ਲੁਧਿਆਣਾ ,ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮ੍ਰਿਤਕਾਂ ਦਾ ਸਸਕਾਰ ਢੋਲੇਵਾਲ ਚੌਕ ਸਥਿਤ ਸ਼ਮਸ਼ਾਨਘਾਟ ਵਿੱਚ ਕਰਨਾ ਸੀ। ਸਸਕਾਰ ਕਰਵਾਉਣ ਲਈ ਆਉਣ ਵਾਲੀ ਸਪੈਸ਼ਲ ਟੀਮ ਅਜੇ ਤੱਕ ਸ਼ਮਸ਼ਾਨਘਾਟ ਨਹੀਂ ਪਹੁੰਚੀ ਅਧਿਕਾਰੀਆਂ ਦੇ ਦੱਸਣ ਮੁਤਾਬਕ ਲਾਸ਼ਾਂ ਦਾ ਸਸਕਾਰ ਦੇਰ ਰਾਤ ਗਿਆਰਾਂ ਵਜੇ ਤੋਂ ਬਾਅਦ ਕੀਤਾ ਜਾ ਸਕਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਰੋਨਾ ਤੋਂ ਪੀੜਤ ਪਲਾਹੀ ਗੇਟ ਫਗਵਾੜਾ ਦੇ ਰਹਿਣ ਵਾਲੇ 65 ਸਾਲਾਂ ਨਿਰੰਜਨ ਦਾਸ ਅਤੇ 62 ਕਮਲਾ ਦੇਵੀ ਪਤਨੀ ਕਿਰਪਾਲ ਚੰਦ ਵਾਸੀ ਕੁਲਦੀਪ ਨਗਰ ਬਸਤੀ ਜੋਧੇਵਾਲ ਦੇ ਮਰਨ ਦੀ ਸੂਚਨਾ ਮਿਲੀ ਤਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਢੋਲੇਵਾਲ ਸਥਿਤ ਸ਼ਮਸ਼ਾਨ ਘਾਟ ਲਿਜਾਣ ਲਈ ਸੰਵੇਦਨਾ ਟਰੱਸਟ ਦਾ ਡਰਾਈਵਰ ਰਾਜੂ ਪ੍ਰਸ਼ਾਸਨ ਵੱਲੋਂ ਦਿੱਤੇ ਸਮੇਂ ਮੁਤਾਬਕ ਢਾਈ ਵਜੇ ਦਿਆਨੰਦ ਹਸਪਤਾਲ ਵਿੱਚ ਪਹੁੰਚ ਗਿਆ, ਪਰ ਦਿਆਨੰਦ ਹਸਪਤਾਲ ਦੇ ਡਾਕਟਰਾਂ ਨੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰਨ ਸਮੇਂ ਬਹੁਤ ਦੇਰ ਕਰ ਦਿੱਤੀ। ਇਸ ਦੇਰੀ ਦੇ ਕਾਰਨ ਜਦੋਂ ਸੰਵੇਦਨਾ ਟਰੱਸਟ ਦਾ ਡਰਾਈਵਰ ਰਾਜੂ ਲਾਸ਼ਾਂ ਨੂੰ ਲੈ ਕੇ ਢੋਲੇਵਾਲ ਸਥਿਤ ਸ਼ਮਸ਼ਾਨ ਘਾਟ ਪਹੁੰਚਿਆ ਤਾਂ ਉਹ ਬੇਹੋਸ਼ ਹੋ ਸੜਕ 'ਤੇ ਡਿੱਗ ਗਿਆ। ਜਦ ਇਸਦੀ ਸੂਚਨਾ ਸੰਵੇਦਨਾ ਟਰੱਸਟ ਦੇ ਮੈਨੇਜਰ ਜਜਪ੍ਰੀਤ ਸਿੰਘ ਸਮਾਣਾ ਨੂੰ ਮਿਲੀ ਤਾਂ ਉਨ੍ਹਾਂ ਤੁਰੰਤ ਐਂਬੂਲੈਂਸ ਰਾਹੀਂ ਡਰਾਈਵਰ ਨੂੰ ਈਐੱਸਆਈ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ। ਸੰਵੇਦਨਾ ਟਰੱਸਟ ਦੇ ਮੈਨੇਜਰ ਜੱਜਪ੍ਰੀਤ ਸਿੰਘ ਸਮਾਣਾ ਨੇ ਦੱਸਿਆ ਕਿ ਟਰੱਸਟ ਦਾ ਡਰਾਈਵਰ ਢਾਈ ਵਜੇ ਪੀਪੀਈ ਕਿੱਟ ਪਾ ਕੇ ਦਿਆਨੰਦ ਹਸਪਤਾਲ ਵਿੱਚ ਪਹੁੰਚ ਗਿਆ ਸੀ ਪਰ ਹਸਪਤਾਲ ਮੈਨੇਜਮੈਂਟ ਵੱਲੋਂ ਲਾਸ਼ਾਂ ਨੂੰ ਵਾਰਸਾਂ ਹਵਾਲੇ ਕਰਨ ਸਮੇਂ ਕਾਫ਼ੀ ਸਮਾਂ ਲੱਗ ਗਿਆ। ਲਾਸ਼ਾਂ ਪੰਜ ਵਜੇ ਤੋਂ ਬਾਅਦ ਟਰੱਸਟ ਦੀ ਐਂਬੂਲੈਂਸ ਗੱਡੀ ਵਿੱਚ ਰੱਖੀਆਂ ਗਈਆਂ ਜਿਸ ਕਾਰਨ ਲੰਮਾ ਸਮਾਂ ਪੀਪੀਈ ਕਿੱਟ ਪਾਉਣ ਕਰਕੇ ਸਾਡਾ ਡਰਾਈਵਰ ਬੇਹੋਸ਼ ਹੋ ਕੇ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਡਰਾਈਵਰ ਦਾ ਇਲਾਜ ਈਐੱਸਆਈ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ।