ਜਗਰਾਓਂ/ਲੁਧਿਆਣਾ, ਅਪ੍ਰੈਲ 2020 -(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-
ਜਗਰਾਓਂ ਦੇ ਪਿੰਡ ਪੱਤੀ ਮਲਕ ਦੇ ਰਾਜਸਥਾਨ ਗਏ 7 ਮੈਂਬਰਾਂ ਅਤੇ 4 ਬੱਚਿਆਂ ਨੂੰ ਅੱਜ ਸਰਕਾਰ ਵੱਲੋਂ ਭੇਜੇ ਗਏ ਵਾਹਨ ਰਾਹੀਂ ਜਗਰਾਓਂ ਸਿਵਲ ਹਸਪਤਾਲ ਲਿਆਂਦਾ ਗਿਆ। ਜਗਰਾਓਂ ਸਿਵਲ ਹਸਪਤਾਲ ਲਿਆਂਦੇ ਇਨ੍ਹਾਂ ਵਿਅਕਤੀਆਂ ਦੇ ਕੋਰੋਨਾ ਟੈਸਟ ਲਈ ਸੈਂਪਲ ਲੈ ਕੇ ਜਾਂਚ ਲਈ ਪਟਿਆਲਾ ਭੇਜੇ ਗਏ, ਜਿਨ੍ਹਾਂ ਦੀ ਰਿਪੋਰਟ ਸ਼ੁਕਰਵਾਰ ਤਕ ਆਉਣ ਦੀ ਸੰਭਾਵਨਾ ਹੈ। ਜਿਸ ਦੇ ਚੱਲਦਿਆਂ ਇਨ੍ਹਾਂ ਸਾਰਿਆਂ ਨੂੰ ਸਿਵਲ ਹਸਪਤਾਲ ਦੇ ਏਕਾਂਤਵਾਸ ਵਾਰਡ ਵਿਚ ਭਰਤੀ ਕੀਤਾ ਗਿਆ। ਐੱਸਐੱਮਓ ਡਾ. ਸੁਖਜੀਵਨ ਕੱਕੜ ਦੀ ਜੇਰੇ ਨਿਗਰਾਨੀ 'ਚ ਨੋਡਲ ਅਫਸਰ ਡਾ. ਸੰਗੀਨਾ ਗੁਪਤਾ ਦੀ ਅਗਵਾਈ ਵਿਚ ਟੀਮ ਵੱਲੋਂ ਇਨ੍ਹਾਂ ਸਾਰਿਆਂ ਦੇ ਜਿਨ੍ਹਾਂ ਵਿਚ 2 ਮਰਦ, 5 ਅੌਰਤਾਂ ਅਤੇ 4 ਬੱਚੇ ਸ਼ਾਮਲ ਹਨ, ਦੇ ਸੈਂਪਲ ਲਏ ਗਏ। ਡਾ. ਕੱਕੜ ਅਨੁਸਾਰ ਉਕਤ ਸਾਰਿਆਂ ਨੂੰ ਰਿਪੋਰਟ ਆਉਣ ਤਕ ਏਕਾਂਤਵਾਸ ਵਾਰਡ ਵਿਚ ਰੱਖਿਆ ਜਾਵੇਗਾ, ਜਿੱਥੇ ਇਨ੍ਹਾਂ ਦੇ ਰਹਿਣ ਅਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।
ਦੇਰ ਸ਼ਾਮ ਇਲਾਕੇ ਦੇ ਪਿੰਡ ਮਾਣੂੰਕੇ ਦੇ ਸ਼੍ਰੀ ਹਜੂਰ ਸਾਹਿਬ (ਨਾਂਦੇੜ) ਵਿਖੇ ਦਰਸ਼ਨਾਂ ਉਪਰੰਤ ਕਰਫਿਊ ਕਾਰਨ ਫਸੇ ਸ਼ਰਧਾਲੂਆਂ ਵਿਚੋਂ 5 ਸ਼ਰਧਾਲੂ ਵਾਪਸ ਪਰਤੇ, ਜਿਨ੍ਹਾਂ ਨੂੰ ਜਗਰਾਓਂ ਸਿਵਲ ਹਸਪਤਾਲ ਲਿਆਂਦਾ ਗਿਆ। ਇਸ ਦੌਰਾਨ ਟੀਮ ਵੱਲੋਂ ਇਨ੍ਹਾਂ ਦੇ ਸੈਂਪਲ ਲਏ ਗਏ ਅਤੇ ਰਿਪੋਰਟ ਆਉਣ ਤਕ ਪੰਜਾਂ ਸ਼ਰਧਾਲੂਆਂ ਨੂੰ ਹਸਪਤਾਲ 'ਚ ਹੀ ਏਕਾਂਤਵਾਸ ਕੀਤਾ ਗਿਆ।