ਜਗਰਾਓਂ/ਰਾਏਕੋਟ/ਲੁਧਿਆਣਾ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-
ਅੱਜ ਕੋਰੋਨਾ ਵਾਇਰਸ ਨਾਲ ਪੀੜ੍ਹਤ ਜਗਰਾਓਂ ਵਿਖੇ 1 ਅਤੇ ਰਾਏਕੋਟ ਵਿਖੇ 5 ਪਾਜੇਟਿਵ ਆਏ। ਜਦ ਕਿ ਸੱਚਖੰਡ ਸਾਹਿਬ ਸ਼੍ਰੀ ਹਜੂਰ ਸਾਹਿਬ ਤੋਂ ਆਏ 9 ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆਈ। ਰਾਏਕੋਟ ਵਿਖੇ ਪਾਜੇਟਿਵ ਆਏ 5 ਵਿਚੋਂ 4 ਇੱਕ ਪਰਿਵਾਰ ਦੇ ਮੈਂਬਰ ਹਨ, ਜਿਨ੍ਹਾਂ ਨੂੰ ਇਲਾਜ ਲਈ ਜਗਰਾਓਂ ਸਿਵਲ ਹਸਪਤਾਲ ਲਿਆਂਦਾ ਗਿਆ, ਜਦ ਕਿ 5ਵਾਂ ਪੀੜ੍ਹਤ ਲੁਧਿਆਣਾ ਵਿਖੇ ਜੇਰੇ ਇਲਾਜ ਹੈ। ਰਾਏਕੋਟ ਦੇ ਐੱਸ ਡੀ ਐੱਮ ਡਾ. ਹਿਮਾਂਸ਼ੂ ਗੁਪਤਾ ਅਨੁਸਾਰ ਸੰਦੀਪ ਸਿੰਘ ਸਮੇਤ ਉਸ ਦੇ ਪੂਰੇ ਪਰਿਵਾਰ ਦੀ ਕੋਰੋਨਾ ਵਾਇਰਸ ਸਬੰਧੀ ਸੈਂਪਲ ਲੈਣ ਤੋਂ ਪਹਿਲਾਂ ਡਾਕਟਰਾਂ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ ਇਨ੍ਹਾਂ ਸਾਰਿਆਂ ਵਿਚ ਕੋਰੋਨਾ ਦੇ ਕੋਈ ਵੀ ਲੱਛਣ ਨਹੀਂ ਪਾਏ ਗਏ ਸਨ।
ਪ੍ਰਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਸਿਵਲ ਹਸਪਤਾਲ ਵਿਖੇ ਬੀਤੇ ਦਿਨੀਂ ਸ਼੍ਰੀ ਹਜੂਰ ਸਾਹਿਬ ਤੋਂ 10 ਸ਼ਰਧਾਲੂ ਜਗਰਾਓਂ ਪੁੱਜੇ ਸਨ, ਜਿਨ੍ਹਾਂ ਨੂੰ ਏਕਾਂਤਵਾਸ ਵਾਰਡ ਵਿਚ ਦਾਖਲ ਕਰਕੇ ਉਨ੍ਹਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਜਿਨ੍ਹਾਂ ਵਿਚੋਂ ਗੁਰਦੀਪ ਸਿੰਘ ਪੁੱਤਰ ਹਰਬੰਸ ਸਿੰਘ 54 ਸਾਲ ਵਾਸੀ ਪਿੰਡ ਮਾਣੂੰਕੇ ਦੀ ਰਿਪੋਰਟ ਪਾਜੇਟਿਵ ਆਈ ਹੈ। ਉਨ੍ਹਾਂ ਨਾਲ ਹੀ ਆਏ ਹੋਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਜਗਰਾਓਂ ਸਿਵਲ ਹਸਪਤਾਲ ਵਿਚ ਪੰਜਾਬ ਰੋਡਵੇਜ਼ ਦੇ ਜੀਐੱਮ ਸਮੇਤ 4 ਮੁਲਾਜ਼ਮਾਂ ਦੇ ਕੋਰੋਨਾ ਵਾਇਰਸ ਸਬੰਧੀ ਸੈਂਪਲ ਲੈਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਹੀ ਏਕਾਂਤਵਾਸ ਵਾਰਡ ਵਿਚ ਭਰਤੀ ਕੀਤਾ ਗਿਆ ਪਰ ਹਸਪਤਾਲ ਵਿਚ ਇਕੱਲੇ ਰਹਿਣ ਤੋਂ ਦੁਖੀ ਹੋਏ ਜੀਐੱਮ ਸਮੇਤ ਚਾਰੇ ਏਕਾਂਤਵਾਸ ਵਾਰਡ ਵਿਚੋਂ ਘਰੋਂ ਘਰੀ ਚਲੇ ਗਏ। ਅੱਜ ਜਦੋਂ ਇਨ੍ਹਾਂ ਚਾਰਾਂ ਦੀ ਰਿਪੋਰਟ ਨੈਗੇਟਿਵ ਆਈ ਤਾਂ ਜਗਰਾਓਂ ਸਿਹਤ ਵਿਭਾਗ ਨੇ ਸੁੱਖ ਦਾ ਸਾਹ ਲਿਆ।
ਰਾਏਕੋਟ ਦੇ ਪਿੰਡ ਕਾਲਸਾਂ ਵਾਸੀ ਸੰਦੀਪ ਸਿੰਘ ਜੋ ਕਿ ਮੱਧਪ੍ਰਦੇਸ਼ ਤੋਂ ਆਇਆ ਸੀ, ਦੀ ਰਿਪੋਰਟ ਪਾਜੇਟਿਵ ਆਉਣ 'ਤੇ ਸਿਹਤ ਵਿਭਾਗ ਵੱਲੋਂ ਉਸ ਦੇ ਪਰਿਵਾਰ ਦੇ ਸੈਂਪਲ ਲਏ ਗਏ ਤਾਂ ਉਨ੍ਹਾਂ ਚਾਰਾਂ ਦੇ ਜਿਨ੍ਹਾਂ ਵਿਚ ਚਮਕੌਰ ਸਿੰਘ 67 ਸਾਲਾਂ, ਸ਼ਿੰਦਰ ਕੌਰ, ਜੈਸਮੀਨ ਕੌਰ 11 ਸਾਲਾਂ ਅਤੇ ਰਣਦੀਪ ਕੌਰ 34 ਸਾਲਾਂ ਸ਼ਾਮਲ ਹਨ, ਦੀ ਰਿਪੋਰਟ ਪਾਜੇਟਿਵ ਆਈ। ਉਕਤ ਪਰਿਵਾਰ ਦੀ ਰਿਪੋਰਟ ਪਾਜੇਟਿਵ ਆਉਣ 'ਤੇ ਪਿੰਡ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।