(ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ)
ਕਪੂਰਥਲਾ , ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਕਪੂਰਥਲਾ ਜ਼ਿਲੇ ਨਾਲ ਸਬੰਧਤ ਰੁਜ਼ਗਾਰ ਦੇ ਸਿਲਸਿਲੇ ’ਚ ਵਿਦੇਸ਼ ਗਏ ਹੋਏ ਨਾਗਰਿਕ ਜਾਂ ਉੱਚ ਸਿੱਖਿਆ ਪ੍ਰਾਪਤ ਕਰਨ ਗਏ ਵਿਦਿਆਰਥੀ, ਜੇਕਰ ਵਾਪਸ ਮੁੜਨਾ ਚਾਹੁੰਦੇ ਹਨ, ਤਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਉਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਜ਼ਿਲੇ ਨਾਲ ਸਬੰਧਤ ਵਿਦੇਸ਼ ਤੋਂ ਵਾਪਸ ਪਰਤਣ ਦੇ ਚਾਹਵਾਨ ਨਾਗਰਿਕ/ਵਿਦਿਆਰਥੀ ਜਾਂ ਉਨਾਂ ਦੇ ਰਿਸ਼ਤੇਦਾਰ ਇਸ ਸਬੰਧੀ ਸੂਚਨਾ ਕਪੂਰਥਲਾ ਜ਼ਿਲੇ ਦੀ ਵੈੱਬਸਾਈਟ kapurthala.gov.in ਉੱਤੇ ‘ਕੋਰੋਨਾ ਵਾਇਰਸ’ ਆਪਸ਼ਨ ਤਹਿਤ ਇਸ ਸਬੰਧੀ ਲਿੰਕ ’ਤੇ ਕਲਿਕ ਕਰਕੇ ਖ਼ੁਦ ਹੀ ਅਪਲੋਡ ਕਰ ਸਕਦੇ ਹਨ ਜਾਂ ਨਿਰਧਾਰਤ ਪ੍ਰੋਫਾਰਮੇ ਅਨੁਸਾਰ ਜਾਣਕਾਰੀ ਈਮੇਲ nickapurthala.pb@gmail.com ਉੱਤੇ ਦੇ ਸਕਦੇ ਹਨ। ਇਸ ਤੋਂ ਇਲਾਵਾ ਇਹ ਜਾਣਕਾਰੀ ਜ਼ਿਲੇ ਦੇ ਕੰਟਰੋਲ ਰੂਮ ਨੰਬਰ 01822-233768 ਜਾਂ ਮੋਬਾਈਲ ਨੰਬਰ 94644-85037 ਉੱਤੇ ਵੀ ਨੋਟ ਕਰਵਾਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਇਹ ਜਾਣਕਾਰੀ ਮਿਤੀ 29 ਅਪ੍ਰੈਲ 2020 ਤੱਕ ਦੇਣੀ ਹੋਵੇਗੀ। ਉਨਾਂ ਦੱਸਿਆ ਕਿ ਦਿੱਤੀ ਜਾਣ ਵਾਲੀ ਸੂਚਨਾ ਵਿਚ ਵਿਦੇਸ਼ ਗਏ ਹੋਏ ਨਾਗਰਿਕ ਦਾ ਨਾਮ/ਪਿਤਾ ਦਾ ਨਾਮ, ਮੌਜੂਦਾ ਮੋਬਾਈਲ ਨੰਬਰ, ਵਿਦੇਸ਼ ਵਿਚਲਾ ਮੌਜੂਦਾ ਪਤਾ, ਪਾਸਪੋਰਟ ਨੰਬਰ, ਉਸ ਨਾਲ ਭਾਰਤ ਵਾਪਸ ਪਰਤਣ ਵਾਲਿਆਂ ਦੀ ਗਿਣਤੀ (ਪਰਿਵਾਰ ਦੇ ਮਾਮਲੇ ਵਿਚ) ਅਤੇ ਪੰਜਾਬ ਵਿਚ ਸਭ ਤੋਂ ਨੇੜਲੇ ਹਵਾਈ ਅੱਡੇ ਦੀ ਜਾਣਕਾਰੀ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ਾਂ ’ਚ ਗਏ ਹੋਏ ਬਹੁਤ ਸਾਰੇ ਭਾਰਤੀ ਨਾਗਰਿਕ ਜਾਂ ਵਿਦਿਆਰਥੀ ਵਾਪਸ ਭਾਰਤ ਪਰਤਣਾ ਚਾਹੁੰੇਦੇ ਹਨ, ਪਰੰਤੂ ਕੋਵਿਡ-19 ਦੇ ਚੱਲਦਿਆਂ ਹਵਾਈ ਉਡਾਣਾਂ ਰੱਦ ਹੋਣ ਕਾਰਨ ਉਹ ਉਥੇ ਹੀ ਫਸ ਗਏ ਹਨ।