ਲੁਧਿਆਣਾ,ਮਈ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਲੁਧਿਆਣਾ ਵਿੱਚ ਦੋ ਹਜ਼ਾਰ ਕੰਪਨੀਆਂ ਨੂੰ ਸਨਅਤਾਂ ਵਿੱਚ ਉਤਪਾਦਨ ਸ਼ੁਰੂ ਕਰਨ ਦੀ ਪ੍ਰਵਾਨਗੀ ਮਿਲ ਗਈ ਹੈ। ਇਸ ਨਾਲ ਲੁਧਿਆਣਾ ਵਿੱਚ ਪਿਛਲੇ ਸਵਾ ਮਹੀਨੇ ਤੋਂ ਬੇਰੁਜ਼ਗਾਰ ਬੈਠੇ ਪੰਜਾਹ ਹਜ਼ਾਰ ਤੋਂ ਜ਼ਿਆਦਾ ਵਰਕਰਾਂ ਨੂੰ ਰੁਜ਼ ਗਾਰ ਮਿਲੇਗਾ ।
ਇਸ ਲਈ ਪ੍ਰਸ਼ਾਸਨ ਵੱਲੋਂ ਐਸੋਸੀਏਸ਼ਨਾਂ ਦੇ ਪੱਧਰ ਉੱਪਰ ਬਲਕ ਪਾਸ ਜਾਰੀ ਕੀਤੇ ਗਏ ਹਨ। ਇਹ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੱਖ-ਵੱਖ ਐਸੋਸੀਏਸ਼ਨਾਂ ਵੱਲੋਂ ਆਪਣੇ ਦਫ਼ਤਰਾਂ ਦੇ ਵਿੱਚ ਜ਼ਿਲ੍ਹਾ ਉਦਯੋਗ ਕੇਂਦਰ ਦੇ ਨੁਮਾਇੰਦਿਆਂ ਨੂੰ ਸਵੈ ਘੋਸ਼ਣਾ ਪੱਤਰ ਦੇ ਅਧੀਨ ਫਾਰਮ ਜਮ੍ਹਾਂ ਕਰਵਾਏ ਗਏ ਸਨ। ਲੁਧਿਆਣਾ ਵਿੱਚ ਜੋ ਕੰਪਨੀਆਂ ਖੁੱਲ੍ਹਣ ਜਾ ਰਹੀਆਂ ਹਨ ਉਨ੍ਹਾਂ ਵਿਚ ਜ਼ਿਆਦਾ ਕਾਰਪੋਰੇਟ ਸੈਕਟਰ ਦੀਆਂ ਅਤੇ ਮੱਧ ਦਰਜੇ ਦੇ ਉਦਯੋਗ ਸ਼ਾਮਲ ਹਨ , ਪਰ ਅਜੇ ਤੱਕ ਸਮਾਲ ਸਕੇਲ ਇੰਡਸਟਰੀ ਅਤੇ ਅਣੂ ਇਕਾਈਆਂ ਦੇ ਵੱਲੋਂ ਇਸ ਸਬੰਧੀ ਜ਼ਿਆਦਾ ਉਤਸ਼ਾਹ ਨਹੀਂ ਦਿਖਾਇਆ ਜਾ ਰਿਹਾ ਹੈ ਕਿਉਂਕਿ ਇਹ ਸਨਅਤ ਜ਼ਿਆਦਾਤਰ ਲੁਧਿਆਣਾ ਦੇ ਮਾਸਟਰ ਪਲਾਨ ਵਿੱਚ ਮਿਕਸ ਲੈਂਡ ਯੂਜ਼ ਇਲਾਕੇ ਵਿੱਚ ਸਥਿਤ ਹੈ ਜਿੱਥੇ ਕਿ ਪ੍ਰਸ਼ਾਸਨ ਵੱਲੋਂ ਅਜੇ ਸਨਅਤ ਨੂੰ ਚਲਾਉਣ ਦੀ ਆਗਿਆ ਨਹੀਂ ਦਿੱਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਨਅਤੀ ਐਸੋਸੀਏਸ਼ਨ ਫੈਡਰੇਸ਼ਨ ਆਫ ਇੰਡਸਟਰੀ ਐਂਡ ਕਮਰਸ਼ੀਅਲ ਆਰਗਨਾਈਜੇਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੀਤੇ ਦਿਨ ਜ਼ਿਲ੍ਹਾ ਉਦਯੋਗ ਦਫ਼ਤਰ ਲੁਧਿਆਣਾ ਦੇ ਨੁਮਾਇੰਦਿਆਂ ਨੂੰ ਸਵੈ ਘੋਸ਼ਣਾ ਪੱਤਰ ਅਧੀਨ 1000 ਤੋਂ ਜ਼ਿਆਦਾ ਯੂਨਿਟਾਂ ਦੇ ਕਾਗ਼ਜ਼ ਦਿੱਤੇ ਗਏ ਸਨ ਜਿਨ੍ਹਾਂ ਵੱਲੋਂ ਮੌਕੇ ਤੇ ਹੀ ਬਲਕ ਵਿੱਚ ਮਜ਼ਦੂਰਾਂ ਲਈ ਪਾਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਨਅਤ ਦੁਬਾਰਾ ਸ਼ੁਰੂ ਹੋਣ ਦੇ ਨਾਲ ਜਿੱਥੇ ਸਰਕਾਰ ਨੂੰ ਕਰ ਦੇ ਰੂਪ ਦੇ ਵਿੱਚ ਕਰੋੜਾਂ ਰੁਪਏ ਪ੍ਰਾਪਤ ਹੋਣਗੇ। ਉਥੇ ਪਿਛਲੇ ਕਰੀਬ ਸਵਾ ਮਹੀਨੇ ਤੋਂ ਵਿਹਲੇ ਬੈਠੇ ਮਜ਼ਦੂਰਾਂ ਨੂੰ ਰੁਜ਼ਗਾਰ ਦੀ ਪ੍ਰਾਪਤੀ ਹੋਵੇਗੀ।
ਉਨ੍ਹਾਂ ਕਿਹਾ ਕਿ ਸਾਡੀ ਪੂਰੀ ਕੋਸ਼ਿਸ਼ ਹੈ ਕਿ ਲੁਧਿਆਣਾ ਵਿੱਚ ਆਏ ਹੋਏ ਮਜ਼ਦੂਰ ਦੁਬਾਰਾ ਆਪਣੇ ਪਿੰਡਾਂ ਨੂੰ ਨਾ ਜਾਣ ਕਿਉਂਕਿ ਉੱਥੇ ਵੀ ਰੁਜ਼ਗਾਰ ਦੇ ਸਾਧਨ ਉਪਲੱਬਧ ਨਹੀਂ ਹਨ। ਅਸੀਂ ਮਜ਼ਦੂਰਾਂ ਦੀ ਕੌਂਸਲਿੰਗ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਇੱਥੇ ਹੀ ਰੋਕਣ ਲਈ ਪ੍ਰੇਰਿਤ ਕਰ ਰਹੇ ਹਾਂ। ਵਰਕਰਾਂ ਦੇ ਇੱਥੇ ਰੁਕਣ ਦੇ ਨਾਲ ਸਨਅਤ ਦਾ ਪਹੀਆ ਵੀ ਤੁਰ ਪਵੇਗਾ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਨਅਤਕਾਰਾਂ ਵੱਲੋਂ ਤੇ ਉਨ੍ਹਾਂ ਦੀ ਐਸੋਸੀਏਸ਼ਨ ਦੇ ਵੱਲੋਂ ਹਰ ਰੋਜ਼ ਹਜ਼ਾਰਾਂ ਮਜ਼ਦੂਰਾਂ ਨੂੰ ਲੰਗਰ ਨਿਰਵਿਘਨ ਜਗਾਇਆ ਜਾ ਰਿਹਾ ਹੈ ਤਾਂ ਜੋ ਉਹ ਲੁਧਿਆਣਾ ਨੂੰ ਛੱਡ ਕੇ ਬਾਹਰ ਜਾਣ ਬਾਰੇ ਨਾ ਸੋਚਣ। ਉਨ੍ਹਾਂ ਨੇ ਇਸ ਸੰਬੰਧੀ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਨਅਤ ਖੋਲ੍ਹਣ ਦੇ ਲਈ ਜਿਥੇ ਸ਼ਰਤਾਂ ਨੂੰ ਨਰਮ ਕੀਤਾ ਹੈ ਉੱਥੇ ਜੰਗੀ ਪੱਧਰ ਤੇ ਸਨਅਤਾਂ ਨੂੰ ਦੁਬਾਰਾ ਸ਼ੁਰੂ ਕਰਨ ਦੇ ਲਈ ਯੋਗ ਪ੍ਰਬੰਧ ਕੀਤੇ ਹਨ।
ਚੈਂਬਰ ਆਫ ਇੰਡਸਟਰੀਅਲ ਕਮਰਸ਼ੀਅਲ ਅੰਡਰ ਟੇਕਿੰਗ ਦੇ ਪ੍ਰਧਾਨ ਉਪਕਾਰ ਸਿੰਘ ਅਹੂਜਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਨਅਤਾਂ ਨੂੰ ਦੁਬਾਰਾ ਖੋਲ੍ਹਣ ਦੇ ਲਈ ਆਪਣੇ ਐਸੋਸੀਏਸ਼ਨ ਮੈਂਬਰਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਉਨ੍ਹਾਂ ਵੱਲੋਂ ਹੈਲਪ ਡੈਸਕ ਵੀ ਬਣਾਇਆ ਗਿਆ ਹੈ ਅਤੇ ਆਨਲਾਈਨ ਵੀ ਉਨ੍ਹਾਂ ਦੀ ਵੈੱਬਸਾਈਟ ਦੇ ਉੱਤੇ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਕਾਗਜ਼ ਅਸੀਂ ਪ੍ਰਸ਼ਾਸਨ ਨੂੰ ਮੁਹੱਈਆ ਕਰਵਾ ਰਹੇ ਹਨ ।
ਇਹ ਜ਼ਿਕਰਯੋਗ ਹੈ ਕਿ ਲੁਧਿਆਣਾ ਵਿੱਚ ਸਨਅਤਾਂ ਨੂੰ ਸ਼ੁਰੂ ਕਰਨ ਦੇ ਲਈ ਸ਼ੁਰੂ ਵਿੱਚ ਜਾਰੀ ਕੀਤੇ ਗਏ ਆਦੇਸ਼ਾਂ ਵਿੱਚ ਫੈਕਟਰੀ ਅੰਦਰ ਪੀੜਤ ਵਰਕਰ ਮਿਲਣ 'ਤੇ ਮਾਲਕ ਵਿਰੁੱਧ ਐੱਫਆਈਆਰ ਦਰਜ ਕਰਨ ਅਤੇ ਸਨਅਤ ਨੂੰ ਸੀਲ ਕਰਨ ਦਾ ਦੀ ਧਾਰਾ ਸ਼ਾਮਲ ਸੀ। ਜਿਸ ਦੇ ਵਿਰੋਧ ਵਿੱਚ ਲੁਧਿਆਣਾ ਦੀ ਸਨਅਤ ਵੱਲੋਂ ਸਨਅਤ ਨੂੰ ਦੁਬਾਰਾ ਨਾ ਖੋਲ੍ਹਣ ਦਾ ਫੈਸਲਾ ਕੀਤਾ ਸੀ, ਪਰ ਪ੍ਰਸ਼ਾਸਨ ਵੱਲੋਂ ਸਨਅਤ ਦੇ ਵਿਰੋਧ ਅੱਗੇ ਝੁਕਦਿਆਂ ਇਹ ਧਾਰਾ ਵਾਪਸ ਲੈ ਲਈ ਸੀ ਜਿਸ ਨਾਲ ਸਨਅਤ ਵੱਲੋਂ ਲੁਧਿਆਣਾ ਵਿੱਚ ਦੁਬਾਰਾ ਤੋਂ ਸਨਅਤਾਂ ਸ਼ੁਰੂ ਕਰਨ ਲਈ ਉਤਸ਼ਾਹ ਪਾਇਆ ਜਾ ਰਿਹਾ ਹੈ।
ਲੁਧਿਆਣਾ ਦੇ ਮਿਕਸ ਲੈਂਡ ਯੂਜ਼ ਇਲਾਕੇ ਵਿਚ ਸਥਿਤ ਸਨਅਤ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਵੀ ਸਨਅਤਾਂ ਨੂੰ ਦੁਬਾਰਾ ਸ਼ੁਰੂ ਕੀਤੇ ਜਾਣ ਦੀ ਮਨਜ਼ੂਰੀ ਦਿੱਤੀ ਜਾਵੇ ਇਸ ਦੇ ਲਈ ਉਹ ਪ੍ਰਸ਼ਾਸਨ ਵੱਲੋਂ ਜਾਰੀ ਸ਼ਰਤਾਂ ਨੂੰ ਵੀ ਮੰਨਣਗੇ।