You are here

ਇੱਛਾਧਾਰੀ ਮੌਤ ✍️ ਰਮੇਸ਼ ਕੁਮਾਰ ਜਾਨੂੰ

ਤੂੰ ਬਣ ਜਾ ਮੇਰਾ ਗੀਤ ਕੋਈ
     ਤੇ ਮੈਂ ਅੱਖਰ-ਅੱਖਰ ਹੋ ਜਾਵਾਂ।
ਕੋਈ ਇਸ਼ਕ ਦੀ ਬਾਤ ਸੁਣਾ ਮੈਨੂੰ
     ਮੈਂ ਗਹਿਰੀ ਨੀਂਦੇ ਸੋਂ ਜਾਵਾਂ।
                            ***
ਕਦੇ-ਕਦੇ ਮੇਰਾ ਦਿਲ ਪਿਆ ਕਰਦੈ
     ਉੱਡ ਜਾਵਾਂ ਨਾਲ ਹਵਾਵਾਂ ਦੇ।
ਪਰ ਕਦੇ ਤਾਂ ਮੇਰਾ ਦਿਲ ਪਿਆ ਕਰਦੈ
     ਮੈਂ ਰੁਲ ਜਾਵਾਂ ਵਿੱਚ ਰਾਵਾਂ ਦੇ।।
ਹੁਣ ਫੈਸਲਾ ਤੇਰੇ ਹੱਥ ਵਿੱਚ ਏ
      ਮੈਂ ਕਿਹੜੇ ਪਾਸੇ ਹੋ ਜਾਵਾਂ---
                     ਕੋਈ ਇਸ਼ਕ---
ਮੈਨੂੰ ਦੇਵੋ ਬਦ-ਅਸੀਸ ਕੋਈ
     ਕੋਈ ਲੱਗ ਜਾਏ ਬਦ-ਦੁਵਾ ਮੈਨੂੰ।
ਮੈਥੋਂ ਕਰਜ ਚੁਕਾਇਆ ਜਾਣਾ ਨਹੀਂ
     ਨਾ ਦਿਓ ਉਧਾਰੇ ਸਾਹ ਮੈਨੂੰ।।
ਇੱਕ ਪਲ ਲਈ ਤੇਰੇ ਕੋਲ ਹੋਵਾਂ
     ਤੇ ਦੂਜੇ ਪਲ ਵਿੱਚ ਔਹ ਜਾਵਾਂ---
                          ਕੋਈ ਇਸ਼ਕ---
ਰਮੇਸ਼ ਨੇ ਆਪਣੇ ਚਿੱਟੇ ਕੱਪੜੇ
     ਆਪੇ ਟੰਗ ਲਏ ਕਿੱਲੀ ਤੇ।
ਮੇਰੇ ਸਿਰਹਾਣੇ ਰੋਂਦੀ ਪਈ ਏ
     ਹੁਣ ਗੁੱਸਾ ਕਾਹਦਾ ਬਿੱਲੀ ਤੇ।
ਅੱਜ ਨੀਂਦ ਨੇ ਜਾਨੂੰ ਮੋਹ ਲਿਆ ਏ
     ਮੈਂ ਕਿੱਦਾਂ ਉੱਠ ਖਲੋ ਜਾਵਾਂ---
                      ਕੋਈ ਇਸ਼ਕ---
        ਲੇਖਕ-ਰਮੇਸ਼ ਕੁਮਾਰ ਜਾਨੂੰ
      ਫੋਨ ਨੰ:-98153-20080