ਪੰਜਾਬ ਸਰਕਾਰ ਤੇ ਸ਼ੋ੍ਰਮਣੀ ਕਮੇਟੀ ਵਲੋਂ ਮੁੁੱਖ ਸਮਾਗਮ ਇਕ ਹੀ ਮੰਚ 'ਤੇ ਕਰਵਾਉਣ ਦੀ ਆਸ
ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਸ਼ੋ੍ਰਮਣੀ ਕਮੇਟੀ ਤੇ ਪੰਜਾਬ ਸਰਕਾਰ ਨੂੰ ਇਕ ਹੀ ਮੰਚ 'ਤੇ ਸਾਂਝੇ ਤੌਰ 'ਤੇ ਮਨਾਉਣ ਦੇ ਦਿੱਤੇ ਆਦੇਸ਼ ਤੋਂ ਬਾਅਦ
ਅੰਮਿ੍ਤਸਰ, ਸਤੰਬਰ 2019-(ਇਕਬਾਲ ਸਿੰਘ ਰਸੂਲਪੁਰ)-
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਸ਼ੋ੍ਰਮਣੀ ਕਮੇਟੀ ਤੇ ਪੰਜਾਬ ਸਰਕਾਰ ਨੂੰ ਇਕ ਹੀ ਮੰਚ 'ਤੇ ਸਾਂਝੇ ਤੌਰ 'ਤੇ ਮਨਾਉਣ ਦੇ ਦਿੱਤੇ ਆਦੇਸ਼ ਤੋਂ ਬਾਅਦ ਸ਼ੋ੍ਰਮਣੀ ਕਮੇਟੀ ਪ੍ਰਧਾਨ ਵਲੋਂ ਬਣਾਈ ਪੰਜ ਮੈਂਬਰੀ ਤਾਲਮੇਲ ਕਮੇਟੀ ਦੀ ਅੱਜ ਇਥੇ ਹੋਈ ਇਕੱਤਰਤਾ 'ਚ ਪਹਿਲੀ ਵਾਰ ਪੰਜਾਬ ਸਰਕਾਰ ਦੀ ਤਰਫ਼ੋਂ 2 ਨੁਮਾਇੰਦਿਆਂ ਦੇ ਸ਼ਾਮਿਲ ਹੋਣ ਨਾਲ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲਾ ਮੁੱਖ ਸਮਾਗਮ ਇਕ ਹੀ ਮੰਚ 'ਤੇ ਮਨਾਏ ਜਾਣ ਬਾਰੇ ਦੋਵੇਂ ਧਿਰਾਂ 'ਚ ਲਗਪਗ ਸਹਿਮਤੀ ਹੋ ਗਈ ਹੈ | ਭਾਵੇਂ ਕਿ ਇਸ ਸਬੰਧੀ ਅਜੇ ਦੋਵਾਂ ਧਿਰਾਂ ਵਲੋਂ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ, ਪਰ ਆਉਂਦੇ ਇਕ ਦੋ ਦਿਨਾਂ ਤੱਕ ਇਸ ਬਾਰੇ ਮੁੱਖ ਮੰਤਰੀ ਤੇ ਸ਼ੋ੍ਰਮਣੀ ਕਮੇਟੀ ਵਲੋਂ ਬਕਾਇਦਾ ਐਲਾਨ ਕਰ ਦਿੱਤੇ ਜਾਣ ਦੀ ਆਸ ਹੈ | ਸ਼ੋ੍ਰਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਹੋਈ ਇਸ ਇਕੱਤਰਤਾ 'ਚ ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਤੋਂ ਇਲਾਵਾ ਤਾਲਮੇਲ ਕਮੇਟੀ ਦੇ ਮੈਂਬਰ ਜਥੇਦਾਰ ਤੋਤਾ ਸਿੰਘ, ਬੀਬੀ ਜਗੀਰ ਕੌਰ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਵਲੋਂ ਬਾਬਾ ਨੌਰੰਗ ਸਿੰਘ ਸ਼ਾਮਿਲ ਹੋਏ ਜਦਕਿ ਪੰਜਾਬ ਸਰਕਾਰ ਵਲੋਂ ਅੱਜ ਪਹਿਲੀ ਵਾਰ ਆਪਣੇ 2 ਪ੍ਰਤੀਨਿਧ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਅੰਮਿ੍ਤਸਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੂੰ ਭੇਜਿਆ ਗਿਆ | ਕਰੀਬ ਇਕ ਘੰਟਾ ਚੱਲੀ ਇਸ ਇਕੱਤਰਤਾ ਉਪਰੰਤ ਭਾਈ ਲੌਾਗੋਵਾਲ ਨੇ ਕਿਹਾ ਕਿ ਅੱਜ ਤਾਲਮੇਲ ਕਮੇਟੀ ਦੀ ਇਕੱਤਰਤਾ ਬੜੇ ਸਦਭਾਵਨਾ ਵਾਲੇ ਮਾਹੌਲ 'ਚ ਹੋਈ ਹੈ ਤੇ ਹੋਣ ਵਾਲੇ ਸ਼ਤਾਬਦੀ ਸਮਾਗਮਾਂ ਬਾਰੇ ਖੁੱਲ ਕੇ ਵਿਚਾਰਾਂ ਹੋਈਆਂ ਹਨ | ਉਨ੍ਹਾਂ ਦੱਸਿਆ ਕਿ ਬੈਠਕ ਦੌਰਾਨ ਹਰ ਮੈਂਬਰ ਦਾ ਹੁੰਗਾਰਾ ਹਾਂ-ਪੱਖੀ ਰਿਹਾ ਹੈ ਤੇ ਦੋਹਾਂ ਧਿਰਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਹੈ ਕਿ ਸਮਾਗਮ ਸਾਂਝੇ ਤੌਰ 'ਤੇ ਮਨਾਏ ਜਾਣੇ ਚਾਹੀਦੇ ਹਨ | ਉਨ੍ਹਾਂ ਤਾਲਮੇਲ ਕਮੇਟੀ ਦੀ ਇਕੱਤਰਤਾ 'ਚ ਆਪਣੇ ਨੁਮਾਇੰਦੇ ਭੇਜਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੀ ਤਰਫ਼ੋਂ ਆਏ ਦੋ ਨੁਮਾਇੰਦਿਆਂ ਵਲੋਂ ਮੁੱਖ ਮੰਤਰੀ ਨਾਲ ਗੱਲਬਾਤ ਉਪਰੰਤ ਆਉਂਦੇ ਦਿਨਾਂ 'ਚ ਤਾਲਮੇਲ ਕਮੇਟੀ ਦੀ ਇਕ ਹੋਰ ਇਕੱਤਰਤਾ ਬੁਲਾਈ ਜਾਵੇਗੀ ਤੇ ਪ੍ਰੋਗਰਾਮ ਤੈਅ ਕਰ ਲਿਆ ਜਾਵੇਗਾ |
ਕੋਸ਼ਿਸ਼ ਕਰਾਂਗੇ ਕਿ ਇਕ ਸਟੇਜ ਲੱਗੇ-ਸੁਖਜਿੰਦਰ ਸਿੰਘ ਰੰਧਾਵਾ
ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਦੀ ਇਕੱਤਰਤਾ 'ਚ ਪੰਜਾਬ ਸਰਕਾਰ ਤੇ ਸ਼ੋ੍ਰਮਣੀ ਕਮੇਟੀ ਵਲੋਂ ਸਮਾਗਮਾਂ ਸਬੰਧੀ ਜੋ ਵੀ ਤਿਆਰੀ ਕੀਤੀ ਜਾ ਰਹੀ ਹੈ, ਉਸ ਸਬੰਧੀ ਵਿਚਾਰਾਂ ਹੋਈਆਂ ਹਨ ਤੇ ਕੋਸ਼ਿਸ ਕਰਾਂਗੇ ਕਿ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਇਕ ਸਟੇਜ ਹੀ ਲੱਗੇ | ਉਨ੍ਹਾਂ ਕਿਹਾ ਕਿ ਅੱਜ ਦੀ ਇਕਤਰਤਾ ਬਾਰੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਿਪੋਰਟ ਦੇਣਗੇ ਤੇ ਕੁਝ ਦਿਨਾਂ ਬਾਅਦ ਇਕ ਹੋਰ ਇਕੱਤਰਤਾ ਰੱਖੀ ਜਾਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਮਾਗਮਾਂ ਮੌਕੇ ਕੋਈ ਰਾਜਨੀਤਿਕ ਗੱਲ ਨਹੀਂ ਕੀਤੀ ਜਾਵੇਗੀ ਤੇ ਕੇਵਲ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਬਾਰੇ ਹੀ ਗੱਲ ਹੋਵੇਗੀ |
ਮੁੱਖ ਮੰਤਰੀ ਨਾਲ ਵੀ ਕੀਤੀ ਗੱਲ
ਪ੍ਰਾਪਤ ਵੇਰਵਿਆਂ ਅਨੁਸਾਰ ਕੈਬਨਿਟ ਮੰਤਰੀ ਰੰਧਾਵਾ ਵਲੋਂ ਅੱਜ ਤਾਲਮੇਲ ਕਮੇਟੀ ਦੀ ਇਕੱਤਰਤਾ ਦੌਰਾਨ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੋਬਾਈਲ 'ਤੇ ਗੱਲ ਕੀਤੀ ਗਈ ਤੇ ਉਨ੍ਹਾਂ ਨੂੰ ਇੱਕਤਰਤਾ ਦੌਰਾਨ ਸ਼ਤਾਬਦੀ ਸਮਾਗਮਾਂ ਬਾਰੇ ਕੀਤੀ ਵਿਚਾਰ ਚਰਚਾ ਤੋਂ ਵੀ ਜਾਣੂੰ ਕਰਵਾਇਆ |
ਸਾਂਝੀ ਸਟੇਜ ਦਾ ਮੁੱਦਾ ਉਠਿਆ
ਜਾਣਕਾਰ ਸੂਤਰਾਂ ਅਨੁਸਾਰ ਅੱਜ ਦੀ ਇਕੱਤਰਤਾ ਦੌਰਾਨ ਇਸ ਸੁਝਾਅ 'ਤੇ ਵੀ ਵਿਚਾਰ ਕੀਤਾ ਗਿਆ ਕਿ ਸ਼ਤਾਬਦੀ ਸਮਾਗਮਾਂ ਮੌਕੇ ਹੋਣ ਵਾਲੇ ਮੁੱਖ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼ੋੋ੍ਰਮਣੀ ਕਮੇਟੀ ਪ੍ਰਧਾਨ ਭਾਈ ਲੌਗੋਵਾਲ ਤੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਜੇਕਰ ਆਉਣ ਤਾਂ ਉਨ੍ਹਾਂ ਨੂੰ ਹੀ ਸਟੇਜ ਤੋਂ ਬੋਲਣ ਦਾ ਮੌਕਾ ਦਿੱਤਾ ਜਾਵੇ | ਇਹ ਵੀ ਪਤਾ ਲੱਗਾ ਹੈ ਕਿ ਸ਼ੋੋ੍ਰਮਣੀ ਕਮੇਟੀ ਨੇ ਸਰਕਾਰ ਦੇ ਨੁਮਾਇੰਦਿਆਂ ਨੂੰ ਇਹ ਵੀ ਭਰੋਸਾ ਦਿੱਤਾ ਹੈ ਕਿ ਸਮਾਗਮਾਂ ਦੌਰਾਨ ਸਟੇਜ ਤੋਂ ਇਕ ਵੀ ਰਾਜਨੀਤਕ ਗੱਲ ਨਹੀਂ ਕੀਤੀ ਜਾਵੇਗੀ |
ਸਟੇਜ ਸਕੱਤਰ ਕਿਸੇ ਸਿੱਖ ਬੁੱਧੀਜੀਵੀ ਨੂੰ ਬਣਾਉਣ 'ਤੇ ਵਿਚਾਰ
ਜਾਣਕਾਰੀ ਅਨੁਸਾਰ ਸਰਕਾਰ ਵਲੋਂ ਮੁੱਖ ਸਮਾਗਮ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕਿਸੇ ਇਕ ਧਿਰ ਦੇ ਵਿਦਵਾਨ ਦੀ ਥਾਂ ਕਿਸੇ ਉਘੇ ਤੇ ਦੋਵਾਂ ਧਿਰਾਂ ਦੇ ਸਾਂਝੇ ਸਮਝੇ ਜਾਂਦੇ ਸਿੱਖ ਬੁੱਧੀਜੀਵੀ ਨੂੰ ਦਿੱਤੇ ਜਾਣ ਦੀ ਤਜ਼ਵੀਜ਼ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਸਮਾਗਮ ਸਮੇਂ ਕਿਸੇ ਨੂੰ ਮਾਣ ਸਤਿਕਾਰ ਵਧ ਘੱਟ ਦਿੱਤੇ ਜਾਣ ਦੀ ਕੋਈ ਸੰਭਾਵਨਾ ਨਾ ਰਹੇ | ਇਕੱਤਰਤਾ 'ਚ ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ ਵੀ ਸ਼ਾਮਿਲ ਹੋਏ ਤੇ ਇਕੱਤਰਤਾ ਉਪਰੰਤ ਸੁਖਜਿੰਦਰ ਸਿੰਘ ਰੰਧਾਵਾ ਤੇ ਭਗਵੰਤਪਾਲ ਸਿੰਘ ਸੱਚਰ ਨੂੰ ਸਿਰੋਪਾਓ ਦੀ ਥਾਂ ਪ੍ਰਧਾਨ ਵਲੋਂ ਧਾਰਮਿਕ ਪੁਸਤਕਾਂ ਦਾ ਸੈਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ |