ਮਾਨਚੈਸਟਰ, ਅਪ੍ਰੈਲ 2020 -(ਅਮਨਜੀਤ ਸਿੰਘ ਖਹਿਰਾ/ਗਿਆਨੀ ਅਮਰੀਕ ਸਿੰਘ ਰਾਠੌਰ)-
ਕਰੋਨਾਵਾਇਰਸ ਦਾ ਇੰਗਲੈਂਡ ’ਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ’ਤੇ ਸਭ ਤੋਂ ਜ਼ਿਆਦਾ ਮਾੜਾ ਅਸਰ ਪਿਆ ਹੈ। ਮੁਲਕ ’ਚ ਮੌਤਾਂ ਦੇ ਅੰਕੜਿਆਂ ਮੁਤਾਬਕ ਘੱਟ ਗਿਣਤੀ ਗਰੁੱਪ ਕਰੋਨਾ ਤੋਂ ਵੱਧ ਪ੍ਰਭਾਵਿਤ ਹੋਏ ਹਨ। ਕੌਮੀ ਸਿਹਤ ਸੇਵਾਵਾਂ ਵੱਲੋਂ ਜਾਰੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 18 ਅਪਰੈਲ ਸਵੇਰ ਤਕ ਕਰੋਨਾ ਕਰਕੇ ਮਾਰੇ ਗਏ 13,918 ਮਰੀਜ਼ਾਂ ’ਚੋਂ 16.2 ਫ਼ੀਸਦ (2252) ਅਸ਼ਵੇਤ, ਏਸ਼ਿਆਈ ਅਤੇ ਘੱਟ ਗਿਣਤੀ ਫਿਰਕਿਆਂ ਵਾਲੇ ਸਨ। ਅੰਕੜਿਆਂ ਮੁਤਾਬਕ ਕਰੋਨਾ ਨਾਲ ਤਿੰਨ ਫ਼ੀਸਦੀ (420) ਭਾਰਤੀਆਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਕੈਰੇਬੀਅਨਜ਼ (2.9) ਅਤੇ ਪਾਕਿਸਤਾਨ (2.1) ਦਾ ਨੰਬਰ ਆਉਂਦਾ ਹੈ। ਵਿਦੇਸ਼ੀਆਂ ’ਚ ਮੌਤਾਂ ਦਾ ਇਹ ਅੰਕੜਾ ਕੁੱਲ ਅਬਾਦੀ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਦੇ ਡਾਕਟਰ ਚਾਂਦ ਨਾਗਪਾਲ ਨੇ ਕਿਹਾ ਕਿ ਸਰਕਾਰ ਨੂੰ ਸਾਰੇ ਲੋਕਾਂ ਦੀ ਰਾਖੀ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਲੋੜੀਂਦੇ ਕਦਮ ਉਠਾਉਣੇ ਚਾਹੀਦੇ ਹਨ।