ਕਪੂਰਥਲਾ, ਮਈ 2020 - (ਹਰਜੀਤ ਸਿੰਘ ਵਿਰਕ)-
ਸਿਹਤ ਵਿਭਾਗ ਵੱਲੋਂ ਜ਼ਿਲੇ ਦੇ ਅਰਬਨ ਤੇ ਰੂਰਲ ਏਰੀਆ ਦੀ ਐਕਟਿਵ ਰੀ-ਸਰਵੀਲੈਂਸ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਜਿਵੇਂ ਕਿ ਪਿਛਲੇ ਦਿਨੀਂ ਬਹੁਤ ਸਾਰੇ ਲੋਕ ਅਤੇ ਸ਼ਰਧਾਲੂ ਦੂਸਰੇ ਸੂਬਿਆਂ ਤੋਂ ਵਾਪਸ ਪਰਤੇ ਹਨ। ਅਜਿਹੇ ਹਾਲਾਤ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਫੀਲਡ ਵਿਚ ਘਰ-ਘਰ ਜਾ ਕੇ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸਕਰੀਨਿੰਗ ਕੀਤੀ ਜਾ ਰਹੀ ਹੈ। ਜੇਕਰ ਕੋਈ ਸ਼ੱਕੀ ਮਰੀਜ਼ ਲੱਗਦਾ ਹੈ ਤਾਂ ਉਸ ਨੂੰ ਹਸਪਤਾਲ ਵਿਚ ਸ਼ਿਫਟ ਕੀਤਾ ਜਾਂਦਾ ਹੈ ਅਤੇ ਉਸ ਦਾ ਟੈਸਟ ਲਿਆ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਸਰਵੀਲੈਂਸ ਦਾ ਮਕਸਦ ਸਮੇਂ ਸਿਰ ਮਰੀਜ਼ਾਂ ਦਾ ਪਤਾ ਲਾਉਣਾ ਹੈ ਅਤੇ ਉਨਾਂ ਨੂੰ ਇਲਾਜ ਲਈ ਹਸਪਤਾਲ ਵਿਚ ਰੈਫਰ ਕਰਨਾ ਹੈ, ਤਾਂ ਜੋ ਮਹਾਂਮਾਰੀ ਦਾ ਹੋਰ ਫੈਲਾਅ ਨਾ ਹੋ ਸਕੇ।
ਮਰੀਜ਼ ਨਾਲ ਭੇਦਭਾਵ ਨਹੀਂ ਭਾਵਨਾਤਮਕ ਸਹਿਯੋਗ ਕਰੋ :
ਡਾ. ਜਸਮੀਤ ਬਾਵਾ ਨੇ ਕਿਹਾ ਕਿ ਦੇਖਣ ਵਿਚ ਆਇਆ ਹੈ ਕਿ ਲੋਕ ਕੋਰੋਨਾ ਪਾਜ਼ੀਟਿਵ ਮਰੀਜ਼ਾਂ, ਕੁਆਰਨਟਾਈਨ ਕੀਤੇ ਲੋਕਾਂ ਨਾਲ ਭੇਦਭਾਵ ਵਾਲਾ ਸਲੂਕ ਕਰ ਰਹੇ ਹਨ, ਜੋ ਕਿ ਬਿਲਕੁਲ ਗ਼ਲਤ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਇਕ ਬਿਮਾਰੀ ਹੈ, ਇਹ ਸਮਝਣ ਦੀ ਲੋੜ ਹੈ ਅਤੇ ਇਸ ਔਖੀ ਘੜੀ ਵਿਚ ਸਾਨੂੰ ਮਰੀਜ਼ ਨਾਲ ਉਸ ਦੇ ਘਰਦਿਆਂ ਨਾਲ ਭਾਵਨਾਤਮਕ ਲਗਾਅ ਵਾਲਾ ਰਵੱਈਆ ਰੱਖਣਾ ਹੈ, ਨਾ ਕਿ ਉਨਾਂ ਦਾ ਬਾਈਕਾਟ ਕਰਨਾ ਹੈ। ਉਨਾਂ ਲੋਕਾਂ ਨੂੰ ਜਾਗਰੂਕ ਹੋਣ ’ਤੇ ਸੁਚੇਤ ਰਹਿਣ ਲਈ ਕਿਹਾ ਹੈ।