ ਇਕੱਠੀਆਂ ਹੋਕੇ ਸਮਾਜ ਵਿਚ ਕੋਈ ਬਦਲਾਅ ਨਹੀਂ ਲਿਆਂ ਸਕਦੀਆਂ,ਆਮ ਲੋਕਾਂ ਦਾ ਕੋਈ ਭਲਾ ਨਹੀਂ ਕਰ ਸਕਦੀਆਂ। ਅੰਤ ਵਿੱਚ ਮੈਂ ਆਮ ਲੋਕਾਂ ਨੂੰ ਬਸ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਸੀ ਇਹਨਾਂ ਨੇਤਾਵਾਂ ਦੀ ਕਿਸਮਤ ਲਿਖੋ ਨਾਂ ਕਿ ਆਪਣੀ ਕਿਸਮਤ ਇਹਨਾਂ ਦੇ ਆਸਰੇ ਛੱਡੋ। ਇਸ ਨਾਲ ਹੀ ਸਾਡੇ ਸਮਾਜ ਅਤੇ ਦੇਸ਼ ਦਾ ਭਲਾ ਹੋ ਸਕਦਾ ਹੈ।
✍️ ਰਣਜੀਤ ਸਿੰਘ ਹਿਟਲਰ
ਫਿਰੋਜ਼ਪੁਰ ਪੰਜਾਬ।
ਮੋ:ਨੰ:- 7901729507