You are here

ਯੂ ਐਨ ਮਾਹਿਰਾਂ ਵੱਲੋਂ ਭਾਰਤ ਦੇ ਆਰਥਿਕ ਪੈਕੇਜ ਦੀ ਸ਼ਲਾਘਾ

ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਇੰਨੇ ਕਰੋੜ ਰੁਪਏ ਦੇ ਪ੍ਰੋਤਸਾਹਣ ਪੈਕੇਜ ਦਾ ਕੀਤਾ ਐਲਾਨ

ਸੰਯੁਕਤ ਰਾਸ਼ਟਰ, ਮਈ 2020 -(ਏਜੰਸੀ)- ਸੰਯੁਕਤ ਰਾਸ਼ਟਰ ਦੇ ਚੋਟੀ ਦੇ ਆਰਥਿਕ ਮਾਹਿਰਾਂ ਨੇ ਭਾਰਤ ਦੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਪ੍ਰਭਾਵਸ਼ਾਲੀ ਦੱਸਿਆ ਹੈ। ਇਹ ਵਿਕਾਸਸ਼ੀਲ ਦੇਸ਼ਾਂ ਵਿਚ ਸਭ ਤੋਂ ਵੱਡਾ ਆਰਥਿਕ ਪੈਕੇਜ ਹੈ। ਭਾਰਤ ਸਰਕਾਰ ਨੇ ਇਸ ਦਾ ਐਲਾਨ ਲਾਕਡਾਊਨ ਤੋਂ ਪ੍ਰਭਾਵਿਤ ਅਰਥਚਾਰੇ ਨੂੰ ਪੁਨਰ ਸੁਰਜੀਤ ਕਰਨ ਲਈ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ 20 ਲੱਖ ਕਰੋੜ ਰੁਪਏ ਦੇ ਪ੍ਰੋਤਸਾਹਣ ਪੈਕੇਜ ਦਾ ਐਲਾਨ ਕੀਤਾ। ਵਰਲਡ ਇਕਨਾਮਿਕ ਸਿਚੂਏਸ਼ਨ ਐਂਡ ਪ੍ਰਾਸਪੈਕਟ ਰਿਪੋਰਟ ਅਪਡੇਟ ਨੂੰ ਲਾਂਚ ਕਰਦੇ ਹੋਏ ਗਲੋਬਲ ਇਕਨਾਮਿਕ ਮਾਨੀਟਰਿੰਗ ਬਰਾਂਚ ਦੇ ਮੁਖੀ ਹਾਮਿਦ ਰਸ਼ੀਦ ਨੇ ਇਕ ਸਵਾਲ ਦੇ ਜਵਾਬ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਪੈਕੇਜ ਬਹੁਤ ਹੀ ਸਵਾਗਤ ਯੋਗ ਕਦਮ ਹੈ। ਉਨ੍ਹਾਂ ਕਿਹਾ ਕਿ 20 ਲੱਖ ਕਰੋੜ ਰੁਪਏ ਦਾ ਪੈਕੇਜ ਜੋਕਿ ਭਾਰਤ ਦੀ ਜੀਡੀਪੀ ਦਾ 10 ਫ਼ੀਸਦੀ ਹੈ ਵਿਕਾਸਸ਼ੀਲ ਦੇਸ਼ਾਂ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਪ੍ਰੋਤਸਾਹਣ ਹੈ। ਅਧਿਕਤਰ ਵਿਕਾਸਸ਼ੀਲ ਦੇਸ਼ ਜੋ ਪ੍ਰੋਤਸਾਹਣ ਪੈਕੇਜ ਜਾਰੀ ਕਰ ਰਹੇ ਹਨ ਉਹ ਉਨ੍ਹਾਂ ਦੇ ਜੀਡੀਪੀ ਦੇ 0.5 ਫ਼ੀਸਦੀ ਤੋਂ ਇਕ ਫ਼ੀਸਦੀ ਵਿਚਕਾਰ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਪ੍ਰੋਤਸਾਹਣ ਪੈਕੇਜ ਬਹੁਤ ਵੱਡਾ ਹੈ ਅਤੇ ਭਾਰਤ ਦੇ ਘਰੇਲੂ ਵਿੱਤੀ ਬਾਜ਼ਾਰ ਵਿਚ ਉਸ ਵੱਡੇ ਪ੍ਰੋਤਸਾਹਣ ਪੈਕੇਜ ਨੂੰ ਲਾਗੂ ਕਰਨ ਦੀ ਸਮਰੱਥਾ ਵੀ ਹੈ। ਇਹ ਪੈਕੇਜ ਲਾਕਡਾਊਨ ਤੋਂ ਪ੍ਰਭਾਵਿਤ ਅਰਥਚਾਰੇ ਨੂੰ ਬਚਾਉਣ ਲਈ ਪਹਿਲੇ ਤੋਂ ਐਲਾਨੇ ਉਪਾਵਾਂ ਵਿਚ ਸ਼ਾਮਲ ਹੈ। ਇਸ ਵਿਚ ਛੋਟੇ ਧੰਦਿਆਂ ਨਾਲ ਘਰੇਲੂ ਵਿਨਿਰਮਾਣ ਲਈ ਪ੍ਰੋਤਸਾਹਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।

ਇਕਨਾਮਿਕ ਐਨਾਲਸਿਸ ਐਂਡ ਪਾਲਿਸੀ ਡਿਵੀਜ਼ਨ, ਡਿਪਾਰਟਮੈਂਟ ਆਫ ਇਕਨਾਮਿਕ ਐਂਡ ਸੋਸ਼ਲ ਅਫੇਅਰਜ਼ ਦੇ ਐਸੋਸੀਏਟ ਇਕਨਾਮਿਕ ਅਫੇਅਰਜ਼ ਆਫੀਸਰ ਜੂਲੀਅਨ ਸਲਾਟਮੈਨ ਨੇ ਦੱਸਿਆ ਕਿ ਭਾਰਤ ਦੇ ਪ੍ਰੋਤਸਾਹਣ ਪੈਕੇਜ ਦਾ ਆਕਾਰ ਪ੍ਰਭਾਵਸ਼ਾਲੀ ਹੈ। ਇਹ ਬਾਜ਼ਾਰਾਂ ਨੂੰ ਭਰੋਸਾ ਦੇਣ ਅਤੇ ਘਰੇਲੂ ਖਪਤ ਨੂੰ ਉਤਸ਼ਾਹ ਦੇਣ ਵਿਚ ਮਦਦ ਕਰੇਗਾ। ਜਦੋਂ ਲੋਕ ਖ਼ਰਚ ਕਰਨ ਵਿਚ ਸਮਰੱਥ ਨਹੀਂ ਹੁੰਦੇ ਹਨ, ਤੁਸੀਂ ਅਚਾਨਕ ਜਾਦੂਈ ਰੂਪ ਨਾਲ ਆਰਥਿਕ ਵਾਧੇ ਦੀ ਉਮੀਦ ਨਹੀਂ ਕਰ ਸਕਦੇ।

ਕੋਰੋੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਲਾਕਡਾਊਨ ਲਾਗੂ ਕਰਨ ਦੇ ਭਾਰਤ ਸਰਕਾਰ ਦੇ ਫ਼ੈਸਲੇ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੁਝ ਬਿੰਦੂਆਂ 'ਤੇ ਪਾਬੰਦੀਆਂ ਨੂੰ ਹੌਲੀ-ਹੌਲੀ ਘੱਟ ਕਰਨਾ ਲਾਜ਼ਮੀ ਹੋਵੇਗਾ। ਹਾਲਾਂਕਿ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਇਸ ਨਾਲ ਦੇਸ਼ ਵਿਚ ਇਨਫੈਕਸ਼ਨ ਵੱਧ ਸਕਦਾ ਹੈ।