You are here

ਮਾਂ! ✍️ ਸੁਖਦੇਵ ਸਲੇਮਪੁਰੀ

  ਮਾਂ!

ਅੱਜ ਮਾਂ ਦਿਵਸ ਹੈ। ਮਾਂ ਦਿਵਸ ਮਨਾਉਣ ਦੀ ਸਾਨੂੰ ਕਿਉਂ ਲੋੜ ਪਈ ਸਾਡੇ ਸਾਹਮਣੇ ਇਸ ਵੇਲੇ ਬਹੁਤ ਵੱਡਾ ਸੁਆਲ ਖੜਾ ਹੈ। ਸੱਚ ਇਹ ਹੈ ਕਿ ਬਹੁਤੇ ਪਰਿਵਾਰਾਂ ਵਿਚ ਔਲਾਦ ਆਪਣੀ ਮਾਂ ਦੇ ਰੁਤਬੇ ਦੀ ਮਹੱਤਤਾ ਨੂੰ ਭੁੱਲ ਗਈ ਹੈ  ਜਾਂ ਫਿਰ ਭੁੱਲਦੀ ਜਾ ਰਹੀ ਹੈ । ਅਜੋਕੇ ਸਮੇਂ ਦੌਰਾਨ ਕੋਰੋਨਾ ਦੇ ਚੱਲਦਿਆਂ ਤਾਂ ਮਾਂ ਦਿਵਸ ਦੀ ਮਹੱਤਤਾ ਹੋਰ ਵੀ ਬਹੁਤ ਵੱਧ ਗਈ ਹੈ ਕਿਉਂਕਿ ਵੇਖਣ ਵਿਚ ਆਇਆ ਹੈ ਕਿ ਕੋਰੋਨਾ ਨਾਲ ਜਿਹੜੀਆਂ ਬਜੁਰਗ ਔਰਤਾਂ ਦੀ ਮੌਤ ਹੋ ਗਈ ਸੀ ਦੇ ਵਿੱਚੋਂ ਕਈ ਮਾਂਵਾਂ ਦੇ ਧੀਆਂ - ਪੁੱਤ ਹਸਪਤਾਲਾਂ ਵਿੱਚੋਂ ਆਪਣੀ ਮਾਂ ਦੀ ਲਾਸ਼ ਲੈਣ ਵੀ ਨਹੀਂ ਗਏ, ਹੋਰ ਰਸਮਾਂ ਨਿਭਾਉਣ ਦੀ ਗੱਲ ਤਾਂ ਬਹੁਤ ਦੂਰ ਦੀ ਸੀ।

    ਹਰ ਮਾਂ ਆਪਣੀਆਂ ਧੀਆਂ - ਪੁੱਤਾਂ ਨੂੰ ਆਪਣੇ ਵਿੱਤ ਅਨੁਸਾਰ ਪੂਰੇ ਦਿਲੀ ਚਾਵਾਂ ਮਲਾਰਾਂ ਨਾਲ ਪਾਲਦੀ ਹੈ। ਮਾਂ ਭਾਵੇਂ ਝੁੱਗੀ ਵਿਚ ਰਹਿੰਦੀ ਹੋਵੇ ਭਾਵੇਂ ਮਹਿਲ ਵਿਚ ਰਹਿੰਦੀ ਹੋਵੇ, ਸੱਭ ਦੀਆਂ ਭਾਵਨਾਵਾਂ ਇੱਕ ਸਮਾਨ ਹੁੰਦੀਆਂ ਹਨ, ਖੁਸ਼ੀ, ਗਮੀ, ਦੁੱਖ, ਸੁੱਖ ਦਾ ਅਨੁਭਵ ਕਿਹੋ ਜਿਹਾ ਹੁੰਦਾ ਹੈ।

ਮਾਂ ਦਾ ਪਿਆਰ ਹਰ ਬੱਚੇ ਨੂੰ ਮਿਲਣਾ ਚਾਹੀਦਾ ਹੈ ਜਦਕਿ ਹਰ ਬੱਚੇ ਦਾ ਇਖਲਾਕੀ ਫਰਜ ਬਣਦਾ ਹੈ ਕਿ ਉਹ ਆਪਣੀ ਮਾਂ ਤੋਂ ਕਦੀ ਵੀ ਬੇ-ਮੁੱਖ ਨਾ ਹੋ ਕੇ ਉਸ ਦੀ ਸੇਵਾ ਕਰਦਾ ਰਹੇ ਅਤੇ ਕਦੀ ਵੀ ਆਪਣੀ ਮਾਂ ਦਾ ਹਿਰਦਾ ਦੁੱਖੀ ਨਾ ਕਰੇ।

ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਵਿਚ  ਬੱਚੇਦਾਨੀ ਅਤੇ ਛਾਤੀ ਦੇ ਕੈਂਸਰ ਕਾਰਨ ਹਰ ਸਾਲ ਵੱਡੀ ਗਿਣਤੀ ਵਿਚ ਮਾਂਵਾਂ ਆਪਣੇ ਮਾਸੂਮ ਬੱਚਿਆਂ ਨੂੰ ਵਿਲਕਦਿਆਂ ਛੱਡ ਕੇ ਮਰ ਜਾਂਦੀਆਂ ਹਨ। ਦੇਸ਼ ਵਿਚ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਗਰਭਵਤੀ ਮਾਵਾਂ ਗਰਭ ਅਵਸਥਾ ਜਾਂ ਜਣੇਪੇ ਦੌਰਾਨ ਖੂਨ ਦੀ ਕਮੀ ਕਾਰਨ ਮੌਤ ਦੇ ਮੂੰਹ ਵਿਚ ਚਲੀਆਂ ਜਾਂਦੀਆਂ ਹਨ। ਭਾਰਤ ਵਿਚ ਮਨੂ-ਸਿਮਰਤੀ ਵਿਧਾਨ ਲਾਗੂ ਹੋਣ ਕਰਕੇ ਔਰਤ ਜਾਤੀ ਪ੍ਰਤੀ ਵਿਵਹਾਰ ਨਕਾਰਾਤਮਿਕ ਹੈ, ਜਿਸ ਕਰਕੇ ਮਰਦਾਂ ਦੇ ਮੁਕਾਬਲੇ ਔਰਤਾਂ ਵਿਚ ਖੂਨ ਦੇ ਪੱਧਰ ਦੀ ਮਾਤਰਾ ਅਕਸਰ ਘੱਟ ਪਾਈ ਜਾਂਦੀ ਹੈ ਹਾਲਾਂਕਿ ਮਰਦ-ਔਰਤ ਵਿਚ ਖੂਨ ਦੀ ਮਾਤਰਾ ਇੱਕ-ਸਮਾਨ ਚਾਹੀਦਾ ਹੈ। ਬਾਬਾ ਸਾਹਿਬ ਡਾ:ਭੀਮ ਰਾਓ ਅੰਬੇਦਕਰ ਵਲੋ ਭਾਰਤੀ ਸੰਵਿਧਾਨ ਵਿਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਦਿੱਤੇ ਗਏ ਹਨ ਪਰ ਮਨੂ-ਸਿਮਰਤੀ ਵਿਧਾਨ ਭਾਰੂ ਹੋਣ ਕਰਕੇ ਔਰਤ ਨੂੰ ਅਜੇ ਵੀ ਦੂਜੇ ਦਰਜੇ ਦੇ ਸ਼ਹਿਰੀ ਦੀ ਤਰ੍ਹਾਂ ਵੇਖਿਆ ਜਾ ਰਿਹਾ ਹੈ। ਭਾਵੇਂ ਕੋਈ ਅਮੀਰ, ਗਰੀਬ, ਮੱਧ-ਵਰਗੀ ਸਮਾਜ ਨਾਲ ਸਬੰਧ ਰੱਖਦਾ ਹੈ ਅਤੇ ਇਸ ਦੇ ਨਾਲ ਨਾਲ ਉਹ ਦੇਸ਼ ਵਿਚ ਅਪਣਾਏ ਗਏ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੈ, ਦੀ ਔਰਤ ਪ੍ਰਤੀ ਉਸ ਦੀ ਸੋਚਣੀ, ਵਿਚਾਰ ਅਤੇ ਵਿਵਹਾਰ ਇੱਕ ਸਮਾਨ ਹੈ। 

ਪਰ ਅੱਜ ਮਾਂ ਦਿਵਸ ਮੌਕੇ ਮੈਂ ਆਪਣੀ ਮਾਂ ਜੋ ਮੈਨੂੰ, ਮੇਰੀ ਭੈਣ ਅਤੇ ਭਰਾਵਾਂ ਨੂੰ ਬਹੁਤ ਸਾਲ ਪਹਿਲਾਂ ਛੱਡ ਕੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਈ ਸੀ ਦੇ ਪੈਰਾਂ ਵਿਚ ਸਿਰ ਝੁਕਾਉੰਦਾ ਹਾਂ ਜਿਸ ਨੇ ਗਰੀਬੀ ਦੇ ਚੱਲਦਿਆਂ ਸਾਨੂੰ ਪਾਲਿਆ। ਮੈਨੂੰ ਉਹ ਦਿਨ ਕਦੀ ਵੀ ਨਹੀਂ ਭੁੱਲਣਗੇ ਜਦੋਂ ਅਸੀਂ ਘਰ ਵਿਚ ਛੋਟੇ ਛੋਟੇ ਹੁੰਦੇ ਸਾਂ ਅਤੇ ਸਾਡੀ ਮਾਂ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਵਾਪਸ ਆਉਂਦੀ ਹੋਈ ਲੀਰੋ ਲੀਰ ਹੋਈ ਚੁੰਨੀ ਵਿਚ ਰੋਟੀਆਂ ਲਪੇਟ ਕੇ ਲਿਆਂਦੀ ਹੁੰਦੀ ਸੀ ਅਤੇ ਫਿਰ ਸਾਡਾ ਢਿੱਡ ਭਰਦੀ ਹੁੰਦੀ ਸੀ। ਮੈਨੂੰ ਇਹ ਵੀ ਯਾਦ ਹੈ ਕਿ ਮਾਂ ਵਲੋਂ ਲਿਆਂਦੀ ਹੋਈਆਂ ਰੋਟੀਆਂ ਵਿਚ ਰਾਤ ਦੀਆਂ ਬੇਹੀਆਂ - ਤਬੇਹੀਆਂ ਰੋਟੀਆਂ ਵੀ ਹੁੰਦੀਆਂ ਸਨ ਪਰ ਸਾਨੂੰ ਇਹ ਰੋਟੀਆਂ ਵੀ ਬਿਸਕੁਟਾਂ ਵਰਗੀਆਂ ਲੱਗਦੀਆਂ ਸਨ।

ਸੱਚ ਇਹ ਹੈ ਕਿ ਮਾਂ ਦਾ ਦੇਣ ਅਸੀਂ ਕਦੀ ਵੀ ਨਹੀਂ ਦੇ ਸਕਦੇ। ਮੁਸਲਿਮ ਧਰਮ ਮੁਤਾਬਿਕ  ' ਮਾਂ ਦੇ ਪੈਰਾਂ ਵਿਚ ਸਵਰਗ ਹੁੰਦਾ ਹੈ।' 

-ਸੁਖਦੇਵ ਸਲੇਮਪੁਰੀ

09780620233

10 ਮਈ, 2020