ਦੁਬਈ, ਮਈ 2020 -(ਸਤਪਾਲ ਸਿੰਘ ਕੌਉਕੇ )-
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਘਰ ਵਾਪਸੀ ਦੇ ਇੱਛੁਕ ਡੇਢ ਲੱਖ ਤੋਂ ਵੱਧ ਭਾਰਤੀਆਂ ਨੇ ਆਨਲਾਈਨ ਅਮਲ ਜ਼ਰੀਏ ਯੂਏਈ ਸਥਿਤ ਭਾਰਤੀ ਮਿਸ਼ਨਾਂ ਵਿੱਚ ਆਪਣੇ ਨਾਮ ਦਰਜ ਕਰਵਾਏ ਹਨ। ਭਾਰਤੀ ਮਿਸ਼ਨਾਂ ਨੇ ਪਿਛਲੇ ਹਫ਼ਤੇ ਆਨਲਾਈਨ ਰਜਿਸਟ੍ਰੇਸ਼ਨ ਦਾ ਅਮਲ ਸ਼ੁਰੂ ਕੀਤਾ ਸੀ। ਕਰੋਨਾਵਾਇਰਸ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਆਇਦ ਪਾਬੰਦੀਆਂ ਕਰਕੇ ਵੱਡੀ ਗਿਣਤੀ ਭਾਰਤੀ ਇਥੇ ਫਸ ਗਏ ਸਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਨੌਕਰੀਆਂ ਗੁਆ ਚੁੱਕੇ ਹਨ ਜਾਂ ਫਿਰ ਕੁਝ ਅਜਿਹੇ ਹਨ ਜੋ ਸੈਲਾਨੀ ਵੀਜ਼ੇ ’ਤੇ ਇਥੇ ਆਏ ਸਨ।
ਦੁਬਈ ਵਿੱਚ ਭਾਰਤ ਦੇ ਕੌਂਸੁਲ ਜਨਰਲ ਵਿਪੁਲ ਨੇ ਗਲਫ਼ ਨਿਊਜ਼ ਨੂੰ ਦੱਸਿਆ, ‘ਸ਼ਨਿਚਰਵਾਰ ਸ਼ਾਮ ਤਕ ਸਾਡੇ ਕੋਲ ਡੇਢ ਲੱਖ ਤੋਂ ਵੱਧ ਨਾਮ ਪੰਜੀਕ੍ਰਿਤ ਹੋ ਚੁੱਕੇ ਹਨ।’ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਇਕ ਚੌਥਾਈ ਨੌਕਰੀਆਂ ਗੁਆਉਣ ਜਾਂ ਰੁਜ਼ਗਾਰ ਖੁੱਸਣ ਕਰਕੇ ਘਰਾਂ ਨੂੰ ਪਰਤਣ ਦੇ ਖ਼ਾਹਿਸ਼ਮੰਦ ਹਨ। ਖ਼ਲੀਜ ਟਾਈਮਜ਼ ਵਿੱਚ ਛਪੀ ਇਕ ਰਿਪੋਰਟ ਮੁਤਾਬਕ ਭਾਰਤੀ ਮਿਸ਼ਨਾਂ ਵਿੱਚ ਨਾਮ ਦਰਜ ਕਰਵਾਉਣ ਵਾਲੇ 40 ਫੀਸਦ ਉਮੀਦਵਾਰ ਕਾਰਖਾਨਿਆਂ ਤੇ ਹੋਰ ਰੁਜ਼ਗਾਰ ’ਚ ਲੱਗੇ ਕਾਮੇ ਅਤੇ 20 ਫੀਸਦ ਵਰਕਿੰਗ ਪ੍ਰੋਫ਼ੈਸ਼ਨਲਜ਼ ਹਨ।