ਕਪੂਰਥਲਾ , ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-
ਸਿਵਲ ਹਸਪਤਾਲ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਵਿਚ ਪਿਛਲੇ 14 ਦਿਨਾਂ ਤੋਂ ਰਹਿ ਰਹੇ ਅਫ਼ਜਲ ਸ਼ੇਖ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਅਫ਼ਜਲ ਦਾ 24 ਘੰਟੇ ਬਾਅਦ ਵਾਲਾ ਇਕ ਸੈਂਪਲ ਅੱਜ ਫਿਰ ਭੇਜਿਆ ਗਿਆ ਹੈ। ਉਨਾਂ ਇਹ ਵੀ ਦੱਸਿਆ ਕਿ ਐਲ. ਪੀ. ਯੂ ਦੀ ਵਿਦਿਆਰਥਣ ਨੀਤੂ ਦੀ ਹਾਲਤ ਵੀ ਸਥਿਰ ਹੈ। ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਦੋਹਾਂ ਮਰੀਜ਼ਾਂ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਨਾਲ ਹੀ ਉਨਾਂ ਆਈਸੋਲੇਸ਼ਨ ਵਾਰਡ ਦੀ ਰੈਪਿਡ ਰਿਸਪਾਂਸ ਟੀਮ ਦੀ ਵੀ ਸ਼ਲਾਘਾ ਕੀਤੀ। ਉਨਾਂ ਦੱਸਿਆ ਕਿ ਐਲ. ਪੀ. ਯੂ ਦੇ 3 ਹਜ਼ਾਰ ਦੇ ਕਰੀਬ ਵਿਦਿਆਰਥੀਆਂ, ਟੀਚਿੰਗ ਸਟਾਫ ਤੇ ਹੋਰ ਕਰਮਚਾਰੀਆਂ ਦੀ ਸਕਰੀਨਿੰਗ ਹੋ ਚੁੱਕੀ ਹੈ, ਜਿਨਾਂ ਵਿਚੋਂ 157 ਸੈਂਪਲ ਲਏ ਗਏ ਹਨ ਅਤੇ 38 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਅਤੇ ਬਾਕੀ ਰਿਪੋਰਟਾਂ ਦਾ ਇੰਤਜਾਰ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਯੂਨੀਵਰਸਿਟੀ ਤੋਂ ਬਾਹਰ ਰਹਿ ਰਹੇ ਹਨ, ਉਨਾਂ ਦੀ ਸਕਰੀਨਿੰਗ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਜਲਦ ਹੀ ਸਾਰਿਆਂ ਦੀ ਸਕਰੀਨਿੰਗ ਹੋ ਜਾਵੇਗੀ। ਸਿਵਲ ਸਰਜਨ ਨੇ ਦੱਸਿਆ ਕਿ ਸਕਰੀਨਿੰਗ ਦੌਰਾਨ ਇਕ ਸ਼ੱਕੀ ਮਰੀਜ਼ ਦਾ ਸੈਂਪਲ ਲਿਆ ਗਿਆ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਦੀ ਸਿਹਤ ਲਈ ਫਿਰਮੰਦ ਹੈ ਅਤੇ ਉਨਾਂ ਨੂੰ ਇਸ ਵਾਇਰਸ ਦੀ ਚਪੇਟ ਤੋਂ ਬਚਾਉਣ ਲਈ ਵਚਨਬੱਧ ਹੈ, ਬਸ਼ਰਤੇ ਸਾਰੇ ਲੋਕ ਸਿਹਤ ਵਿਭਾਗ ਦਾ ਸਹਿਯੋਗ ਕਰਨ। ਉਨਾਂ ਲੋਕਾਂ ਨੂੰ ਇਕ ਵਾਰ ਫਿਰ ਤਾਕੀਦ ਕੀਤੀ ਹੈ ਕਿ ਉਹ ਘਰਾਂ ਵਿਚ ਹੀ ਰਹਿਣ ਅਤੇ ਬੇਵਜਾ ਬਾਹਰ ਨਾ ਨਿਕਲਣ, ਵਾਰ-ਵਾਰ ਹੱਥ ਧੋਣ, ਮਾਸਕ ਪਾ ਕੇ ਰੱਖਣ ਅਤੇ ਸਮੇਂ-ਸਮੈਂ ’ਤੇ ਸਿਹਤ ਵਿਭਾਗ ਵੱਲੋਂ ਜਾਰੀ ਗਾਈਡ ਲਾਈਨਜ਼ ਦਾ ਪਾਲਦ ਕਰਨ। ਉਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਉਹ ਜ਼ਿਲੇ ਨੂੰ ਕੋਰੋਨਾ ਤੋਂ ਬਚਾਉਣ ਵਿਚ ਜ਼ਰੂਰ ਸਫ਼ਲ ਹੋਣਗੇ।
ਆਈਸੋਲੇਸ਼ਨ ਵਾਰਡ ਵਿਚ ਰਹਿ ਰਹੇ ਮਰੀਜ਼ਾਂ ਦੀ ਦੇਖ-ਰੇਖ ਕਰ ਰਹੀ ਰੈਪਿਡ ਰਿਸਪਾਂਸ ਟੀਮ ਦਾ ਕੰਮ ਸ਼ਲਾਘਾਯੋਗ ਹੈ। ਜ਼ਿਕਰਯੋਗ ਹੈ ਕਿ ਜ਼ਿਲੇ ਦੀ ਰੈਪਿਡ ਰਿਸਪਾਂਸ ਟੀਮ ਵਿਚ ਸਿਵਲ ਹਸਪਤਾਲ ਦੇ ਮੈਡੀਕਲ ਸਪੈਸ਼ਲਿਸਟ ਡਾ. ਰਵਜੀਤ ਸਿੰਘ, ਡਾ. ਮੋਹਨਪ੍ਰੀਤ ਸਿੰਘ, ਆਰ. ਐਮ. ਓਜ਼, ਕਮਿੳੂਨਿਟੀ ਹੈਲਥ ਅਫ਼ਸਰਾਂ ਵੱਲੋਂ ਮਰੀਜ਼ਾਂ ਦੀ ਸਿਹਤ ’ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਰੈਪਿਡ ਰਿਸਪਾਂਸ ਟੀਮ ਇਸ ਵਾਇਰਸ ਖਿਲਾਫ਼ ਪੂਰੀ ਤਰਾਂ ਡਟੀ ਹੋਈ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਆਈਸੋਲੇਸ਼ਨ ਵਾਰਡ ਵਿਚ ਰਹ ਰਹੇ ਮਰੀਜ਼ਾਂ ਦੀ ਜ਼ਰੂਰਤ ਦਾ ਹਰ ਖਿਆਲ ਰੱਖਿਆ ਜਾਂਦਾ ਹੈ। ਮਰੀਜ਼ਾਂ ਦੇ ਮਨੋਬਲ ਨੂੰ ਉੱਚਾ ਰੱਖਣ ਲਈ ਕਾੳੂਂਸਿਗ ਵੀ ਕਰਵਾਈ ਜਾ ਰਹੀ ਹੈ। ਨਾਲ ਹੀ ਟੀ. ਵੀ, ਮੋਬਾਇਲ, ਕਿਤਾਬਾਂ ਆਦਿ ਦੀ ਸਹੂਲਤ ਵੀ ਦਿੱਤੀ ਗਈ ਹੈ। ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਤੇ ਡਾ. ਨਵਪ੍ਰੀਤ ਕੌਰ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੋਰੋਨਾ ਦੀ ਜੰਗ ਦੇ ਖਿਲਾਫ਼ ਡਟੇ ਸਿਹਤ ਵਿਭਾਗ ਦਾ ਸਹਿਯੋਗ ਘਰਾਂ ਵਿਚ ਰਹਿ ਕੇ ਕਰਨ, ਤਾਂ ਕਿ ਇਸ ਨੂੰ ਵਧਣਤੋਂ ਰੋਕਿਆ ਜਾ ਸਕੇ।
ਫੋਟੋ : -ਆਈਸੋਲੇਸ਼ਨ ਵਾਰਡ ਵਿਚ ਤਾਇਨਾਤ ਰੈਪਿਡ ਰਿਸਪਾਂਸ ਟੀਮ।