You are here

ਤਖਤਾ  ‘ਤੇ ਫਸੇ ਸ਼ਰਧਾਲੂ ਯਾਤਰੀ ਅਤੇ ਭਾਂਡਾ ਭੰਨ ਕੇ ਪਾਸੇ ਹੋਣ ਦਾ ਰੁਝਾਨ...✍️ਅਮਰਜੀਤ ਸਿੰਘ ਗਰੇਵਾਲ

ਪੰਜਾਬ ਦੇ ਬਹੁਤ ਸਾਰੇ ਪਿੰਡਾਂ ਤੋਂ ਲਗਭਗ ਹਜਾਰਾ ਦੀ ਗਿਣਤੀ ਵਿੱਚ ਸ਼ਰਧਾਲੂ ਤਖਤ ਸ੍ਰੀ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੀ ਯਾਤਰਾ ‘ਤੇ ਗਏ ਸਨ ਪ੍ਰੰਤੂ ਤਾਲਾਬੰਦੀ ਦੇ ਚੱਲਦਿਆਂ ਉੱਥੇ ਹੀ ਫਸਕੇ ਰਹਿ ਗਏ ਹਨ। ਇਹਨਾਂ ਯਾਤਰੀਆਂ ਵਿਚ ਬਜੁਰਗ, ਬੀਬੀਆਂ ਤੇ ਛੋਟੇ ਬੱਚੇ ਵੀ ਸ਼ਾਮਿਲ ਨੇ, ਜੋ ਹੁਣ ਬੇਹੱਦ ਪ੍ਰੇਸ਼ਾਨ ਦੱਸੇ ਜਾ ਰਹੇ ਹਨ। ਪੀੜਤ ਪਰਿਵਾਰਾਂ ਦੇ ਸਥਾਨਕ ਮੈਂਬਰ ਵੀ ਪਰੇਸ਼ਾਨ ਹਨ।ਇਹਨਾਂ ਯਾਤਰੂਆਂ ਵਿਚ ਬਹੁਤਿਆਂ ਦੀ ਜ਼ਿੰਦਗੀ ਦਵਾਈਆਂ ‘ਤੇ ਨਿਰਭਰ ਹੈ ਤੇ ਦਵਾਈਆਂ ਖਤਮ ਹੋ ਜਾਣ ਕਾਰਨ ਉਨ੍ਹਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਬਹੁਤ ਸਾਰੇ ਲੋਕ ਖੇਤੀ ਦੇ ਧੰਦੇ ਨਾਲ ਵੀ ਜੁੜੇ ਹੋਏ ਹਨ ਤੇ ਉਨ੍ਹਾਂ ਦਾ ਦਾਰੋਮਦਾਰ ਖੇਤੀ ‘ਤੇ ਹੀ ਨਿਰਭਰ ਹੈ। ਕਣਕ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਤੇ ਉਨ੍ਹਾਂ ਦੀ ਘਰ ਵਾਪਸੀ ਦੀ ਕੋਈ ਆਸ ਬੱਝਦੀ ਦਿਖਾਈ ਨਹੀਂ ਦਿੰਦੀ,ਜੇਕਰ ਕਣਕ ਦੀ ਫ਼ਸਲ ਦਾ ਨੁਕਸਾਨ ਹੁੰਦਾ ਹੈ ਤਾਂ ਪੀੜਤ ਕਿਸਾਨਾਂ ਦਾ ਜੀਣਾਂ ਮੁਸ਼ਕਲ ਹੋ ਜਾਵੇਗਾ ।ਪੀੜਤ ਪਰਿਵਾਰਾਂ ਦੇ ਪਰਿਵਾਰਕ ਮੈਂਬਰ ਵੀ ਸਹਿਮ ਦੇ ਮਾਹੌਲ ਵਿਚ ਹਨ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਬੇਹੱਦ ਤਾਂਘ ਵਿੱਚ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਦੇ ਸਾਰੇ ਯਾਤਰੀਆਂ ਦੀ ਘਰ ਵਾਪਸੀ ਲਈ ਮਹਾਂਰਾਸ਼ਟਰ ਸਰਕਾਰ ਅਤੇ ਕੇਂਦਰੀ ਸਰਕਾਰ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ।ਵਾਪਸੀ ਉਪਰੰਤ ਯਾਤਰੀਆਂ ਦੇ ਮੁੱਢਲੇ ਚੈਕਅਪ ਕਰਕੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਵਿਚ ਭੇਜਿਆ ਜਾਵੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਪ੍ਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਰੇਲਵੇ ਮੰਤਰਾਲੇ ਨੂੰ ਤਿੰਨ ਹਫ਼ਤਿਆਂ ਤੋਂ ਤਖ਼ਤ ਹਜ਼ੂਰ ਸਾਹਿਬ, ਨਾਂਦੇੜ ਅਤੇ ਤਖ਼ਤ ਪਟਨਾ ਸਾਹਿਬ, ਪਟਨਾ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਣ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਬੰਧ ਕਰਨ ਲਈ ਆਖਣ।ਪ੍ਧਾਨ ਮੰਤਰੀ ਨੂੰ ਲਿਖੀ ਇੱਕ ਚਿੱਠੀ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਹਜ਼ੂਰ ਸਾਹਿਬ ਵਿਖੇ ਤਕਰੀਬਨ ਤਿੰਨ ਹਜ਼ਾਰ ਸ਼ਰਧਾਲੂ ਅਤੇ ਪਟਨਾ ਸਾਹਿਬ ਵਿਖੇ ਕਰੀਬ 2 ਹਜ਼ਾਰ ਸ਼ਰਧਾਲੂ ਫਸੇ ਹੋਏ ਹਨ। ਉਹਨਾਂ ਕਿਹਾ ਕਿ ਤਾਲਾਬੰਦੀ ਵਿਚ ਵਾਧਾ ਹੋਣ ਕਰਕੇ ਇਹਨਾਂ ਸ਼ਰਧਾਲੂਆਂ, ਜਿਹਨਾਂ ਵਿਚ ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਹਨ, ਨੂੰ ਭਾਰੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਦੋਵੇਂ ਸਥਾਨਾਂ ਉੱਤੇ ਉਹ ਗੁਰਦੁਆਰਾ ਸਾਹਿਬ ਅੰਦਰ ਬੰਦ ਹੋ ਕੇ ਰਹਿ ਗਏ ਹਨ ਭਾਂਵੇ ਗੁਰਦੁਆਰਾ ਪ੍ਬੰਧਕਾਂ ਵੱਲੋਂ ਓਹਨਾ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਇਨ੍ਹਾਂ ਸ਼ਰਧਾਲੂਆਂ ਨੂੰ ਉਥੋਂ ਨਿਕਾਲਣ ਦਾ ਪ੍ਰਬੰਧ ਕਰੇ। ਐੱਸਜੀਪੀਸੀ ਆਈਸੋਲੇਸ਼ਨ ਵਾਰਡ ਸਥਾਪਤ ਕਰਨ ਲਈ ਸਿਹਤ ਵਿਭਾਗ ਨੂੰ ਆਪਣੀ ਸਰ੍ਹਾਂ ਦੇਣ ਲਈ ਵੀ ਤਿਆਰ ਹੈ। ਕੇਂਦਰ ਵਲੋਂ 24 ਮਾਰਚ ਦੀ ਰਾਤ ਤੋਂ ਸਾਰੇ ਘਰੇਲੂ ਉਡਾਨਾਂ ਉਤੇ ਪਾਬੰਦੀ ਲਗਾਉਣ ਤੋਂ ਬਾਅਦ ਇਨ੍ਹਾਂ ਸ਼ਰਧਾਲੂਆਂ ਲਈ ਹੋਰ ਸਮੱਸਿਆਵਾਂ ਖੜੀਆਂ ਹੋ ਗਈਆਂ ਸਨ। ਇਸੇ ਤਰਾਂ ਅਕਾਲ ਤਖਤ ਦੇ ਜੱਥੇਦਾਰ ਨੇ ਵੀ ਸ਼ਰੋਮਣੀ ਕਮੇਟੀ ਨੂੰ ਪੰਜਾਬ ਸਰਕਾਰ ਨੂੰ ਕੁਝ ਕਰਨ ਲਈ ਕਿਹਾ ਹੈ। ਪਰ ਸਾਨੂੰ ਇਹ ਸਮਝ ਨਹੀਂ ਆਈ ਕਿ ਸ਼ਰੋਮਣੀ ਕਮੇਟੀ ਪਹਿਲਾਂ ਪੰਜਾਬ ਸਰਕਾਰ ਨੂੰ ਕਹਿਕੇ ਪੱਲਾ ਝਾੜਨ ਦੀ ਬਜਾਏ ਸਿੱਧਾ ਕੇਂਦਰ ਸਰਕਾਰ ਦੇ ਮੰਤਰਾਲੇ ਨਾਲ ਸੰਪਰਕ ਕਿਉਂ ਨਹੀਂ ਕਰਦੀ । ਇਹ ਵੀ ਤਾਂ ਕੀਤਾ ਜਾ ਸਕਦਾ ਹੈ ਸ਼ਰੋਮਣੀ ਕਮੇਟੀ ਕੇਂਦਰ ਸਰਕਾਰ ਨੂੰ ਕਹੇ ਉਹ ਜਿੰਨੀਆਂ ਵੀ ਚਾਹੀਦੀਆਂ ਹੋਣ ਬੱਸਾਂ ਭੇਜਣ ਲਈ ਤਿਆਰ ਹੈ। ਨਾਲ ਹੀ ਡਾਕਟਰ ਅਤੇ ਸਿਹਤ ਕਾਮਿਆਂ ਦਾ ਵੀ ਪ੍ਰਬੰਧ ਵੀ ਕੀਤਾ ਜਾ ਸਕਦਾ ਹੈ ਜੋ ਯਾਤਰੀਆਂ ਨੂੰ ਟੈਸਟ ਕਰਕੇ ਬੱਸਾਂ ਵਿੱਚ ਚੜਾਉਣ ਅਤੇ ਬੱਸਾਂ ਵਿੱਚ ਵੀ ਸਮਾਜਿਕ ਦੂਰੀ ਦਾ ਪੂਰਾ ਖਿਆਲ ਰੱਖਿਆ ਜਾਵੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਨੂੰ ਵੀ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖਣ ਦੀ ਬਜਾਏ ਸੰਬੰਧਿਤ ਮੰਤਰਾਲੇ ਨਾਲ ਗੱਲ ਕਰਨੀ ਚਾਹੀਦੀ ਹੈ। ਸਵਾਲ ਇਹ ਹੈ ਕਿ ਹਰ ਕੋਈ ਬਿਆਨ ਦੇ ਕੇ ਪੱਲਾ ਝਾੜ ਕੇ ਪਾਸੇ ਹੋ ਜਾਂਦਾ ਹੈ ਪਰ ਅਮਲੀ ਤੌਰ ਤੇ ਕੁਝ ਨਹੀਂ ਕਰਦਾ। ਅਸੀਂ ਸਮਝਦੇ ਹਾ ਕਿ ਇਹ ਲੋਕ ਧਾਰਮਿਕ ਯਾਤਰੀ ਹਨ ਅਤੇ ਇਸ ਮਾਮਲੇ ਵਿੱਚ ਸਰਕਾਰ ਤੋਂ ਜ਼ਿਆਦਾ ਸ਼ਰੋਮਣੀ ਕਮੇਟੀ ਦੀ ਜ਼ੁੰਮੇਵਾਰੀ ਬਣਦੀ ਹੈ ਤੇ ਉਸਨੂੰ ਪੰਜਾਬ ਸਰਕਾਰ ਨੂੰ ਕਹਿਣ ਦੀ ਬਜਾਏ ਖ਼ੁਦ ਕੇਂਦਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ। ਹਰ ਵਾਰ ਭਾਂਡਾ ਦੂਸਰਿਆਂ ਤੇ ਨਹੀਂ ਭੰਨਣਾ ਚਾਹੀਦਾ।
✍️ਅਮਰਜੀਤ ਸਿੰਘ ਗਰੇਵਾਲ