ਲੰਡਨ,ਮਈ 2020 -(ਏਜੰਸੀ)- ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੁਨੀਆ ਭਰ 'ਚ ਮੌਜੂਦ ਮੀਟ ਬਾਜ਼ਾਰ ਬੰਦ ਨਹੀਂ ਕੀਤੇ ਜਾਣੇ ਚਾਹੀਦੇ। ਦੱਸ ਦੇਈਏ ਕਿ ਚੀਨ ਦੇ ਵੁਹਾਨ ਸ਼ਹਿਰ 'ਚ ਸਥਿਤ ਜ਼ਿੰਦਾ ਪਸ਼ੂਆਂ ਦੀ ਮਾਰਕੀਟ ਨੇ ਕੋਰੋਨਾ ਮਹਾਮਾਰੀ ਫੈਲਣ 'ਚ ਅਹਿਮ ਭੂਮਿਕ ਨਿਭਾਈ ਹੈ। ਇਕ ਪ੍ਰੈੱਸ ਬ੍ਰੀਫਿੰਗ 'ਚ ਵਿਸ਼ਵ ਸਿਹਤ ਸੰਗਠਨ ਤੇ ਐਨੀਮਲ ਡਿਜ਼ੀਜ਼ ਐਕਸਪਰਟ ਪੀਟਰ ਬੇਨ ਐਂਬਾਰਕ ਨੇ ਕਿਹਾ ਕਿ ਇਹ ਬਾਜ਼ਾਰ ਆਲਮੀ ਤੌਰ 'ਤੇ ਲੱਖਾਂ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਉਂਦੇ ਹਨ, ਇਸ ਲਈ ਇਨ੍ਹਾਂ ਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਨ੍ਹਾਂ ਨੂੰ ਗ਼ੈਰ-ਕਾਨੂੰਨੀ ਐਲਾਨਣ ਦੀ ਬਜਾਏ ਇਨ੍ਹਾਂ ਦੇ ਸੁਧਾਰ ਵੱਲ ਧਿਆਨ ਦੇਣਾ ਚਾਹੀਦਾ ਹੈ। ਹਾਲਾਂਕਿ ਕਦੀ-ਕਦਾਈਂ ਇਹ ਮਨੁੱਖ 'ਚ ਮਹਾਮਾਰੀ ਫੈਲਾਉਣ ਦਾ ਜ਼ਰੀਆ ਵੀ ਬਣ ਜਾਂਦੇ ਹਨ।
ਬੇਨ ਨੇ ਕਿਹਾ, 'ਅਜਿਹੇ ਵਾਤਾਵਰਨ 'ਚ ਖ਼ੁਰਾਕ ਸੁਰੱਖਿਆ ਮੁਸ਼ਕਲ ਹੈ ਤੇ ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਕਿ ਕਦੀ-ਕਦਾਈਂ ਇਹ ਘਟਨਾਵਾਂ ਬਾਜ਼ਾਰਾਂ ਦੇ ਅੰਦਰ ਵੀ ਹੁੰਦੀਆਂ ਹਨ।' ਉਨ੍ਹਾਂ ਕਿਹਾ ਕਿ ਮਨੁੱਖਾਂ 'ਚ ਬਿਮਾਰੀ ਦਾ ਫੈਲਾਅ ਰੋਕਣ ਲਈ ਇਨ੍ਹਾਂ ਬਾਜ਼ਾਰਾਂ 'ਚ ਸਫ਼ਾਈ ਤੇ ਖ਼ੁਰਾਕ ਸੁਰੱਖਿਆ ਮਾਪਦੰਡਾਂ ਨੂੰ ਵਧਾਉਣਾ ਚਾਹੀਦਾ ਤੇ ਨਾਲ ਹੀ ਜ਼ਿੰਦਾ ਪਸ਼ੂਆਂ ਦੇ ਬਾਜ਼ਾਰਾਂ ਆਬਾਦੀ ਤੋਂ ਥੋੜ੍ਹਾ ਦੂਰ ਰੱਖਣੇ ਚਾਹੀਦੇ ਹੈ।
ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਹੁਣ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਵੁਹਾਨ ਦੀ ਮੀਟ ਮਾਰਕੀਟ ਹੀ ਕੋਰੋਨਾ ਵਾਇਰਸ ਦਾ ਮੁੱਖ ਸਰੋਤ ਹੈ ਜਾਂ ਸਿਰਫ਼ ਇਸ ਨੇ ਇਸ ਖ਼ਤਰਨਾਕ ਵਾਇਰਸ ਨੂੰ ਫੈਲਾਉਣ 'ਚ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਕੋਰੋਨਾ ਦਾ ਪਹਿਲਾ ਮਾਮਲਾ ਵੁਹਾਨ ਸ਼ਹਿਰ 'ਚ ਹੀ ਸਾਹਮਣੇ ਆਇਆ ਸੀ ਤੇ ਇਸ ਤੋਂ ਬਾਅਦ ਤੇਜ਼ੀ ਨਾਲ ਇੱਥੇ ਮਾਮਲੇ ਵਧਦੇ ਗਏ ਤੇ 80 ਹਜ਼ਾਰ ਦਾ ਅੰਕੜਾ ਪਾਰ ਕਰ ਗਏ। ਹਾਲਾਂਕਿ ਚੀਨ 'ਚ ਹੁਣ ਸਥਿਤੀ ਕਾਬੂ ਹੇਠ ਹੈ।