ਲੁਧਿਆਣਾ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਕੋਰੋਨਾ ਮਹਾਮਾਰੀ ਨਾਲ ਜਿੱਥੇ ਦੇਸ਼ ਭਰ ਦੇ ਲੋਕ ਘਰਾਂ ਵਿੱਚ ਕੈਦ ਹਨ ਅਤੇ ਲੋਕਾਂ ਨੂੰ ਰਾਸ਼ਨ ਅਤੇ ਹੋਰ ਸਮਾਨ ਦੇਣ ਪੁੱਜਦਾ ਨਾ ਕਰਨ ਦੇ ਸਰਕਾਰਾਂ ਤੇ ਦੋਸ਼ ਲੱਗ ਰਹੇ ਹਨ ਉੱਥੇ ਸ਼੍ਰੀ ਹਜੂਰ ਸਾਹਿਬ ਤੋਂ ਆਈ ਸੰਗਤ ਜੋ ਕਿ ਲੁਧਿਆਣਾ ਦੇ ਮੈਰੀਟੋਰਿਅਸ ਸਕੂਲ ਵਿੱਚ ਕਵਾਰਟਾਈਨ ਕੀਤੀ ਹੋਈ ਹੈ, ਨੂੰ ਮਿਲਣ ਲਈ ਅੱਜ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਸ ਆਪਣੀ ਟੀਮ ਨਾਲ ਪੁੱਜੇ ਅਤੇ ਮੌਕੇ ਤੇ ਹੀ ਲੋਕਾਂ ਦੀ ਮੰਗ ਅਨੁਸਾਰ (ਨੈਬੂਲਾਈਜ਼ਰ) ਭਾਫ ਲੈਣ ਵਾਲੀ ਮਸ਼ੀਨ ਸਮੇਤ ਹੋਰ ਜਰੁਰੂ ਸਮਾਨ ਵੀ ਦਿੱਤਾ
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਵਿਧਾਇਕ ਬੈਂਸ ਨੇ ਦੱਸਿਆ ਕਿ ਲੁਧਿਆਣਾ ਦੇ ਮੈਰੀਟੋਰਿਅਸ ਸਕੂਲ ਵਿੱਚ ਸ਼੍ਰੀ ਹਜੂਰ ਸਾਹਿਬ ਤੋਂ ਆਈ ਸੰਗਤ ਨੂੰ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਕੁਝ ਸ਼ਿਕਾਇਤਾਂ ਫੇਸ ਬੁੱਕ ਤੋਂ ਮਿਲੀਆਂ ਸਨ ਅਤੇ ਉਹ ਮਰੀਜਾਂ ਨੂੰ ਦੇਣ ਵਾਲੀਆਂ ਸਹੂਲਤਾਂ ਦੇਖਣ ਲਈ ਆਏ ਸਨ। ਉਨ੍ਹਾਂ ਦੱਸਿਆ ਕਿ ਇੱਥੇ ਲੋਕਾਂ ਨੂੰ ਅਨੇਕਾਂ ਸ਼ਿਕਾਇਤਾਂ ਕੀਤੀਆਂ ਹਨ ਅਤੇ ਮਰੀਜਾਂ ਨੇ ਦੱਸਿਆ ਕਿ ਨਾ ਹੀ ਇੱਥੇ ਪੂਰੇ ਬਾਥਰੂਮ ਹਨ ਅਤੇ ਸਾਰੇ ਬਾਥਰੂਮਾਂ ਵਿੱਚ ਗੰਦਗੀ ਹੈ, ਇਸ ਤੋਂ ਇਲਾਕਾ ਖਾਣਾ ਵੀ ਵਧੀਆ ਨਾ ਹੋ ਕੇ ਸੜੀਆਂ ਹੋਈਆਂ ਰੋਟੀਆਂ ਦਿੱਤੀਆਂ ਜਾ ਰਹੀਆਂ ਹਨ। ਮਰੀਜਾਂ ਨੇ ਦੱਸਿਆ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਜਦੋਂ ਵੀ ਉਹ ਕੋਈ ਸ਼ਿਕਾਇਤ ਕਰਦੇ ਹਨ ਜਾਂ ਕੋਈ ਚੀਜ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਸਟਾਫ ਵਲੋਂ ਪੁੱਠੇ ਸਿੱਧੇ ਜਵਾਬ ਦਿੱਤੇ ਜਾਂਦੇ ਹਨ। ਵਿਧਾਇਕ ਬੈਂਸ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਸਾਰੇ ਮਰੀਜਾਂ ਨੂੰ ਸਬਰ ਸੰਤੋਖ ਤੋਂ ਕੰਮ ਲੈਣ ਦੀ ਗੱਲ ਆਖੀ ਅਤੇ ਸਾਰਿਆਂ ਨੂੰ ਕਿਹਾ ਕਿ ਇਹ ਬਿਮਾਰੀ ਨੂੰ ਦੂਰ ਦੂਰ ਰਹਿ ਕੇ ਹੀ ਖਤਮ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਵਿÎਧਾਇਕ ਬੈਂਸ ਨੇ ਸਿਵਲ ਹਸਪਤਾਲ ਦਾ ਵੀ ਦੌਰਾ ਕੀਤਾ ਅਤੇ ਮਰੀਜਾਂ ਦਾ ਹਾਲ ਚਾਲ ਪੁੱਿਛਆ। ਇਸ ਦੌਰਾਨ ਲੋਕ ਇਨਸਾਫ ਪਾਰਟੀ ਦੀ ਟੀਮ ਵਲੋਂ ਮਰੀਜਾਂ ਲਈ ਮਾਸਕ, ਸੈਨੇਟਾਈਜਰ, ਸੇਬ, ਕੇਲੇ, ਨਹਾਉਣ ਵਾਲਾ ਸਾਬਣ, ਕੱਪੜੇ ਧੋਣ ਵਾਲਾ ਸਾਬਣ, ਬਾਲਟੀਆਂ ਸਮੇਤ ਹੋਰ ਜਰੂਰੀ ਸਮਾਨ ਦਿੱਤਾ ਗਿਆ।
ਇਸ ਦੌਰਾਨ ਜਦੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਿਵਲ ਹਸਪਤਾਲ ਪੁੱਜੇ ਤਾਂ ਉੱਥੇ ਇਕ ਮਰੀਜ ਨੇ ਹਸਪਤਾਲ ਦੀ ਬਿਲਡਿੰਗ ਤੋਂ ਖਿੜਕੀ ਰਾਹੀਂ ਆਵਾਜ ਮਾਰ ਕੇ ਦੱਸਿਆ ਕਿ ਉਨ੍ਹਾਂ ਨੂੰ ਇੱਥੇ ਕੈਦੀਆਂ ਵਾਂਗ ਰੱਖਿਆ ਗਿਆ ਹੈ ਅਤੇ ਇਸ ਤਰਾਂ ਵਿਵਹਾਰ ਕੀਤਾ ਜਾ ਰਿਹਾ ਹੈ ਕਿ ਉਹ ਬਹੁਤ ਵੱਡੇ ਗੈਂਗਸਟਰ ਹੋਣ। ਮਰੀਜ ਨੇ ਦੋਸ਼ ਲਗਾਇਆ ਕਿ ਇੱਥੇ ਮਰੀਜਾਂ ਦੀ ਕੋਈ ਸੁਣਵਾਈ ਨਹੀਂ ਹੈ ਅਤੇ ਸਫਾਈ ਨਾਮ ਦੀ ਕੋਈ ਚੀਜ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਥੇ ਰਹਿ ਕੇ ਤਾਂ ਜੇਕਰ ਉਨ੍ਹਾਂ ਨੂੰ ਕਰੋਨਾ ਬਿਮਾਰੀ ਨਾ ਵੀ ਹੋਵੇ ਤਾਂ ਵੀ ਹੋਰਨਾਂ ਅਨੇਕਾਂ ਬਿਮਾਰੀਆਂ ਨੇ ਘੇਰ ਲੈਣਾ ਹੈ। ਇਸ ਦੌਰਾਨ ਵਿਧਾਇਕ ਬੈਂਸ ਨੇ ਮਰੀਜਾਂ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਸਾਰੇ ਪ੍ਰਬੰਧ ਕਰਵਾਏ ਜਾ ਰਹੇ ਹਨ।
ਇਸ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਵਿਧਾਇਕ ਬੈਂਸ ਨੇ ਇਲਾਕੇ ਦੇ ਐਸਡੀਐਮ ਨਾਲ ਗੱਲ ਕੀਤੀ ਅਤੇ ਪੂਰੀ ਸਥਿਤੀ ਤੋਂ ਜਾਣੂ ਕਰਵਾਇਆ। ਜਿਸ ਤੋਂ ਬਾਅਦ ਐਸਡੀਐਮ ਨੇ ਵਿਧਾਇਕ ਬੈਂਸ ਨੂੁੰ ਭਰੋਸਾ ਦਿੱਤਾ ਹੈ ਕਿ ਅੱਜ ਰਾਤ ਤੱਕ ਸਾਰੇ ਮਰੀਜਾਂ ਦੇ ਟੈਸਟ ਹੋ ਜਾਣਗੇ ਅਤੇ ਜਿਹੜੇ ਮਰੀਜਾਂ ਕਵਾਰਨਟਾਈਨ ਕਰਨਾ ਹੋਵੇਗਾ ਉਨ੍ਹਾਂ ਮਰੀਜਾਂ ਨੂੰ ਉਨ੍ਹਾਂ ਦੇ ਹੀ ਰਿਹਾਇਸ਼ੀ ਪਿੰਡ ਦੇ ਨੇੜਲੇ ਪਿੰਡ ਜਾਂ ਕਸਬੇ ਵਿੱਚ ਭੇਜ ਦਿੱਤਾ ਜਾਵੇਗਾ ਜਿੱਥੇ ਉਨ੍ਹਾਂ ਨੂੰ 21 ਦਿਨ ਤੱਕ ਕਵਾਰਨਟਾਈਨ ਵਿੱਚ ਰੱਖਿਆ ਜਾਵੇਗਾ, ਜਿਸ ਨਾਲ ਜਿੱਥੇ ਇੱਕ ਪਾਸੇ ਪ੍ਰਸ਼ਾਸਨ ਲਈ ਵੀ ਸੌਖਾ ਕੰਮ ਹੋ ਜਾਵੇਗਾ ਉੱਥੇ ਮਰੀਜ ਵੀ ਆਪਣੇ ਘਰਾਂ ਦੇ ਨੇੜੇ ਪੁੱਜ ਜਾਣਗੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮਰੀਜਾਂ ਨੂੰ ਖਾਣਾ ਅਤੇ ਹੋਰ ਸਮਾਨ ਵੀ ਮੁਹਈਆ ਕਰਵਾ ਸਕਦੇ ਹਨ। ਇਸ ਸਬੰਧੀ ਮੌਰੀਟੋਰਿਅਸ ਸਕੂਲ ਵਿੱਚ ਰੱਖ ਗਏ ਮਰੀਜਾਂ ਨੇ ਸ਼ਿਕਾਇਤ ਕੀਤੀ ਸੀ ਅਤੇ ਵਿਧਾਇਕ ਬੈਂਸ ਨੇ ਮੌਕੇ ਤੇ ਹੀ ਐਸਡੀਐਮ ਨਾਲ ਗੱਲ ਕੀਤੀ ਅਤੇ ਇਸ ਦਾ ਨਿਪਟਾਰਾ ਕੀਤਾ।